ਨਕਸਲਵਾਦੀ ਹਮਲਿਆਂ ਦੇ ਮੱਦੇਨਜ਼ਰ ਹੁਣ ਜਾਗੀ ਭਾਰਤ ਸਰਕਾਰ

05/10/2017 6:52:24 AM

ਸਾਡੀ ਅੰਦਰੂਨੀ ਸੁਰੱਖਿਆ ਲਈ ਨਕਸਲਵਾਦ ਅੱਜ ਅੱਤਵਾਦ ਨਾਲੋਂ ਵੀ ਵੱਡਾ ਖਤਰਾ ਬਣ ਚੁੱਕਾ ਹੈ, ਜਿਸ ਕਾਰਨ 20 ਸਾਲਾਂ ''ਚ ਦੇਸ਼ ਵਿਚ 12,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਇਸ ''ਤੇ ਕਾਬੂ ਪਾਉਣ ''ਚ ਸਾਡੀਆਂ ਸਰਕਾਰਾਂ ਅਸਫਲ ਰਹੀਆਂ ਹਨ।
ਬੀਤੀ 24 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਸੁਕਮਾ ''ਚ ਹੋਏ ਭਿਆਨਕ ਨਕਸਲੀ ਹਮਲੇ ''ਚ 25 ਜਵਾਨਾਂ ਦੀ ਸ਼ਹਾਦਤ ਮਗਰੋਂ ਆਖਿਰ ਹੁਣ ਨਾ ਸਿਰਫ ਸਰਕਾਰ ਨੇ ਆਪਣੀ ਨਕਸਲ ਵਿਰੋਧੀ ਨੀਤੀ ''ਚ ਤਬਦੀਲੀ ਦਾ ਫੈਸਲਾ ਕੀਤਾ ਹੈ ਸਗੋਂ ਸੀ. ਆਰ. ਪੀ. ਐੱਫ. ਦੀ ''ਸਟ੍ਰੈਟੇਜਿਕ ਕਮਾਂਡ'' ਨੂੰ ਕੋਲਕਾਤਾ ਤੋਂ ਛੱਤੀਸਗੜ੍ਹ ਤਬਦੀਲ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਨਕਸਲਵਾਦ ਨਾਲ ਨਜਿੱਠਣ ਦੇ ਤਰੀਕੇ ਲੱਭਣ ਲਈ ਨਵੀਂ ਦਿੱਲੀ ''ਚ 8 ਮਈ ਨੂੰ ਨਕਸਲਵਾਦ ਪ੍ਰਭਾਵਿਤ 10  ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਸੱਦੀ ਗਈ, ਜਿਸ ''ਚ ਬੋਲਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਾਇਦ ਪਹਿਲੀ ਵਾਰ ਇਸ ਸਮੱਸਿਆ ਦੇ ਹੱਲ ਲਈ ''ਹਮਲਾਵਰ ਦ੍ਰਿਸ਼ਟੀਕੋਣ'' ਅਪਣਾਉਣ ''ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ''ਇਕ ਮਕਸਦ ਲਈ ਇਕਜੁੱਟਤਾ'' (ਯੂਨਿਟੀ ਆਫ ਪਰਪਜ਼) ਅਤੇ ''ਹਮਲਾਵਰ ਨੀਤੀ'' ਹੀ ਅਜਿਹੇ ਦੋ ਮੰਤਰ ਹਨ, ਜਿਨ੍ਹਾਂ ਨੂੰ ਅਪਣਾ ਕੇ ਦੇਸ਼ ''ਚ ਪੱਸਰੇ ਖੱਬੇਪੱਖੀ ਅੱਤਵਾਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, ''''ਸਿਰਫ ਗੋਲੀਆਂ ਨਾਲ ਹੀ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ, ਇਸ ਲਈ  ਸਾਨੂੰ ਆਪਣੀ ਨੀਤੀ, ਵਿਚਾਰਧਾਰਾ, ਰਣਨੀਤੀ, ਫੌਜਾਂ ਦੀ ਤਾਇਨਾਤੀ, ਕਾਰਵਾਈ ਅਤੇ ਨਕਸਲਵਾਦ ਪ੍ਰਭਾਵਿਤ ਇਲਾਕਿਆਂ ''ਚ ਸੜਕਾਂ ਦੀ ਉਸਾਰੀ ਸਣੇ ਵਿਕਾਸ ਦੀ ਰਫਤਾਰ ਵਧਾਉਣ ਲਈ ਹਮਲਾਵਰ ਨੀਤੀ ਅਪਣਾਉਣੀ ਪਵੇਗੀ।''''
ਇਸ ਲਈ ਉਨ੍ਹਾਂ ਨੇ ਸਮੱਸਿਆ ਨੂੰ ਹੱਲ ਕਰਨ ਲਈ 8 ਸੂਤਰੀ ਫਾਰਮੂਲਾ ਪੇਸ਼ ਕਰਦਿਆਂ ਕਿਹਾ, ''''ਸਮਾਰਟ ਲੀਡਰਸ਼ਿਪ, ਅਗ੍ਰੈਸਿਵ ਸਟ੍ਰੈਟੇਜੀ, ਮੋਟੀਵੇਸ਼ਨ ਐਂਡ ਟ੍ਰੇਨਿੰਗ, ਐਕਸ਼ਨੇਬਲ ਇੰਟੈਲੀਜੈਂਸ, ਡੈਸ਼ਬੋਰਡ ਬੇਸਡ ਪਰਫਾਰਮੈਂਸ ਇੰਡੀਕੇਟਰਜ਼, ਹਾਰਨੈਸਿੰਗ ਟੈਕਨਾਲੋਜੀ, ਐਕਸ਼ਨ ਪਲਾਨ ਐਂਡ ਨੋ ਐਕਸੈੱਸ ਟੂ ਫਾਈਨੈਂਸਿੰਗ ਨਾਲ ਹੀ ਇਸ ਸਮੱਸਿਆ ਦਾ ਹੱਲ ਹੋ ਸਕੇਗਾ।''''
ਕਿਉਂਕਿ ਪੈਸਾ ਕਿਸੇ ਵੀ ਜੰਗ ''ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਤੋਂ ਬਗੈਰ ਕੁਝ ਵੀ ਖਰੀਦ ਸਕਣਾ ਸੰਭਵ ਨਹੀਂ ਹੁੰਦਾ, ਇਸ ਲਈ ਖੱਬੇਪੱਖੀ ਅੱਤਵਾਦੀਆਂ ਦੀ ਆਮਦਨ ਦੇ ਸਾਧਨ ਰੋਕਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ। 
ਇਸ ਤੋਂ ਇਲਾਵਾ ਸੁਰੱਖਿਆ ਬਲਾਂ ਦੇ ਹਥਿਆਰਾਂ ਨੂੰ ''ਲੋਕੇਸ਼ਨ ਟ੍ਰੈਕਰ'' ਅਤੇ ''ਬਾਇਓਮੀਟ੍ਰਿਕ'' ਪ੍ਰਣਾਲੀ ਨਾਲ ਲੈਸ ਕੀਤਾ ਜਾਵੇਗਾ ਤਾਂ ਕਿ ਉਹ ਸੁਰੱਖਿਆ ਬਲਾਂ ਕੋਲੋਂ ਲੁੱਟੇ ਹੋਏ ਹਥਿਆਰਾਂ ਦੀ ਵਰਤੋਂ ਨਾ ਕਰ ਸਕਣ। ਉਨ੍ਹਾਂ ਨੇ ਸੁਰੱਖਿਆ ਬਲਾਂ ਦੇ ਮੈਂਬਰਾਂ ਦੇ ਬੂਟਾਂ ਅਤੇ ਬੁਲੇਟ ਪਰੂਫ ਜੈਕੇਟਾਂ ''ਚ ਵੀ ਲੋਕੇਸ਼ਨ ਟ੍ਰੈਕਰ ਲਾਉਣ ਦੀ ਲੋੜ ''ਤੇ ਜ਼ੋਰ ਦਿੱਤਾ। 
ਨਕਸਲੀ ਟਿਕਾਣਿਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਤਬਾਹ ਕਰਨ ਲਈ ਮਨੁੱਖ-ਰਹਿਤ ਜਹਾਜ਼ਾਂ (ਯੂ. ਏ. ਵੀ.) ਦੀ ਸਹੀ ਵਰਤੋਂ ਨਾ ਹੋਣ ''ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਨ੍ਹਾਂ ਵੱਧ ਤੋਂ ਵੱਧ ਮਨੁੱਖ-ਰਹਿਤ ਜਹਾਜ਼ਾਂ ਅਤੇ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ਦੀ ਵਰਤੋਂ ''ਤੇ ਜ਼ੋਰ ਦਿੰਦਿਆਂ ਨਕਸਲੀਆਂ ਵਿਰੁੱਧ ਕਾਰਵਾਈ ''ਚ ਸ਼ਾਮਿਲ ਸੁਰੱਖਿਆ ਬਲਾਂ ਦੀ ਹਰੇਕ ਇਕਾਈ ਨੂੰ ਮਨੁੱਖ-ਰਹਿਤ ਜਹਾਜ਼ਾਂ ਨਾਲ ਲੈਸ ਕਰਨ ਦੀ ਗੱਲ ਵੀ ਕਹੀ। 
ਇਸੇ ਸੰਬੰਧ ''ਚ ਸੁਕਮਾ ਵਿਚ ਛਾਪਾਮਾਰ ਜੰਗ ''ਚ ਮਾਹਿਰ ਕੋਬਰਾ ਬਟਾਲੀਅਨ ਦੇ 2000 ਕਮਾਂਡੋਜ਼ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ ''ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਡਾਗ ਸਕੁਐਡ ਜਲਦ ਹੀ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।
ਇਕ ਪਾਸੇ ਤਾਂ ਕੇਂਦਰ ਸਰਕਾਰ ਨਕਸਲਵਾਦੀਆਂ ਵਿਰੁੱਧ ''ਹਮਲਾਵਰ ਕਾਰਜ ਯੋਜਨਾ'' ''ਤੇ ਵਿਚਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਨਕਸਲਵਾਦੀ ਆਪਣੇ ਸੰਗਠਨ ''ਚ ਬਦਲਦੇ ਹੋਏ ਹਾਲਾਤ ਅਨੁਸਾਰ ਲਗਾਤਾਰ ਤਬਦੀਲੀ ਕਰ ਰਹੇ ਹਨ।
ਇਕ ਸੀਨੀਅਰ ਸੀ. ਆਰ. ਪੀ. ਐੱਫ. ਅਧਿਕਾਰੀ ਅਨੁਸਾਰ, ''''ਜਿੰਨੀ ਅਸੀਂ ਨਕਸਲਵਾਦੀਆਂ ਦੀ ਚਾਲ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਉਸ ਤੋਂ ਜ਼ਿਆਦਾ ਉਹ ਸਾਡੀ ਰਣਨੀਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ।''''
''''2015 ਦੇ ਮਗਰੋਂ ਮਾਓਵਾਦੀਆਂ ਨੇ ਆਪਣੇ ਅਸਲਾਖਾਨੇ ਨੂੰ ਕਾਫੀ ਉੱਨਤ ਕਰ ਲਿਆ ਹੈ ਤੇ ਇਸ ਵਿਚ ਉਨ੍ਹਾਂ ਨੇ ''ਧਮਾਕਾਖੇਜ਼'' ਤੀਰ, ਮੋਰਟਾਰ ਤੇ ਦੇਸੀ ਰਾਕੇਟ ਸ਼ਾਮਲ ਕਰ ਲਏ ਹਨ। ਹਾਲ ਹੀ ''ਚ ਸੁਕਮਾ ਵਿਚ ਕੀਤੇ ਗਏ ਹਮਲੇ ''ਚ ਵੀ ਨਕਸਲੀਆਂ ਨੇ ਕਰੂਡ ਰਾਕੇਟਾਂ, ਮੋਰਟਾਰਾਂ ਅਤੇ ਧਮਾਕਾਖੇਜ਼ ਤੀਰਾਂ ਦੀ ਵਰਤੋਂ ਕੀਤੀ ਸੀ।'''' 
ਉਕਤ ਪ੍ਰਗਟਾਵਿਆਂ ਤੋਂ ਸਪੱਸ਼ਟ ਹੈ ਕਿ ਦੇਸ਼ ਦੇ ਵੱਡੇ ਹਿੱਸੇ ''ਚ ਡੂੰਘੀਆਂ ਜੜ੍ਹਾਂ ਜਮਾ ਚੁੱਕੀ ਨਕਸਲਵਾਦੀ ਸਮੱਸਿਆ ਨੂੰ ਆਸਾਨੀ ਨਾਲ ਖਤਮ ਕਰ ਸਕਣਾ ਸੰਭਵ ਨਹੀਂ ਹੈ। 
ਇਸ ਲਈ ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਫੌਜ ਦੀ ਵਰਤੋਂ ਕਰ ਕੇ ਸਿਰਫ 6 ਮਹੀਨਿਆਂ ''ਚ ਹੀ ਆਪਣੇ ਦੇਸ਼ ''ਚੋਂ ਲਿੱਟੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ, ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਹੁਣ ਫੌਲਾਦੀ ਹੱਥਾਂ ਨਾਲ ਇਸ ਸਮੱਸਿਆ ਨਾਲ ਨਜਿੱਠਣਾ ਚਾਹੀਦਾ ਹੈ। 
ਇਸ ਦਿਸ਼ਾ ''ਚ ਨਕਸਲੀਆਂ ਵਿਰੁੱਧ ਹਮਲਾਵਰ ਨੀਤੀ ਅਪਣਾਉਣਾ ਅਤੇ ਸੁਕਮਾ ''ਚ 2000 ਕੋਬਰਾ ਕਮਾਂਡੋਜ਼ ਤਾਇਨਾਤ ਕਰਨ ਦਾ ਫੈਸਲਾ ਸਹੀ ਹੈ, ਬਸ਼ਰਤੇ ਇਸ ਨੂੰ ਸਹੀ ਅਰਥਾਂ ''ਚ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।
—ਵਿਜੇ ਕੁਮਾਰ


Vijay Kumar Chopra

Chief Editor

Related News