ਮਰਾਠਾ ਰਾਖਵਾਂਕਰਨ ''ਅੰਦੋਲਨ ਮੁਲਤਵੀ'' ਪਰ ''ਅੱਗ ਤਾਂ ਲੱਗ ਹੀ ਗਈ ਹੈ''

Thursday, Jul 26, 2018 - 06:19 AM (IST)

ਮਰਾਠਾ ਰਾਖਵਾਂਕਰਨ ''ਅੰਦੋਲਨ ਮੁਲਤਵੀ'' ਪਰ ''ਅੱਗ ਤਾਂ ਲੱਗ ਹੀ ਗਈ ਹੈ''

ਭਾਰੀ ਹਿੰਸਾ ਦਰਮਿਆਨ ਮਰਾਠਾ ਰਾਖਵਾਂਕਰਨ ਅੰਦੋਲਨ ਮੁਲਤਵੀ ਹੋਣ ਤੇ ਮੁੰਬਈ ਵਿਚ 'ਬੰਦ' ਵਾਪਸ ਲੈਣ ਅਤੇ ਠਾਣੇ ਤੇ ਨਵੀ ਮੁੰਬਈ ਵਿਚ 'ਬੰਦ' ਜਾਰੀ ਰੱਖਣ ਦੀਆਂ ਆਪਾ-ਵਿਰੋਧੀ ਖਬਰਾਂ ਦਰਮਿਆਨ ਜ਼ਿਕਰਯੋਗ ਹੈ ਕਿ ਪ੍ਰਭਾਵਸ਼ਾਲੀ ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦਾ ਮਾਮਲਾ ਬੇਹੱਦ ਅਹਿਮ ਹੈ। ਸੂਬੇ ਦੀ ਆਬਾਦੀ 'ਚ ਲਗਭਗ 30 ਫੀਸਦੀ ਮਰਾਠਾ ਹਨ, ਜੋ 'ਹੋਰ ਪਛੜਾ ਵਰਗ' (ਓ. ਬੀ. ਸੀ.) ਦੇ ਤਹਿਤ ਮਰਾਠਾ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਤੇ ਸਿੱਖਿਆ 'ਚ 16 ਫੀਸਦੀ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ।  ਪਿਛਲੇ ਸਾਲ ਮੁੰਬਈ ਵਿਚ 'ਮਰਾਠਾ ਕ੍ਰਾਂਤੀ ਮੋਰਚਾ' ਨੇ ਇਕ ਵੱਡੀ ਰੈਲੀ ਕੱਢੀ ਤੇ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਪੂਰੇ ਸੂਬੇ 'ਚ ਲਗਭਗ 55 ਖਾਮੋਸ਼ ਰੈਲੀਆਂ ਕੱਢ ਕੇ ਰਾਖਵੇਂਕਰਨ ਦੇ ਪੱਖ 'ਚ ਆਵਾਜ਼ ਉਠਾਈ ਸੀ। ਇਹ ਅੰਦੋਲਨ ਉਦੋਂ ਮੁੰਬਈ ਵੀ ਪਹੁੰਚਿਆ ਸੀ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਭਾਈਚਾਰੇ ਨੂੰ ਰਾਖਵੇਂਕਰਨ ਦਾ ਲਾਭ ਦਿਵਾਉਣ  ਦਾ ਭਰੋਸਾ ਦਿੱਤਾ ਸੀ। 
ਹੁਣੇ ਜਿਹੇ ਸੂਬਾ ਸਰਕਾਰ ਵਲੋਂ 72 ਹਜ਼ਾਰ ਨਿਯੁਕਤੀਆਂ ਕਰਨ ਦੇ ਸੰਕੇਤ ਮਿਲਣ ਤੋਂ ਬਾਅਦ ਇਹ ਅੰਦੋਲਨ ਹੋਰ ਤੇਜ਼ ਹੋ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਭਰੋਸਾ ਦਿੱਤਾ ਹੈ ਕਿ ਮਰਾਠਾ ਰਾਖਵੇਂਕਰਨ 'ਤੇ ਅਦਾਲਤ ਦਾ ਫੈਸਲਾ ਆਉਣ ਤਕ ਇਨ੍ਹਾਂ ਭਰਤੀਆਂ 'ਚ ਇਸ ਭਾਈਚਾਰੇ ਨੂੰ 16 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਪਰ ਅੰਦੋਲਨ ਦੀ ਅਗਵਾਈ ਕਰ ਰਿਹਾ 'ਮਰਾਠ ਕ੍ਰਾਂਤੀ ਮੋਰਚਾ' ਇਸ ਭਰੋਸੇ ਨਾਲ ਸਹਿਮਤ ਨਹੀਂ ਹੈ ਅਤੇ ਉਸ ਨੇ 9 ਅਗਸਤ ਨੂੰ 'ਮਹਾਰਾਸ਼ਟਰ ਬੰਦ' ਦੀ ਤਿਆਰੀ ਕੀਤੀ ਹੋਈ ਸੀ। 
ਪਰ 23 ਜੁਲਾਈ ਨੂੰ ਔਰੰਗਾਬਾਦ 'ਚ ਕਾਕਾ ਸਾਹਿਬ ਸ਼ਿੰਦੇ ਨਾਮੀ ਇਕ ਨੌਜਵਾਨ ਦੇ ਗੋਦਾਵਰੀ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਨਾਲ ਅੰਦੋਲਨ ਅਚਾਨਕ ਭੜਕ ਉੱਠਿਆ ਤੇ 9 ਅਗਸਤ ਦੀ ਬਜਾਏ 24 ਜੁਲਾਈ ਨੂੰ ਹੀ 'ਮਹਾਰਾਸ਼ਟਰ ਬੰਦ' ਦਾ ਸੱਦਾ ਦੇ ਦਿੱਤਾ ਗਿਆ ਤੇ 24 ਜੁਲਾਈ ਨੂੰ 'ਮਰਾਠਾ ਕ੍ਰਾਂਤੀ ਮੋਰਚਾ' ਦੇ 'ਬੰਦ' ਦੇ ਐਲਾਨ ਦੌਰਾਨ ਸੂਬੇ ਦੇ ਕਈ ਜ਼ਿਲੇ ਹਿੰਸਕ ਮੁਜ਼ਾਹਰਿਆਂ ਦੀ ਲਪੇਟ 'ਚ ਆ ਗਏ। ਮੁਜ਼ਾਹਰਾਕਾਰੀਆਂ ਨੇ ਪਰਭਣੀ, ਅਹਿਮਦ ਨਗਰ ਆਦਿ 'ਚ ਸਰਕਾਰੀ ਗੱਡੀਆਂ ਦੀ ਭੰਨ-ਤੋੜ ਤੇ ਸਾੜ-ਫੂਕ ਕੀਤੀ ਅਤੇ ਉਥੇ ਮਚੀ ਭਾਜੜ ਦੌਰਾਨ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਤੇ 9 ਹੋਰ ਜ਼ਖ਼ਮੀ ਹੋ ਗਏ। ਔਰੰਗਾਬਾਦ 'ਚ ਹਿੰਸਾ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਮਰਾਠਵਾੜਾ ਦੇ 8 ਜ਼ਿਲਿਆਂ 'ਚ ਅਹਿਤਿਆਤ ਵਜੋਂ ਜ਼ਿਆਦਾਤਰ ਵਿੱਦਿਅਕ ਅਦਾਰੇ ਬੰਦ ਰੱਖੇ ਗਏ ਤੇ ਪੁਣੇ-ਔਰੰਗਾਬਾਦ ਹਾਈਵੇ 'ਤੇ ਸਰਕਾਰੀ ਬੱਸਾਂ ਨਹੀਂ ਚੱਲੀਆਂ। 
ਇਸ ਦਰਮਿਆਨ 23 ਜੁਲਾਈ ਨੂੰ ਗੋਦਾਵਰੀ ਨਦੀ 'ਚ ਡੁੱਬ ਕੇ ਜਾਨ ਦੇਣ ਵਾਲੇ ਮਰਾਠਾ ਵਿਖਾਵਾਕਾਰੀ 27 ਸਾਲਾ ਕਾਕਾ ਸਾਹਿਬ ਸ਼ਿੰਦੇ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਨੇੜੇ ਤਾਇਨਾਤ ਇਕ ਪੁਲਸ ਕਾਂਸਟੇਬਲ ਦੀ ਵੀ ਮੌਤ ਹੋ ਗਈ।
ਬੁੱਧਵਾਰ ਨੂੰ ਮੁੰਬਈ, ਨਵੀ ਮੁੰਬਈ, ਸਤਾਰਾ, ਪੁਣੇ, ਰਾਏਗੜ੍ਹ, ਠਾਣੇ ਤੇ ਪਾਲਘਰ ਵਿਚ 'ਬੰਦ' ਦਾ ਐਲਾਨ ਕੀਤਾ ਗਿਆ ਤੇ ਅੰਦੋਲਨ ਦੀ ਅੱਗ ਸੂਬੇ ਦੇ ਹੋਰਨਾਂ ਹਿੱਸਿਆਂ 'ਚ ਵੀ ਪਹੁੰਚ ਗਈ। ਮੁੰਬਈ 'ਚ ਬੈਸਟ ਦੀ ਬੱਸ ਸੇਵਾ ਅਤੇ ਸਕੂਲਾਂ-ਕਾਲਜਾਂ ਤੇ ਲੋਕਲ ਟ੍ਰੇਨਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਕਈ ਜਗ੍ਹਾ ਹੋਈਆਂ ਹਿੰਸਕ ਝੜਪਾਂ 'ਚ ਕਈ ਲੋਕ ਜ਼ਖ਼ਮੀ ਹੋ ਗਏ।
'ਮਹਾਰਾਸ਼ਟਰ ਬੰਦ' ਦਾ ਸਭ ਤੋਂ ਜ਼ਿਆਦਾ ਅਸਰ ਔਰੰਗਾਬਾਦ 'ਚ ਦੇਖਣ ਨੂੰ ਮਿਲਿਆ, ਜਿਥੇ ਅੰਦੋਲਨਕਾਰੀਆਂ ਨੇ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਗੱਡੀਆਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ। ਅੰਦੋਲਨਕਾਰੀਆਂ ਨੇ ਅੱਗ ਬੁਝਾਊ ਮਹਿਕਮੇ ਦੀ ਇਕ ਗੱਡੀ ਨੂੰ ਵੀ ਅੱਗ ਲਾ ਦਿੱਤੀ ਅਤੇ ਖੂਬ ਪਥਰਾਅ ਕੀਤਾ, ਜਿਸ 'ਚ ਇਕ ਕਾਂਸਟੇਬਲ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ। 
ਵਿਖਾਵਾਕਾਰੀਆਂ ਦੇ ਪਥਰਾਅ 'ਚ ਇਕ ਕਾਂਸਟੇਬਲ ਦੀ ਮੌਤ ਤੇ 9 ਦੇ ਜ਼ਖ਼ਮੀ ਹੋਣ ਤੋਂ ਬਾਅਦ 25 ਜੁਲਾਈ ਨੂੰ ਦੂਜੇ ਕਾਂਸਟੇਬਲ ਦੀ ਵੀ ਮੌਤ ਹੋ ਗਈ ਅਤੇ ਇਸ ਦਰਮਿਆਨ ਮੁੰਬਈ ਵਿਚ 'ਮਰਾਠਾ ਕ੍ਰਾਂਤੀ ਮੋਰਚਾ' ਵਲੋਂ ਦਿੱਤੇ 'ਬੰਦ' ਦੇ ਸੱਦੇ ਤੋਂ ਇਲਾਵਾ ਮੁੰਬਈ 'ਚ ਸਵੇਰ ਦੇ ਸਮੇਂ ਹੀ ਬੈਸਟ ਦੀਆਂ ਕਈ ਬੱਸਾਂ 'ਤੇ ਪਥਰਾਅ ਕੀਤਾ ਗਿਆ।
ਨਵੀ ਮੁੰਬਈ 'ਚ ਸਕੂਲ-ਕਾਲਜ ਬੰਦ ਰੱਖੇ ਗਏ ਹਨ। ਠਾਣੇ ਅਤੇ ਜੋਗੇਸ਼ਵਰੀ 'ਚ ਲੋਕਲ ਟ੍ਰੇਨਾਂ ਨੂੰ ਰੋਕਣ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਵਿਖਾਵਾਕਾਰੀਆਂ ਨੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਦੋ ਵਿਖਾਵਾਕਾਰੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਕਈ ਜਗ੍ਹਾ ਜਾਮ, ਭੰਨ-ਤੋੜ ਅਤੇ ਸਾੜ-ਫੂਕ ਦੀਆਂ ਵੱਡੀਆਂ ਘਟਨਾਵਾਂ ਹੋਈਆਂ ਹਨ। 
ਦੂਜੇ ਪਾਸੇ ਸਰਕਾਰ 'ਚ ਸ਼ਾਮਲ ਸ਼ਿਵ ਸੈਨਾ ਦੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਇਸ ਮਸਲੇ 'ਤੇ ਭਾਜਪਾ ਨੂੰ ਘੇਰਦਿਆਂ ਕਿਹਾ ਹੈ ਕਿ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੇਣ 'ਚ ਦੇਰੀ ਹੋ ਰਹੀ ਹੈ। ਮੁੱਖ ਮੰਤਰੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਮਰਾਠਾ ਰਾਖਵਾਂਕਰਨ ਦਾ ਮਸਲਾ ਸੁਲਝਾਉਣ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਹੈ। 
ਦੇਸ਼ ਇਸ ਸਮੇਂ ਬੁਰੀ ਤਰ੍ਹਾਂ ਅੰਦੋਲਨਾਂ, ਮੁਜ਼ਾਹਰਿਆਂ ਦੇ ਘੇਰੇ 'ਚ ਆਇਆ ਹੋਇਆ ਹੈ ਤੇ ਨਿੱਤ ਹੋਣ ਵਾਲੇ ਮੁਜ਼ਾਹਰਿਆਂ ਕਾਰਨ ਨਾ ਸਿਰਫ ਅਨਮੋਲ ਜਾਨਾਂ ਜਾ ਰਹੀਆਂ ਹਨ ਸਗੋਂ ਦੇਸ਼ ਦੀ ਨਿੱਜੀ ਅਤੇ ਜਨਤਕ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਦਰਮਿਆਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਕਿਹਾ ਕਿ ਸਰਕਾਰ ਨੇ ਮਰਾਠਾ ਭਾਈਚਾਰੇ ਦੇ ਵਿਰੋਧ ਦਾ ਨੋਟਿਸ ਲਿਆ ਹੈ ਤੇ ਸਰਕਾਰ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਹੈ, ਲਿਹਾਜ਼ਾ ਸਰਕਾਰ ਨੂੰ ਇਸ ਬਾਰੇ ਫੌਰੀ ਕਾਰਵਾਈ ਕਰਦਿਆਂ ਲੋਕਾਂ ਦੀ ਅਸਲੀ ਸਮੱਸਿਆ ਸੁਲਝਾ ਕੇ ਇਹ ਲੋਕ-ਰੋਹ ਖਤਮ ਕਰਨਾ ਚਾਹੀਦਾ ਹੈ।
—ਵਿਜੇ ਕੁਮਾਰ


author

Vijay Kumar Chopra

Chief Editor

Related News