‘ਇਕ ਪਾਰਟੀ ਤੋਂ ਦੂਸਰੀ ਪਾਰਟੀ ’ਚ ਆਉਣ-ਜਾਣ ਦਾ’‘ਨਹੀਂ ਠੱਲ੍ਹ ਰਿਹਾ ਨੇਤਾਵਾਂ ਦਾ ਸਿਲਸਿਲਾ’

03/26/2021 2:55:27 AM

ਇਨ੍ਹੀਂ ਦਿਨੀਂ ਦੇਸ਼ ’ਚ ਭਾਰੀ ਸਿਆਸੀ ਉਥਲ-ਪੁਥਲ ਦਾ ਦੌਰ ਚੱਲ ਰਿਹਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਨਾਲ ਜੁੜੇ ਨੇਤਾਵਾਂ ਦੀ ਆਪਣੀ ਚੋਟੀ ਦੀ ਲੀਡਰਸ਼ਿਪ ਨਾਲ ਨਾਰਾਜ਼ਗੀ ਕਾਰਨ ਦਲ-ਬਦਲੀ ਦੀ ਖੇਡ ਲਗਾਤਾਰ ਜਾਰੀ ਹੈ ਜਿਸ ਦੀਆਂ ਉਦਾਹਰਣਾਂ ਹੇਠਾਂ ਦਰਜ ਹੈ :

* 12 ਮਾਰਚ ਨੂੰ ਕੇਰਲ ਕਾਂਗਰਸ ਦੇ ਜਨਰਲ ਸਕੱਤਰ ਵਿਜਯਨ ਥਾਮਸ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਵਿਜਯਨ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੋ ਰਿਹਾ ਹੈ।’’

* 17 ਮਾਰਚ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ‘ਪੀਪੁਲਸ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਦੇ ਸੰਸਥਾਪਕ-ਮੈਂਬਰਾਂ ’ਚੋਂ ਇਕ ਅਤੇ ਸਾਬਕਾ ਉਪ-ਮੁੱਖ ਮੰਤਰੀ ਮੁਜ਼ੱਫਰ ਬੇਗ ਅਤੇ ਉਨ੍ਹਾਂ ਦੀ ਪਤਨੀ ਸਫੀਨਾ ਬੇਗ ਆਪਣੇ ਸਮਰਥਕਾਂ ਦੇ ਨਾਲ ‘ਪੀਪੁਲਸ ਕਾਨਫਰੰਸ’ ਵਿਚ ਸ਼ਾਮਲ ਹੋ ਗਏ।

ਮੁਜ਼ੱਫਰ ਬੇਗ ਨੇ ਆਪਣਾ ਸਿਆਸੀ ਜੀਵਨ 80 ਦੇ ਦਹਾਕੇ ’ਚ ‘ਪੀਪੁਲਸ ਕਾਨਫਰੰਸ’ ਦੇ ਨਾਲ ਹੀ ਸ਼ੁਰੂ ਕੀਤਾ ਸੀ। ਉਹ ਪਾਰਟੀ ਦੇ ਸੰਸਥਾਪਕ ਅਬਦੁੱਲ ਗਨੀ ਲੋਨ ਦੇ ਕਾਫੀ ਨੇੜੇ ਸੀ ਜਿਨ੍ਹਾਂ ਦੀ 21 ਮਈ 2002 ਨੂੰ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਦੀ ਈਦਗਾਹ ’ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਮੁਜ਼ੱਫਰ ਬੇਗ ਨੇ 1999 ’ਚ ਮੁਫਤੀ ਮੁਹੰਮਦ ਸਈਦ ਦੇ ਨਾਲ ਮਿਲ ਕੇ ‘ਪੀ. ਡੀ. ਪੀ.’ ਦੀ ਨੀਂਹ ਰੱਖਣ ਦੇ ਲਈ ‘ਪੀਪੁਲਸ ਕਾਨਫਰੰਸ’ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਪੀ. ਡੀ. ਪੀ. ’ਚ ਹੋ ਰਹੀ ਅਣਦੇਖੀ ਦੇ ਕਾਰਨ ਉਨ੍ਹਾਂ ਨੇ ਇਸ ਨੂੰ ਅਲਵਿਦਾ ਕਹਿ ਕੇ ਆਪਣੀ ਪੁਰਾਣੀ ਪਾਰਟੀ ’ਚ ‘ਘਰ ਵਾਪਸੀ’ ਕਰਨਾ ਹੀ ਉਚਿਤ ਸਮਝਿਆ।

* 17 ਮਾਰਚ ਦੇ ਹੀ ਦਿਨ ਪੀ. ਡੀ. ਪੀ. ਦੇ ਸੂਬਾ ਜਨਰਲ ਸਕੱਤਰ ਸੁਰੇਂਦਰ ਚੌਧਰੀ ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ।

* 17 ਮਾਰਚ ਨੂੰ ਤੇਲੰਗਾਨਾ ’ਚ ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਕੋਂਡਾ ਵਿਸ਼ਵੇਸ਼ਵਰ ਰੈੱਡੀ ਨੇ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਵੱਲੋਂ ਆਪਣੀ ਗੱਲ ਨਾ ਸੁਣੇ ਜਾਣ ਦੇ ਵਿਰੁੱਧ ਰੋਸ ਵਜੋਂ ਪਾਰਟੀ ਛੱਡ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਉਹ ਪਾਰਟੀ ’ਚ ਰਹਿ ਕੇ ਨਾ ਕਰ ਸਕੇ, ਹੁਣ ਆਪਣੇ ਸਮਰਥਕਾਂ ਦੇ ਨਾਲ ਖੁਦ ਦੀ ਇਕ ਨਵੀਂ ਸਿਆਸੀ ਪਾਰਟੀ ਬਣਾ ਕੇ ਉਸ ਨੂੰ ਪੂਰਾ ਕਰਨ ਦਾ ਯਤਨ ਕਰਨਗੇ।

* 17 ਮਾਰਚ ਨੂੰ ਇਕ ਝਟਕਾ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਦੇ ਜਲਗਾਂਵ ’ਚ ਲੱਗਾ ਜਿਥੇ ਜਲਗਾਂਵ ਨਗਰਪਾਲਿਕਾ ’ਚ ਭਾਜਪਾ ਦੇ 27 ਨਿਗਮ ਕੌਂਸਲਰ ਪਾਲਾ ਬਦਲ ਕੇ ਸ਼ਿਵ ਸੈਨਾ ’ਚ ਸ਼ਾਮਲ ਹੋ ਗਏ।

* 19 ਮਾਰਚ ਨੂੰ ਚੋਣਾਵੀ ਸੂਬੇ ਅਸਾਮ ਦੇ ‘ਨਾਗਾਓ’ ਜ਼ਿਲੇ ’ਚ ਸਾਬਕਾ ਮੰਤਰੀ ‘ਅਰਧੇਂਦੁ ਕੁਮਾਰ ਡੇ’ ਦੀ ਅਗਵਾਈ ’ਚ 2000 ਕਾਂਗਰਸ ਵਰਕਰ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਚਲੇ ਗਏ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ‘ਦੁਰਲਭ ਚਾਮੂਆ’ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਚੁੱਕੇ ਹਨ।

* 20 ਮਾਰਚ ਨੂੰ ਆਰਿਫ ਅਮੀਨ, ਫੈਜ਼ਾਨ ਇਲਾਹੀ, ਅਮਾਨ ਜਰਗਰ ਅਤੇ ਰਿਆਜ਼ ਵਾਨੀ ਸਮੇਤ ਪੀ. ਡੀ. ਪੀ. ਦੇ ਕਈ ਨੌਜਵਾਨ ਨੇਤਾ ਇਸ ਨੂੰ ਅਲਵਿਦਾ ਕਹਿ ਕੇ ‘ਪੀਪੁਲਸ ਕਾਨਫਰੰਸ’ ਵਿਚ ਸ਼ਾਮਲ ਹੋ ਗਏ।

* 21 ਮਾਰਚ ਨੂੰ ਪੀ. ਡੀ. ਪੀ. ਦੇ ਸੀਨੀਅਰ ਨੇਤਾ ਅਤੇ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਖੁਰਸ਼ੀਦ ਆਲਮ ਅਤੇ ਇਕ ਹੋਰ ਨੇਤਾ ਯਾਸਿਰ ਰੇਸ਼ੀ ਨੇ ਪੀ. ਡੀ. ਪੀ. ਤੋਂ ਅਸਤੀਫਾ ਦੇ ਦਿੱਤਾ। ਖੁਰਸ਼ੀਦ ਆਲਮ ਨੇ ਆਪਣੇ ਬਿਆਨ ’ਚ ਕਿਹਾ, ‘‘ਪਾਰਟੀ ’ਚ ਮੇਰਾ ਦਮ ਘੁੱਟ ਰਿਹਾ ਸੀ, ਅਸੀਂ ਲੋਕ ਮੁੱਖ ਧਾਰਾ ਦੇ ਸਿਆਸਤਦਾਨ ਹਾਂ, ਵੱਖਵਾਦੀ ਨਹੀਂ।’’

* 22 ਮਾਰਚ ਨੂੰ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਹਰਵਿੰਦਰ ਸਿੰਘ ਕਾਂਗਰਸ ਛੱਡ ਕੇ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ।

* ਅਤੇ ਹੁਣ 24 ਮਾਰਚ ਨੂੰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਬੀ. ਆਰ. ਕੁੰਡਲ ਨੇ ਇਹ ਕਹਿੰਦੇ ਹੋਏ ‘ਨੈਸ਼ਨਲ ਕਾਨਫਰੰਸ’ ਤੋਂ ਅਸਤੀਫਾ ਦੇ ਦਿੱਤਾ ਕਿ ਪਾਰਟੀ ’ਚ ਕਿਸੇ ਨੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਉਹ ‘ਨੈਸ਼ਨਲ ਕਾਨਫਰੰਸ’ ਵਿਚ ਸ਼ਾਮਲ ਹੋਏ ਸੀ ਤਾਂ ਫਾਰੂਕ ਅਬਦੁੱਲਾ ਨੇ ਉਨ੍ਹਾਂ ਨੂੰ ਜੰਮੂ-ਪੁੰਛ ਸੰਸਦੀ ਸੀਟ ਤੋਂ ਉਮੀਦਵਾਰ ਬਣਾਉਣ ਦੀ ਗੱਲ ਕਹੀ ਸੀ ਪਰ ਇਹ ਸੀਟ ਬਾਅਦ ’ਚ ਕਿਸੇ ਹੋਰ ਨੂੰ ਦੇ ਦਿੱਤੀ ਗਈ।

ਪੁਰਾਣੇ ਜ਼ਮਾਨੇ ’ਚ ਜਿਥੇ ਸਿਆਸਤਦਾਨ ਸਿਧਾਂਤਾਂ ’ਤੇ ਆਧਾਰਿਤ ਸਿਆਸਤ ਕਰਦੇ ਸਨ, ਇਸ ਦੇ ਉਲਟ ਅੱਜ ਸਿਆਸਤਦਾਨਾਂ ਦਾ ਇਕੋ-ਇਕ ਮਕਸਦ ਸੱਤਾ ਪ੍ਰਾਪਤੀ ਹੀ ਰਹਿ ਗਿਆ ਹੈ। ਇਸ ਤੋਂ ਇਲਾਵਾ ਆਪਣੀ ਮੂਲ ਪਾਰਟੀ ਨਾਲ ਨਾਰਾਜ਼ਗੀ ਦਾ ਇਕ ਕਾਰਨ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਦੀ ਅਣਦੇਖੀ ਕਰਨੀ ਅਤੇ ਪਾਰਟੀ ’ਚ ਉਨ੍ਹਾਂ ਦੀ ਗੱਲ ਨਾ ਸੁਣਨਾ ਵੀ ਹੈ।

ਇਸ ਲਈ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਦਾ ਫਰਜ਼ ਹੈ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਪਾਰਟੀ ’ਚ ਵਰਕਰਾਂ ਦੀ ਅਣਦੇਖੀ ਨਾ ਹੋਵੇ ਅਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਤਾਂ ਹੀ ਦਲ-ਬਦਲੀ ਰੁਕੇਗੀ ਅਤੇ ਸਿਆਸੀ ਪਾਰਟੀਆਂ ’ਚ ਸੱਚਾ ਲੋਕਤੰਤਰ ਆਵੇਗਾ।

ਸਿਆਸਤਦਾਨਾਂ ਨੂੰ ਵੀ ਚਾਹੀਦਾ ਹੈ ਕਿ ਜਿਸ ਪਾਰਟੀ ’ਚ ਉਨ੍ਹਾਂ ਨੇ ਆਪਣਾ ਸਥਾਨ ਬਣਾਇਆ ਹੈ ਉਸ ਨੂੰ ਛੱਡਣ ਦੀ ਬਜਾਏ ਉਸ ’ਚ ਰਹਿ ਕੇ ਸੰਘਰਸ਼ ਕਰਨ ਕਿਉਂਕ ਦੂਸਰੀ ਪਾਰਟੀ ’ਚ ਜਾਣ ਨਾਲ ਉਸ ਪਾਰਟੀ ਦੇ ਨਾਲ ਪਹਿਲਾਂ ਤੋਂ ਜੁੜੇ ਲੋਕ ਉਨ੍ਹਾਂ ਦੀ ਆਸਾਨੀ ਨਾਲ ਜਗ੍ਹਾ ਨਹੀਂ ਬਣਨ ਦਿੰਦੇ।

ਲਿਹਾਜ਼ਾ ਦੂਸਰੀ ਪਾਰਟੀ ’ਚ ਅਣਡਿੱ ਠ ਮਹਿਸੂਸ ਕਰਨ ’ਤੇ ਵਿਅਕਤੀ ਵਾਪਸ ਆਪਣੀ ਪਹਿਲੀ ਮੂਲ ਪਾਰਟੀ ’ਚ ਜਦੋਂ ਪਰਤਦਾ ਹੈ ਤਾਂ ਉਸ ਨੂੰ ਪਹਿਲਾਂ ਵਾਲਾ ਸਨਮਾਨ ਪ੍ਰਾਪਤ ਨਹੀਂ ਹੁੰਦਾ ਅਤੇ ਉਸ ਦੇ ਕਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।

ਇਸ ਲਈ ਇਸ ਨੂੰ ਰੋਕਣ ਲਈ ਸਰਕਾਰ ਅਜਿਹਾ ਕਾਨੂੰਨ ਵੀ ਬਣਾਏ ਕਿ ਇਕ ਪਾਰਟੀ ਛੱਡ ਕੇ ਦੂਸਰੀ ਪਾਰਟੀ ’ਚ ਸ਼ਾਮਲ ਹੋਣ ਵਾਲਾ ਕੋਈ ਵੀ ਕੌਂਸਲਰ, ਸੰਸਦ ਮੈਂਬਰ ਜਾਂ ਵਿਧਾਇਕ ਇਕ ਨਿਸ਼ਚਿਤ ਮਿਆਦ ਤਕ ਚੋਣਾਂ ਨਾ ਲੜ ਸਕੇ।

–ਵਿਜੇ ਕੁਮਾਰ


Bharat Thapa

Content Editor

Related News