‘ਜਾਨਲੇਵਾ ਮਿਡ-ਡੇ ਮੀਲ’ ਦੁਆਰਾ ‘ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ’

12/06/2019 1:41:03 AM

ਭਾਰਤ ਵਿਚ ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਵੰਡਣ ਲਈ ਚਲਾਈ ਜਾ ਰਹੀ ‘ਮਿਡ-ਡੇ ਮੀਲ’ ਯੋਜਨਾ ਵਿਸ਼ਵ ਦੀ ਸਭ ਤੋਂ ਵੱਡੀ ਮੁਫਤ ਖੁਰਾਕ ਵੰਡਣ ਦੀ ਯੋਜਨਾ ਹੈ, ਜੋ 1995 ਵਿਚ ਲੋੜਵੰਦ ਬੱਚਿਆਂ ਨੂੰ ਸਕੂਲਾਂ ਵੱਲ ਆਕਰਸ਼ਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ।

ਉਸ ਸਮੇਂ ਵਧੇਰੇ ਸੂੁਬਿਆਂ ਨੇ ਇਸ ਦੇ ਅਧੀਨ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਪਰ 28 ਨਵੰਬਰ 2002 ਨੂੰ ਸੁਪਰੀਮ ਕੋਰਟ ਦੇ ਇਕ ਹੁਕਮ ਤੋਂ ਬਾਅਦ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ।

ਚੰਗੀ ਯੋਜਨਾ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਅਤੇ ਭੋਜਨ ਪਕਾਉਣ ਵਿਚ ਲਾਪ੍ਰਵਾਹੀ, ਸਿਹਤ ਮਾਪਦੰਡਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਦੇ ਕਾਰਣ ਇਹ ਵਰਦਾਨ ਦੀ ਬਜਾਏ ਸਰਾਪ ਸਿੱਧ ਹੋ ਰਹੀ ਹੈ।

ਆਮ ਸ਼ਿਕਾਇਤਾਂ ਹਨ ਕਿ ਸਕੂਲਾਂ, ਆਂਗਣਵਾੜੀਆਂ ਆਦਿ ਵਿਚ ਬੱਚਿਆਂ ਲਈ ਸਰਕਾਰ ਵਲੋਂ ਭੇਜੀਆਂ ਗਈਆਂ ਖੁਰਾਕੀ ਵਸਤੂਆਂ ਵੱਡੀ ਮਾਤਰਾ ਵਿਚ ‘ਮਿਡ-ਡੇ ਮੀਲ’ ਦੀ ਵੰਡ ਨਾਲ ਜੁੜੇ ਕਰਮਚਾਰੀ ਅਤੇ ਅਧਿਕਾਰੀ ਆਪਸ ਵਿਚ ਮਿਲੀਭੁਗਤ ਦੁਆਰਾ ਆਪਣੇ ਘਰਾਂ ਨੂੰ ਲੈ ਜਾਂਦੇ ਹਨ। ਉੱਤਰ ਪ੍ਰਦੇਸ਼ ਵਿਚ ਤਾਂ ਅਨੇਕ ਥਾਵਾਂ ’ਤੇ ਮਿਡ-ਡੇ ਮੀਲ ’ਚ ਸਕੂਲੀ ਬੱਚਿਆਂ ਨੂੰ ਨਮਕ ਦੇ ਨਾਲ ਹੀ ਰੋਟੀ ਦੇਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।

‘ਮਿਡ-ਡੇ ਮੀਲ’ ਪਕਾਉਣ ਵਿਚ ਲਾਪ੍ਰਵਾਹੀ ਅਤੇ ਸੁਰੱਖਿਆ ਦੇ ਕਾਰਣ ਇਸ ਵਿਚ ਸਬਜ਼ੀਆਂ ਦੇ ਨਾਲ ਸੱਪ, ਚੂਹੇ ਅਤੇ ਕੋਹੜ ਕਿਰਲੀਆਂ ਤਕ ਪਕਾ ਕੇ ਮਾਸੂੂਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ 18 ਜੁਲਾਈ 2013 ਨੂੰ ਬਿਹਾਰ ਵਿਚ ਸਾਰਨ ਜ਼ਿਲੇ ਦੇ ਇਕ ਪ੍ਰਾਇਮਰੀ ਸਕੂਲ ਵਿਚ ਕੀਟਨਾਸ਼ਕ ਵਾਲੇ ਡੱਬਿਆਂ ਵਿਚ ਪਕਾਇਆ ਹੋਇਆ ‘ਮਿਡ-ਡੇ ਮੀਲ’ ਖੁਆ ਦੇਣ ਨਾਲ 22 ਬੱਚਿਆਂ ਦੀ ਮੌਤ ਹੋ ਗਈ ਸੀ। ਉਂਝ ਤਾਂ ਸਮੁੱਚਾ ਭਾਰਤ ਹੀ ‘ਮਿਡ-ਡੇ ਮੀਲ’ ਨੂੰ ਵੰਡਣ ਵਿਚ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੈ ਪਰ ਲੋਕ ਸਭਾ ’ਚ ਹਾਲ ਹੀ ਵਿਚ ਪੇਸ਼ ਅੰਕੜਿਆਂ ਅਨੁਸਾਰ ਪਿਛਲੇ 3 ਸਾਲਾਂ ਵਿਚ ‘ਮਿਡ-ਡੇ ਮੀਲ’ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ ਵਿਚ ਦਰਜ ਕੀਤੇ ਗਏ ਹਨ।

* 14 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਦੇ ਬਿਚਪਾਰਿਆ ਪਿੰਡ ਦੇ ਸਰਕਾਰੀ ਸਕੂਲ ਵਿਚ ‘ਮਿਡ-ਡੇ ਮੀਲ’ ਵਿਚ ਬੱਚਿਆਂ ਨੂੰ ਚੌਲਾਂ ਨਾਲ ਦਾਲ ਦੇ ਨਾਂ ’ਤੇ ਪਾਣੀ ਵਿਚ ਹਲਦੀ ਘੋਲ ਕੇ ਦਿੱਤੀ ਗਈ।

* 26 ਨਵੰਬਰ ਨੂੰ ਸੋਨਭੱਦਰ ਦੇ ਚੋਪਨ ਬਲਾਕ ਦੇ ਸਲੇਈਬਨਵਾ ਸਕੂਲ ਵਿਚ ਇਕ ਲਿਟਰ ਦੁੱਧ ਵਿਚ ਇਕ ਬਾਲਟੀ ਪਾਣੀ ਦੀ ਮਿਲਾ ਕੇ 80 ਬੱਚਿਆਂ ਵਿਚ ਵੰਡਿਆ ਗਿਆ।

* 03 ਦਸੰਬਰ ਨੂੰ ਮੁਜ਼ੱਫਰਨਗਰ ਦੇ ‘ਪਚੇਂਡਾ’ ਵਿਚ ਬੱਚਿਆਂ ਨੂੰ ਪਰੋਸੇ ਭੋਜਨ ’ਚ ਮਰਿਆ ਚੂਹਾ ਮਿਲਿਆ, ਜਿਸ ਨੂੰ ਖਾਣ ਨਾਲ 9 ਵਿਦਿਆਰਥੀ ਗੰਭੀਰ ਰੂਪ ਵਿਚ ਬੀਮਾਰ ਹੋ ਗਏ।

ਇਹ ਤਾਂ ‘ਮਿਡ-ਡੇ ਮੀਲ’ ਪਕਾਉਣ ਅਤੇ ਉਸ ਦੀ ਵੰਡ ਵਿਚ ਬੇਨਿਯਮੀਆਂ ਦੀਆਂ ਚਾਰ ਉਦਾਹਰਣਾਂ ਹਨ, ਜਦਕਿ ਸਮੇਂ-ਸਮੇਂ ਉਤੇ ਅਜਿਹੇ ਬੇਸ਼ੁਮਾਰ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਸ ਲਈ ਇਸ ਯੋਜਨਾ ਨੂੰ ਸਹੀ ਅਰਥਾਂ ਵਿਚ ਉਪਯੋਗੀ ਬਣਾਉਣ ਲਈ ਇਸ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਅਤੇ ਰਾਸ਼ਨ ਦੀ ਚੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਜ਼ਰੂਰੀ ਹੈ।

–ਵਿਜੇ ਕੁਮਾਰ


Bharat Thapa

Content Editor

Related News