ਅਖਿਲੇਸ਼ ਯਾਦਵ ਦਾ ''ਉੱਤਰ ਪ੍ਰਦੇਸ਼'' ਬਣ ਕੇ ਰਹਿ ਗਿਆ ''ਬਲਾਤਕਾਰ ਪ੍ਰਦੇਸ਼''

Thursday, Aug 04, 2016 - 03:30 AM (IST)

ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਆਪਣੇ ਬੇਟੇ ਅਖਿਲੇਸ਼ ਯਾਦਵ ਨੂੰ ਮਈ 2012 ''ਚ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਦੀ ਹਾਲਤ ਸੁਧਾਰਨ ਲਈ 100 ਦਿਨਾਂ ਦਾ ''ਗ੍ਰੇਸ ਪੀਰੀਅਡ'' ਦਿੰਦਿਆਂ ਕਿਹਾ ਸੀ ਕਿ ਇਸ ਦੌਰਾਨ ਉਹ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ ''ਚ ਕੋਈ ਨੁਕਸ ਨਹੀਂ ਕੱਢਣਗੇ।
ਇਹ ਮਿਆਦ ਬੀਤਣ ''ਤੇ ਜਦੋਂ ਉਨ੍ਹਾਂ ਨੂੰ ਕੋਈ ਸੁਧਾਰ ਨਜ਼ਰ ਨਹੀਂ ਆਇਆ ਤਾਂ ਉਹ ਅਖਿਲੇਸ਼ ਸਰਕਾਰ ਦੇ ਕੰਮ ਨੂੰ ਲੈ ਕੇ ਜਨਤਕ ਤੌਰ ''ਤੇ ਨਾਰਾਜ਼ਗੀ ਪ੍ਰਗਟਾਉਣ ਲੱਗੇ ਤੇ 9 ਅਕਤੂਬਰ 2012 ਨੂੰ ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ''''ਸੂਬੇ ''ਚ ਗੁੰਡਿਆਂ ਦਾ ਰਾਜ ਹੋ ਗਿਆ ਹੈ।''''
ਉਦੋਂ ਤੋਂ ਹੁਣ ਤਕ ਉਹ ਇਕ ਦਰਜਨ ਤੋਂ ਜ਼ਿਆਦਾ ਵਾਰ ਅਖਿਲੇਸ਼ ਸਰਕਾਰ ਦੀ ਕਾਰਗੁਜ਼ਾਰੀ ''ਤੇ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ, ਜਿਸ ਨੂੰ ਸਹੀ ਸਿੱਧ ਕਰਨ ਲਈ ਸੂਬੇ ''ਚ ਕਾਨੂੰਨ ਵਿਵਸਥਾ ਦੀ ਬਦਹਾਲੀ ਦੀਆਂ ਹੇਠ ਲਿਖੀਆਂ ਚੰਦ ਘਿਨੌਣੀਆਂ ਘਟਨਾਵਾਂ ਹੀ ਕਾਫੀ ਹਨ :
* 29 ਜੁਲਾਈ ਨੂੰ ਦਿੱਲੀ-ਕਾਨਪੁਰ ਕੌਮੀ ਰਾਜਮਾਰਗ ''ਤੇ ਬੁਲੰਦਸ਼ਹਿਰ ਬਾਈਪਾਸ ''ਤੇ ਕਾਰ ਰੋਕ ਕੇ ਕੁਝ ਵਿਅਕਤੀਆਂ ਨੇ ਉਸ ''ਚ ਸਵਾਰ ਮਰਦ ਮੈਂਬਰਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਇਕ ਔਰਤ ਤੇ ਉਸ ਦੀ 13 ਸਾਲਾ ਧੀ ਨਾਲ ਬਲਾਤਕਾਰ ਕਰਨ ਤੋਂ ਇਲਾਵਾ ਉਨ੍ਹਾਂ ਤੋਂ ਨਕਦੀ, ਗਹਿਣੇ ਤੇ ਮੋਬਾਇਲ ਫੋਨ ਲੁੱਟ ਲਏ।
* 29  ਜੁਲਾਈ ਨੂੰ ਹੀ ਉੱਨਾਵ ਜ਼ਿਲੇ ਦੇ ਨਾਰੀਗਾੜਾ ਅਬਦੁੱਲਾਪੁਰ ''ਚ ਗੁੰਡਿਆਂ ਨੇ ਇਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ''ਚ ਨਾਕਾਮ ਰਹਿਣ ''ਤੇ ਔਰਤ ਦੇ 15 ਸਾਲਾ ਬੇਟੇ ਸ਼ੁਭਮ ''ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ।
* 2 ਅਗਸਤ ਨੂੰ ਸੰਭਲ ਦੇ ਬਾਜਪੁਰ ਪਿੰਡ ''ਚ ਜ਼ੋਰਾਵਰਾਂ ਨੇ ਇਕ 11 ਸਾਲਾ ਨਾਬਾਲਗਾ ਨਾਲ ਮਾਰ-ਕੁਟਾਈ ਕਰਨ ਤੋਂ ਬਾਅਦ ਉਸ ਦੀ ਮਾਂ ਸਾਹਮਣੇ ਗੈਂਗਰੇਪ ਕੀਤਾ। ਪੀੜਤਾ ਦੀ ਮਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਵੀ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ।
* 2 ਅਗਸਤ ਨੂੰ ਹੀ ਸਵੇਰੇ 7 ਵਜੇ ਬਰੇਲੀ ''ਚ ਤਿੰਨ ਨਕਾਬਪੋਸ਼ ਇਕ ਅਧਿਆਪਕਾ ਨੂੰ ਅਗਵਾ ਕਰ ਕੇ ਖੇਤਾਂ ''ਚ ਲੈ ਗਏ। ਉਥੇ ਦੋ ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ''ਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਤੀਜੇ ਨੇ ਇਸ ਕਰਤੂਤ ਦੀਆਂ ਫੋਟੋਆਂ ਖਿੱਚੀਆਂ।
ਉੱਤਰ ਪ੍ਰਦੇਸ਼ ''ਚ ਮਾੜੀ ਕਾਨੂੰਨ ਵਿਵਸਥਾ ਦੇ ਇਹ ਤਾਂ ਸਿਰਫ 4 ਨਮੂਨੇ ਹਨ, ਜਦਕਿ ਇਸ ਤੋਂ ਇਲਾਵਾ ਵੀ ਹੋਰ ਪਤਾ ਨਹੀਂ ਕਿੰਨੀਆਂ ਘਟਨਾਵਾਂ ਰੋਜ਼ ਹੁੰਦੀਆਂ ਹੋਣਗੀਆਂ ਪਰ ਸੂਬੇ ਦੇ ਸੀਨੀਅਰ ਮੰਤਰੀ ਆਜ਼ਮ ਖਾਨ ਨੇ ਬੁਲੰਦਸ਼ਹਿਰ ਕਾਂਡ ਦੇ ਸ਼ਿਕਾਰ ਪਰਿਵਾਰ ਦੇ ਜ਼ਖ਼ਮਾਂ ''ਤੇ ਲੂਣ ਛਿੜਕਦਿਆਂ ਇਹ ਕਹਿ ਦਿੱਤਾ ਕਿ ''''ਵੋਟਾਂ ਲਈ ਲੋਕ ਕਿਸੇ ਵੀ ਪੱਧਰ ਤਕ ਡਿਗ ਸਕਦੇ ਹਨ... ਮੁਜ਼ੱਫਰਨਗਰ, ਸ਼ਾਮਲੀ ਤੇ ਕੈਰਾਨਾ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ ਤਾਂ ਫਿਰ ਇਹ ਕਿਉਂ ਨਹੀਂ?''''
ਇਸ ''ਤੇ ਪੀੜਤਾ ਦੇ ਪਿਤਾ ਨੇ ਕਿਹਾ ਕਿ ''''ਜੇ ਆਜ਼ਮ ਖਾਨ ਦੀ ਧੀ ਨਾਲ ਅਜਿਹਾ ਹੋਇਆ ਹੁੰਦਾ ਤਾਂ ਕੀ ਉਹ ਅਜਿਹਾ ਬਿਆਨ ਦਿੰਦੇ? ਮੇਰੀ ਧੀ ਡੂੰਘੇ ਸਦਮੇ ''ਚ ਹੈ ਅਤੇ ਕੁਝ ਬੋਲ ਵੀ ਨਹੀਂ ਰਹੀ। ਇਸ ਘਟਨਾ ਤੋਂ ਬਾਅਦ ਕੌਣ ਕਰਵਾਏਗਾ ਉਸ ਨਾਲ ਵਿਆਹ?''''
ਯੂ. ਪੀ. ਭਾਜਪਾ ਦੇ ਬੁਲਾਰੇ ਆਈ. ਪੀ. ਸਿੰਘ ਨੇ ਵੀ ਕਿਹਾ ਹੈ ਕਿ ''''ਮੀਆਂ ਆਜ਼ਮ ਖਾਨ ਦੀ ਧੀ ਅਤੇ ਪਤਨੀ ਨਾਲ ਗੈਂਗਰੇਪ ਹੋ ਜਾਵੇ, ਫਿਰ ਉਨ੍ਹਾਂ ਦੀਆਂ ਅੱਖਾਂ ਖੁੱਲ੍ਹਣਗੀਆਂ।''''
ਇਨ੍ਹਾਂ ਘਟਨਾਵਾਂ ਦਾ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਜਿਥੇ ਬੁਲੰਦਸ਼ਹਿਰ ਹਾਈਵੇ ਗੈਂਗਰੇਪ ਦੀ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਸਹਾਇਤਾ ਲਈ ਪੁਲਸ ਪ੍ਰਸ਼ਾਸਨ ਵਲੋਂ ਜਾਰੀ 100 ਨੰਬਰ ''ਤੇ ਚਾਰ ਵਾਰ ਫੋਨ ਲਾਉਣ ''ਤੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ, ਉਥੇ ਹੀ ਸੰਭਲ ਕਾਂਡ ''ਚ ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ :
''''ਪੁਲਸ ਨੇ ਖੂਨ ਨਾਲ ਲਥਪਥ ਮਾਸੂਮ ਬੱਚੀ ਦਾ ਮੈਡੀਕਲ ਕਰਵਾਉਣ ਦੀ ਬਜਾਏ ਉਸ ਨੂੰ ਰਾਤ ਭਰ ਥਾਣੇ ''ਚ ਬਿਠਾਈ ਰੱਖਿਆ ਅਤੇ ਕੇਸ ਦਰਜ ਕਰਨ ''ਚ ਵੀ ਕਈ ਘੰਟੇ ਲਾ ਦਿੱਤੇ।''''
ਉੱਨਾਵ ਜ਼ਿਲੇ ''ਚ ਸਾੜੇ ਗਏ ਬੱਚੇ ਸ਼ੁਭਮ ਦੇ ਪਿਤਾ ਨੇ ਵੀ ਅਜਿਹਾ ਹੀ ਦੋਸ਼ ਪੁਲਸ ਪ੍ਰਸ਼ਾਸਨ ''ਤੇ ਲਾਉਂਦਿਆਂ ਕਿਹਾ ਹੈ ਕਿ ''''ਪੁਲਸ ਵਾਲਿਆਂ ਨੇ ਸਾਡੀ ਸ਼ਿਕਾਇਤ ਪ੍ਰਤੀ ਪੂਰੀ ਤਰ੍ਹਾਂ ਉਦਾਸੀਨਤਾ ਦਿਖਾਈ ਤੇ ਗੁੰਡਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ।''''
ਇਸੇ ਲਈ ਹੁਣ ਲੋਕ ਇਥੋਂ ਤਕ ਕਹਿਣ ਲੱਗ ਪਏ ਹਨ ਕਿ ''''ਯੂ. ਪੀ. ਦੀ ਸਪਾ ਸਰਕਾਰ ਗੁੰਡਿਆਂ ਅਤੇ  ਗੈਰ-ਸਮਾਜੀ ਅਨਸਰਾਂ ਨੂੰ ਸਿਆਸੀ ਸ਼ਹਿ ਦੇ ਰਹੀ ਹੈ।'''' ਅਤੇ ਅਜਿਹੀਆਂ ਹੀ ਘਟਨਾਵਾਂ ਤੋਂ ਦੁਖੀ ਹੋ ਕੇ ਅਖਿਲੇਸ਼ ਦੇ ਚਾਚੇ ਰਾਮਗੋਪਾਲ ਯਾਦਵ ਨੇ ਵੀ ਕੁਝ ਸਮਾਂ ਪਹਿਲਾਂ ਇਥੋਂ ਤਕ ਕਹਿ ਦਿੱਤਾ ਸੀ ਕਿ ''''ਪਾਰਟੀ ਦੇ ਨੇਤਾ ਤੇ ਵਰਕਰ ਲੋਕਾਂ ਦੀ ਗੱਲ ਨਹੀਂ ਸੁਣ ਰਹੇ...ਜੇ ਹੁਣ ਵੀ ਤੁਸੀਂ ਖੁਦ ਨੂੰ ਨਾ ਸੁਧਾਰਿਆ ਤਾਂ ਜੁੱਤੀਆਂ ਖਾਣੀਆਂ ਪੈ ਸਕਦੀਆਂ ਹਨ।''''
ਹੁਣੇ-ਹੁਣੇ ਮੁਲਾਇਮ ਸਿੰਘ ਤਾਂ ਇਥੋਂ ਤਕ ਕਹਿਣ ਲਈ ਮਜਬੂਰ ਹੋ ਗਏ ਕਿ ਸਪਾ ਨੇਤਾਵਾਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਕਿਸੇ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਛੱਡਿਆ।
ਜਿਥੇ ਬਲਾਤਕਾਰ ਵਰਗੇ ਅਣਮਨੁੱਖੀ ਅਪਰਾਧ ''ਤੇ ਇਕ ਸੀਨੀਅਰ ਮੰਤਰੀ ਵਲੋਂ ਹਮਦਰਦੀ ਦੇ ਦੋ ਬੋਲ ਨਾ ਕਹਿ ਕੇ ਉਲਟੀ-ਸਿੱਧੀ ਬਿਆਨਬਾਜ਼ੀ ਕਰਨਾ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਸਰਕਾਰ ਦੀ ਸੰਵੇਦਨਹੀਣਤਾ ਨੂੰ ਦਰਸਾਉਂਦਾ ਹੈ, ਉਥੇ ਹੀ ਪੀੜਤਾਂ ਨੂੰ ''100 ਨੰਬਰ'' ਤੋਂ ਕੋਈ ਜਵਾਬ ਨਾ ਮਿਲਣ ਅਤੇ ਪੁਲਸ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਤੋਂ ਸਪੱਸ਼ਟ ਹੈ ਕਿ ਸੂਬੇ ''ਚ ਕਾਨੂੰਨ ਵਿਵਸਥਾ ਕਿੰਨੀ ਨਕਾਰਾ ਹੋ ਚੁੱਕੀ ਹੈ ਤੇ ਆਉਣ ਵਾਲੀਆਂ ਚੋਣਾਂ ''ਚ ਸਪਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।                                     —ਵਿਜੇ ਕੁਮਾਰ


Vijay Kumar Chopra

Chief Editor

Related News