ਸਿਧਾਂਤ ਨੂੰ ਮੰਨਣ ਵਾਲੇ ਅਤੇ ਖੁੱਲ੍ਹੇ ਦਿਲ ਵਾਲੇ ਸਨ ਲਾਲਾ ਜੀ

09/09/2020 3:34:03 AM

ਬਲੀਦਾਨ ਦਿਵਸ ’ਤੇ

ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਕੋਲੋਂ ਵਿਛੜੇ ਹੋਏ ਅੱਜ 38 ਸਾਲ ਹੋ ਗਏ ਹਨ। ਬਿਨਾਂ ਸ਼ੱਕ ਅੱਜ ਉਹ ਸਾਡੇ ਦਰਮਿਆਨ ਹਾਜ਼ਰ ਨਹੀਂ ਹਨ ਪਰ ਸੂਖਮ ਰੂਪ ’ਚ ‘ਪੰਜਾਬ ਕੇਸਰੀ ਸਮੂਹ’ ਉੱਤੇ ਉਨ੍ਹਾਂ ਦਾ ਹੀ ਆਸ਼ੀਰਵਾਦ ਅੱਜ ਵੀ ਬਣਿਆ ਹੋਇਆ ਹੈ।

ਨਿਡਰ ਅਤੇ ਨਿਰਪੱਖ ਪੱਤਰਕਾਰਿਤਾ ਦੇ ਪ੍ਰਤੀਕ ਪਿਤਾ ਜੀ ਦੀ ਬਰਸੀ ’ਤੇ ਅੱਜ ਮੈਨੂੰ ਉਨ੍ਹਾਂ ਦੀਆਂ ਸਿਧਾਂਤ ਨੂੰ ਮੰਨਣ, ਖੁੱਲ੍ਹੇ ਦਿਲ ਅਤੇ ਉੱਚ ਜੀਵਨ ਆਦਰਸ਼ ਦਰਸਾਉਣ ਵਾਲੀਅਾਂ ਦੋ ਪ੍ਰੇਰਕ ਘਟਨਾਵਾਂ ਯਾਦ ਆ ਰਹੀਅਾਂ ਹਨ ਜੋ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਪੇਸ਼ ਹਨ :

ਪਹਿਲੀ ਘਟਨਾ ਆਜ਼ਾਦੀ ਤੋਂ ਪਹਿਲੇ ਭਾਰਤ ਦੀ ਹੈ ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਲਾਹੌਰ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ। ਉਨ੍ਹੀਂ ਦਿਨੀਂ ਲਾਹੌਰ ਕਾਂਗਰਸ ’ਚ ਡਾ. ਗੋਪੀ ਚੰਦ ਭਾਰਗਵ ਅਤੇ ਡਾ. ਸੱਤਪਾਲ ਦੇ 2 ਧੜੇ ਬਣੇ ਹੋਏ ਸਨ।

ਲਾਹੌਰ ਕਾਂਗਰਸ ’ਤੇ ਡਾ. ਭਾਰਗਵ ਦਾ ਗਰੁੱਪ ਹਾਵੀ ਸੀ, ਜਿਸ ’ਚ ਪਿਤਾ ਜੀ ਦੇ ਪਰਮ ਮਿੱਤਰ ਉਰਦੂ ਦੈਨਿਕ ਪ੍ਰਤਾਪ ਦੇ ਮਾਲਕ ਸ਼੍ਰੀ ਵਰਿੰਦਰ, ਸ਼੍ਰੀ ਬਾਲੀ ਜੀ, ਸ਼੍ਰੀ ਹੇਮਰਾਜ ਮਰਵਾਹਾ ਜੀ ਆਦਿ ਸ਼ਾਮਲ ਸਨ ਜਦਕਿ ਡਾ. ਸੱਤਪਾਲ ਦੇ ਗਰੁੱਪ ’ਚ ਲਾਲਾ ਕੇਦਾਰਨਾਥ ਸਹਿਗਲ, ਸ਼੍ਰੀਮਤੀ ਸ਼ੰਨੋ ਦੇਵੀ ਅਤੇ ਸ਼੍ਰੀ ਓਮ ਪ੍ਰਕਾਸ਼, ਜੋ ਬਾਅਦ ’ਚ ਪ੍ਰਸਿੱਧ ਫਿਲਮ ਅਭਿਨੇਤਾ ਬਣੇ, ਆਦਿ ਸ਼ਾਮਲ ਸਨ।

ਲਾਲਾ ਕੇਦਾਰਨਾਥ ਸਹਿਗਲ ਬਚਪਨ ’ਚ ਹੀ ਆਜ਼ਾਦੀ ਸੰਗਰਾਮ ’ਚ ਕੁੱਦ ਪਏ ਸਨ। 11 ਸਾਲ ਦੀ ਉਮਰ ’ਚ 1907 ’ਚ ਉਨ੍ਹਾਂ ਨੇ ‘ਭਾਰਤ ਮਾਤਾ ਸੰਸਥਾ’ ਦੇ ਨਾਲ ਜੁੜ ਕੇ ਅਤੇ ਪਿੰਡ-ਪਿੰਡ ਘੁੰਮ ਕੇ ਅੰਗਰੇਜ਼ਾਂ ਨੂੰ ਭੂਮੀ-ਟੈਕਸ ਨਾ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਸੇ ਸਾਲ ਪਹਿਲੀ ਗ੍ਰਿਫਤਾਰੀ ਵੀ ਦਿੱਤੀ। 1914 ’ਚ ਉਨ੍ਹਾਂ ਨੂੰ ਦੁਬਾਰਾ ਜੇਲ ਹੋਈ ਅਤੇ ਜੇਲ ’ਚੋਂ ਛੁੱਟਦਿਅਾਂ ਹੀ ਗਾਂਧੀ ਜੀ ਦੇ ਨਾ-ਮਿਲਵਰਤਣ ਅੰਦੋਲਨ ’ਚ ਕੁੱਦ ਪਏ।

ਉਨ੍ਹਾਂ ਨੇ 1920 ’ਚ ਪ੍ਰਤਿੱਗਿਆ ਕੀਤੀ ਕਿ ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋਵੇਗਾ ਉਦੋਂ ਤੱਕ ਉਹ ਕਾਲੇ ਕੱਪੜੇ ਹੀ ਪਹਿਨਣਗੇ। ਆਪਣੇ ਇਸ ਸੰਕਲਪ ’ਤੇ ਉਹ ਸਾਰੀ ਜ਼ਿੰਦਗੀ ਕਾਇਮ ਰਹੇ ਅਤੇ ਉਦੋਂ ਤੋਂ ਲੋਕ ਉਨ੍ਹਾਂ ਨੂੰ ‘ਸਿਆਹਪੋਸ਼ ਜਰਨੈਲ’ ਹੀ ਕਹਿਣ ਲੱਗੇ ਸਨ।

1945 ’ਚ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਹੁਕਮ ’ਤੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਤੇ ਲਾਹੌਰ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਕਾਂਗਰਸ ਹਾਈ ਕਮਾਨ ਨੇ ਪੂਜਨੀਕ ਪਿਤਾ ਜੀ ਨੂੰ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਦਾ ਹੁਕਮ ਦਿੱਤਾ।

ਡਾ. ਗੋਪੀ ਚੰਦ ਭਾਰਗਵ ਗਰੁੱਪ ਦੇ ਮੈਂਬਰ ਲਾਲਾ ਕੇਦਾਰਨਾਥ ਸਹਿਗਲ ਨੂੰ ਟਿਕਟ ਦੇਣ ਅਤੇ ਜਿਤਾਉਣ ਦੇ ਵਿਰੁੱਧ ਸਨ ਪਰ ਪਿਤਾ ਜੀ ਨੇ ਸਪੱਸ਼ਟ ਸ਼ਬਦਾਂ ’ਚ ਕਹਿ ਦਿੱਤਾ ਕਿ ‘‘ਮੈਂ ਤਾਂ ਹਾਈਕਮਾਨ ਦੇ ਹੁਕਮ ਦੀ ਹੀ ਪਾਲਣਾ ਕਰਾਂਗਾ ਅਤੇ ਉਸੇ ਦੇ ਅਨੁਸਾਰ ਤੁਸੀਂ ਸਾਰੇ ਲਾਲਾ ਕੇਦਾਰਨਾਥ ਨੂੰ ਜਿਤਾਉਣ ਲਈ ਕੰਮ ਕਰੋ।’’

ਲਾਲਾ ਕੇਦਾਰਨਾਥ ਸਹਿਗਲ ਦੀ ਇਕ ਚੋਣ ਸਭਾ ਕਾਂਗਰਸ ਅਾਫਿਸ ਦੇ ਸਾਹਮਣੇ ‘ਮੋਰੀ ਗੇਟ’ ਗ੍ਰਾਊਂਡ ’ਚ ਹੋਈ, ਜੋ ਸਾਡੇ ਘਰ ਦੇ ਨੇੜੇ ਹੀ ਸੀ ਅਤੇ ਉਸ ’ਚ ਮੈਂ, ਰਮੇਸ਼ ਜੀ ਅਤੇ ਕਾਂਗਰਸੀ ਵਰਕਰ ਸਰਦਾਰੀ ਲਾਲ ਭਾਟੀਆ ਨੇ ਮੀਟਿੰਗ ਲਈ ਦਰੀਅਾਂ ਵਿਛਾਈਅਾਂ ਸਨ।

ਇਸ ਲਈ ਪਿਤਾ ਜੀ ਦੇ ਇਸ ਸਟੈਂਡ ਦਾ ਸ਼੍ਰੀ ਸਹਿਗਲ ਨੂੰ ਲਾਭ ਪਹੁੰਚਿਆ ਅਤੇ ਉਹ 8000 ਵੋਟਾਂ ਨਾਲ ਚੋਣ ’ਚ ਜੇਤੂ ਹੋਏ। ਸੁਤੰਤਰ ਭਾਰਤ ’ਚ ਉਹ 1952 ਤੋਂ 1957 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਅਤੇ 25 ਫਰਵਰੀ, 1963 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੀ ਖੁੱਲ੍ਹੇ ਦਿਲ ਦੀ ਦੂਸਰੀ ਮਿਸਾਲ ਗਿਆਨੀ ਜ਼ੈਲ ਸਿੰਘ ਦੇ ਬਾਰੇ ’ਚ ਹੈ :

1974 ’ਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ‘ਪੰਜਾਬ ਕੇਸਰੀ ਗਰੁੱਪ’ ਦੀ ਆਵਾਜ਼ ਦਬਾਉਣ ਲਈ ਪਹਿਲਾਂ ‘ਹਿੰਦ ਸਮਾਚਾਰ’ (ਉਰਦੂ) ਅਤੇ ‘ਪੰਜਾਬ ਕੇਸਰੀ’ ਦੇ ਇਸ਼ਤਿਹਾਰ ਬੰਦ ਕੀਤੇ, ਫਿਰ ਬਿਜਲੀ ਕੱਟ ਦਿੱਤੀ ਤਾਂ ਅਸੀਂ ਅਖਬਾਰ ਟ੍ਰੈਕਟਰ ਦੀ ਮਦਦ ਨਾਲ ਛਾਪ ਕੇ ਪਾਠਕਾਂ ਤੱਕ ਪਹੁੰਚਾਏ ਅਤੇ ਇਕ ਦਿਨ ਵੀ ਅਖਬਾਰ ਬੰਦ ਨਹੀਂ ਹੋਣ ਦਿੱਤੇ।

ਉਸ ਦੇ ਕੁਝ ਹੀ ਸਾਲ ਬਾਅਦ ਜਦੋਂ 1980 ’ਚ ਲੋਕ ਸਭਾ ਦੀਅਾਂ ਚੋਣਾਂ ਹੋਣ ਵਾਲੀਅਾਂ ਸਨ, ਗਿਆਨੀ ਜ਼ੈਲ ਸਿੰਘ ਇਹ ਚੋਣ ਲੜ ਕੇ ਸੰਸਦ ’ਚ ਪਹੁੰਚਣਾ ਚਾਹੁੰਦੇ ਸਨ ਅਤੇ ਇਸੇ ਲਈ ਪੂਜਨੀਕ ਪਿਤਾ ਜੀ ਕੋਲੋਂ ਸਲਾਹ ਲੈਣ ਇਕ ਦਿਨ ਉਹ ਸਾਡੇ ਦਫਤਰ ਆਏ ਅਤੇ ਪੌੜੀਅਾਂ ਚੜ੍ਹ ਕੇ ਪੂਜਨੀਕ ਪਿਤਾ ਜੀ ਦੇ ਕਮਰੇ ’ਚ ਜਾ ਪਹੁੰਚੇ। ਲਾਲਾ ਜੀ ਨੇ ਕਿਸੇ ਵੀ ਕਿਸਮ ਦੀ ਪੁਰਾਣੀ ਰੰਜਿਸ਼ ਜ਼ਾਹਿਰ ਨਾ ਕਰਦੇ ਹੋਏ ਉਨ੍ਹਾਂ ਨੂੰ ਆਦਰਪੂਰਵਕ ਬਿਠਾ ਕੇ ਚਾਹ ਆਦਿ ਪਿਆਈ। ਗਿਆਨੀ ਜੀ ਨੇ ਕਿਹਾ, ‘‘ਮੈਂ ਲੋਕ ਸਭਾ ਦੀ ਚੋਣ ਲੜਨਾ ਚਾਹੁੰਦਾ ਹਾਂ। ਤੁਸੀਂ ਮੇਰਾ ਮਾਰਗਦਰਸ਼ਨ ਕਰੋ ਕਿ ਮੈਂ ਕਿਥੋਂ ਚੋਣ ਲੜਾਂ।’’

ਲਾਲਾ ਜੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ, ‘‘ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਹੁਸ਼ਿਆਰਪੁਰ ਤੋਂ ਹੀ ਚੋਣ ਲੜੋ। ਕਿਸੇ ਹੋਰ ਸੀਟ ਤੋਂ ਚੋਣ ਲੜਨ ’ਤੇ ਜਾਂ ਤਾਂ ਤੁਸੀਂ ਹਾਰ ਜਾਓਗੇ ਜਾਂ ਤੁਹਾਨੂੰ ਚੋਣ ਜਿੱਤਣ ’ਚ ਔਕੜ ਆਏਗੀ।’’

ਲਾਲਾ ਜੀ ਦੀ ਸਲਾਹ ਦੀ ਪਾਲਣਾ ਕਰਦੇ ਹੋਏ ਗਿਆਨੀ ਜ਼ੈਲ ਸਿੰਘ ਜੀ ਨੇ ਹੁਸ਼ਿਆਰਪੁਰ ਤੋਂ ਹੀ ਚੋਣ ਲੜੀ। ਲਾਲਾ ਜੀ ਦੇ ਕਥਨ ਦੇ ਅਨੁਸਾਰ ਉਹ ਚੋਣ ਜਿੱਤ ਗਏ ਅਤੇ ਉਨ੍ਹਾਂ ਨੂੰ ਦੇਸ਼ ਦ ਾ ਗ੍ਰਹਿ ਮੰਤਰੀ ਬਣਾਇਆ ਗਿਆ ਅਤੇ 1982 ਤੱਕ ਉਹ ਗ੍ਰਹਿ ਮੰਤਰੀ ਰਹੇ।

ਜਿਸ ਦਿਨ ਲਾਲਾ ਜੀ ਨੂੰ ਮਿਲਣ ਗਿਆਨੀ ਜੀ ਆਏ, ਉਸੇ ਦਿਨ ਰਾਤ ਦੇ ਖਾਣੇ ’ਤੇ ਅਸੀਂ (ਰਮੇਸ਼ ਜੀ ਅਤੇ ਮੈਂ) ਲਾਲਾ ਜੀ ਨਾਲ ਇਸ ਵਿਸ਼ੇ ’ਤੇ ਗੱਲ ਕੀਤੀ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਬਾਰੇ ਸਹੀ ਰਾਏ ਕਿਉਂ ਦਿੱਤੀ ਤਾਂ ਉਨ੍ਹਾਂ ਨੇ ਕਿਹਾ, ‘‘ਬੇਟਾ, ਉਹ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਿਆ। ਸਾਡੀਆਂ ਪੌੜੀਅਾਂ ਚੜ੍ਹ ਕੇ ਉਹ ਖੁਦ ਸਾਡੇ ਕੋਲ ਆਇਆ ਸੀ, ਮੈਂ ਉਸ ਨੂੰ ਗਲਤ ਸਲਾਹ ਕਿਵੇਂ ਦੇ ਸਕਦਾ ਸੀ।’’

1982 ’ਚ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਅਤੇ ਉਹ ਬਿਨਾਂ ਵਿਰੋਧ ਦੇਸ਼ ਦੇ ਰਾਸ਼ਟਰਪਤੀ ਚੁਣ ਲਏ ਗਏ ਅਤੇ ਭਾਰਤ ਦੇ 7ਵੇਂ ਰਾਸ਼ਟਰਪਤੀ ਬਣੇ ਅਤੇ 1982 ਤੋਂ 1987 ਤੱਕ ਰਾਸ਼ਟਰਪਤੀ ਰਹੇ।

12 ਮਈ 1984 ਨੂੰ ਰਮੇਸ਼ ਜੀ ਦੀ ਸ਼ਹਾਦਤ ਦੇ ਕਾਰਨ ਅਸੀਂ ਉਸ ਸਾਲ ਸ਼ਹੀਦ ਪਰਿਵਾਰ ਫੰਡ ਸਹਾਇਤਾ ਵੰਡ ਸਮਾਰੋਹ ਜਲੰਧਰ ’ਚ ਆਯੋਜਿਤ ਕਰਨ ਦੀ ਬਜਾਏ ਦਿੱਲੀ ’ਚ ਹੀ 11 ਸਤੰਬਰ ਨੂੰ ਗਿਆਨੀ ਜ਼ੈਲ ਸਿੰਘ ਕੋਲੋਂ 36 ਔਰਤਾਂ ਨੂੰ ਸਹਾਇਤਾ ਰਾਸ਼ੀ ਦਿਵਾਈ।

ਬਾਅਦ ’ਚ ਗਿਆਨੀ ਜੀ ਵਲੋਂ ਮੈਨੂੰ ਇਕ-ਦੋ ਵਾਰ ਮਿਲਣ ਲਈ ਸੱਦਣ ’ਤੇ ਮੈਂ ਉਨ੍ਹਾਂ ਨੂੰ ਮਿਲਿਆ। ਉਨ੍ਹੀਂ ਦਿਨੀਂ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਫਾਰਗ ਹੋ ਚੁੱਕੇ ਸਨ ਅਤੇ ਕੁਝ ਬੀਮਾਰ ਸਨ। ਉਨ੍ਹਾਂ ਨੇ ਮੇਰਾ ਹੱਥ ਆਪਣੇ ਹੱਥ ’ਚ ਲਿਆ ਅਤੇ ਭਾਵੁਕ ਹੋ ਕੇ ਕਹਿਣ ਲੱਗੇ, ‘‘ਲਾਲਾ ਜੀ ਨੇ ਮੈਨੂੰ ਹਮੇਸ਼ਾ ਗਾਈਡ ਕੀਤਾ ਅਤੇ ਉਨ੍ਹਾਂ ਦੀ ਸਲਾਹ ਦੇ ਕਾਰਨ ਹੀ ਮੈਂ ਚੋਣ ਜਿੱਤ ਸਕਿਆ ਹਾਂ।’’

ਗਿਆਨੀ ਜ਼ੈਲ ਸਿੰਘ ਜੀ ਨੇ ਮੈਨੂੰ ਇਹ ਵੀ ਦੱਸਿਆ ਕਿ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ਉਨ੍ਹਾਂ ਨੂੰ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨਾਲ, ਜੋ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ, ਨਾਲ ਮਿਲਵਾਇਆ ਸੀ ਅਤੇ ਜਿਨ੍ਹੀਂ ਦਿਨੀਂ ਗਿਆਨੀ ਜੀ ਮੁੱਖ ਮੰਤਰੀ ਸਨ ਤਾਂ ਪੂਜਨੀਕ ਪਿਤਾ ਜੀ ਨੇ ਹੀ ਉਨ੍ਹਾਂ ਨੂੰ ਮੋਗਾ ਕਾਂਡ ਦੇ ਸੰਬੰਧ ’ਚ ਮੋਗਾ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਤੁਹਾਡੇ ਮੋਗਾ ਜਾਣ ਨਾਲ ਮਾਮਲਾ ਸੁਲਝ ਜਾਵੇਗਾ, ਵਗੈਰਾ-ਵਗੈਰਾ।

ਗਿਆਨੀ ਜ਼ੈਲ ਸਿੰਘ ਗੱਲਾਂ ਕਰਦੇ ਚਲੇ ਗਏ ਅਤੇ ਉਨ੍ਹਾਂ ਦੀਅਾਂ ਗੱਲਾਂ ਤੋਂ ਇੰਝ ਜਾਪਦਾ ਸੀ ਕਿ ਜਿਵੇਂ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਸਾਡਾ ਬਿਜਲੀ ਕੁਨੈਕਸ਼ਨ ਕੱਟਣ ਦੇ ਮਾਮਲੇ ’ਚ ਉਨ੍ਹਾਂ ਕੋਲੋਂ ਭੁੱਲ ਕਰਵਾਈ ਗਈ ਹੈ।

ਕੁਝ ਦਿਨ ਬਾਅਦ ਮੈਨੂੰ ਸ. ਇਕਬਾਲ ਸਿੰਘ, ਜੋ ਬਾਅਦ ’ਚ ਪੁਡੂਚੇਰੀ ਦੇ ਉਪ-ਰਾਜਪਾਲ ਬਣੇ, ਨੇ ਫੋਨ ’ਤੇ ਗਿਆਨੀ ਜੀ ਦਾ ਸੰਦੇਸ਼ ਦਿੱਤਾ ਕਿ ਉਹ ਮੈਨੂੰ ਰਾਜ ਸਭਾ ’ਚ ਭਿਜਵਾਉਣਾ ਚਾਹੁੰਦੇ ਹਨ। ਇਸ ਲਈ ਇਸ ਬਾਰੇ ਤੁਸੀਂ ਹਾਂ ਕਰ ਦਿਓ।

ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਮੈਂ ਨਿਮਰਤਾਪੂਰਵਕ ਇਸ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਗਿਆਨੀ ਜ਼ੈਲ ਸਿੰਘ ਜੀ ਨੇ ਆਪਣੇ ਬਹੁਤ ਹੀ ਨੇੜੇ ਹੋਣ ਦੇ ਕਾਰਨ ਸ. ਇਕਬਾਲ ਸਿੰਘ ਨੂੰ ਰਾਜ ਸਭਾ ਦਾ ਮੈਂਬਰ ਬਣਵਾਇਆ।

ਲਾਲਾ ਕੇਦਾਰਨਾਥ ਸਹਿਗਲ ਦੇ ਮਾਮਲੇ ’ਚ ਸਾਰੇ ਵਿਰੋਧ ਦੇ ਬਾਵਜੂਦ ਹਾਈਕਮਾਨ ਦੇ ਹੁਕਮ ਦੀ ਪਾਲਣਾ ਕਰਨ, ਗਿਆਨੀ ਜ਼ੈਲ ਸਿੰਘ ਵਲੋਂ ‘ਪੰਜਾਬ ਕੇਸਰੀ ਸਮੂਹ’ ਦੇ ਵਿਰੁੱਧ ਇਸ਼ਤਿਹਾਰ ਬੰਦ ਕਰਵਾਉਣ ਅਤੇ ਬਿਜਲੀ ਕਟਵਾਉਣ ਆਦਿ ਨੂੰ ਭੁਲਾ ਕੇ ਲਾਲਾ ਜੀ ਵਲੋਂ ‘ਹਿੰਦ ਸਮਾਚਾਰ ਭਵਨ’ ਵਿਚ ਆਉਣ ’ਤੇ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਨੂੰ ਚੋਣ ਲੜਨ ਸੰਬੰਧੀ ਸਹੀ ਸਲਾਹ ਦੇ ਕੇ ਚੋਣ ’ਚ ਜੇਤੂ ਹੋਣ ਦੀ ਰਾਏ ਦੇਣੀ ਪਿਤਾ ਜੀ ਦੇ ਖੁੱਲ੍ਹੇ ਦਿਲ ਦੇ ਮੂੰਹ ਬੋਲਦੇ ਪ੍ਰਮਾਣ ਹਨ।

ਇਹ ਉਦਾਹਰਣਾਂ ਅੱਜ ਦੇ ਸਿਆਸਤਦਾਨਾਂ ਦੇ ਲਈ ਇਕ ਸਬਕ ਹਨ ਜੋ ਛੋਟੀਅਾਂ-ਛੋਟੀਅਾਂ ਗੱਲਾਂ ਨੂੰ ਲੈ ਕੇ ਹੀ ਬਦਲਾਖੋਰੀ ਅਤੇ ਅਨੁਸ਼ਾਸਨਹੀਣਤਾ ’ਤੇ ਉਤਰ ਆਉਂਦੇ ਹਨ। ਜੇਕਰ ਇਨ੍ਹਾਂ ਉਦਾਹਰਣਾਂ ਅਨੁਸਾਰ ਚੱਲਿਆ ਜਾਵੇ ਤਾਂ ਦੇਸ਼ ਦੀ ਸਿਆਸਤ ’ਚ ਸੁੱਚਤਾ ਜ਼ਰੂਰ ਆ ਸਕਦੀ ਹੈ ਜੋ ਦੇਸ਼ ਦੇ ਲਈ ਲਾਭਦਾਇਕ ਹੋਵੇਗੀ।

–ਵਿਜੇ ਕੁਮਾਰ


Bharat Thapa

Content Editor

Related News