ਕਰਨਾਟਕ : ਅਜੇ ਤਾਂ ਕਹਾਣੀ ਸ਼ੁਰੂ ਹੋਈ ਹੈ ਮੰਜ਼ਿਲਾਂ ਤੱਕ ਦਾ ਸਫ਼ਰ ਹੈ ਬਾਕੀ

01/09/2023 1:42:25 AM

ਕਿਉਂਕਿ 2024 ’ਚ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਇਸ ਸਾਲ ਭਾਰਤ ’ਚ ਘਰੇਲੂ ਸਿਆਸਤ ਦੇ ਮੋਰਚੇ ’ਤੇ ਖੂਬ ਗਹਿਮਾ-ਗਹਿਮੀ ਰਹੇਗੀ। ਇਸ ਸਾਲ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਅਤੇ ਮਿਜ਼ੋਰਮ ਵਰਗੇ 9 ਸੂਬਿਆਂ ’ਚ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਜਿੱਤਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਆਪਣੀ ਪੂਰੀ ਕੋਸ਼ਿਸ਼ ਕਰੇਗੀ।  ਭਾਜਪਾ ਲਈ 2023 ਦੀ ਚੋਣ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ਸੂਬਿਆਂ ਦੀਆਂ ਚੋਣਾਂ ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਲੋਕਾਂ ਦੇ ਮੂਡ ਦਾ ਸੰਕੇਤ ਦੇਣਗੀਆਂ।

ਜਿੱਥੇ ਭਾਜਪਾ ਇਨ੍ਹਾਂ ਚੋਣਾਂ ’ਚ 2018 ’ਚ ਹਾਰੇ ਸੂਬਿਆਂ ਛੱਤੀਸਗੜ੍ਹ, ਰਾਜਸਥਾਨ ਤੇ ਤੇਲੰਗਾਨਾ ’ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਇਸ ਦਾ ਜ਼ੋਰ ਆਪਣੇ ਸ਼ਾਸਿਤ ਸੂਬਿਆਂ ਮੱਧ ਪ੍ਰਦੇਸ਼ ਅਤੇ ਕਰਨਾਟਕ ਨੂੰ ਆਪਣੇ ਹੱਥ ’ਚ ਰੱਖਣ ’ਤੇ ਵੀ ਰਹੇਗਾ।  ਦੱਖਣ ਭਾਰਤ ’ਚ ਕਰਨਾਟਕ ਦੀ ਚੋਣ ਜਿੱਤਣੀ ਭਾਜਪਾ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਥੋਂ ਇਸ ਨੇ ਸਭ ਤੋਂ ਪਹਿਲਾਂ ਦੱਖਣ ਭਾਰਤ ’ਚ ਖਾਤਾ ਖੋਲ੍ਹਿਆ ਸੀ ਅਤੇ ਇਥੋਂ ਇਹ ਦੱਖਣ ਭਾਰਤ ’ਚ ਆਪਣਾ ਵਿਸਤਾਰ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਦਾ ਅਗਲਾ ਨਿਸ਼ਾਨਾ ਹੋਵੇਗਾ ਤਾਮਿਲਨਾਡੂ  ਦੀ ਸੱਤਾ ’ਤੇ ਕਬਜ਼ਾ ਕਰਨਾ।

ਦੂਜੇ ਪਾਸੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਜਦ (ਸ) ਨੇ ਵੀ ਚੋਣਾਂ ਜਿੱਤਣ ਲਈ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਾਂਗਰਸ ਤੇ ਭਾਜਪਾ ਨੇਤਾਵਾਂ ਵੱਲੋਂ ਇਕ-ਦੂਜੇ ’ਤੇ ਬਿਆਨਬਾਜ਼ੀ ਦਾ ਸਿਲਸਿਲਾ ਚੱਲ ਪਿਆ ਹੈ ਜੋ ਕਾਫੀ ਨੀਵੇਂ ਦਰਜੇ ਤੱਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮੱਈਆ ਨੇ ਵੀਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਬਾਰੇ ’ਚ ਕਿਹਾ ਕਿ ਉਹ ਨਰਿੰਦਰ ਮੋਦੀ ਦੇ ਸਾਹਮਣੇ ਇਕ ਪਿੱਲੇ ਵਾਂਗ ਹਨ ਅਤੇ ਉਨ੍ਹਾਂ ਦੇ ਸਾਹਮਣੇ ਕੰਬਦੇ ਹਨ। ਹਾਲਾਂਕਿ ਆਪਣੀ ‘ਪਿੱਲਾ’ ਟਿੱਪਣੀ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇਕ ਗੈਰ-ਸੰਸਦੀ ਸ਼ਬਦ ਨਹੀਂ ਹੈ। ਓਧਰ ਸੀ. ਐੱਮ. ਬੋਮਈ ਨੇ ਸਿੱਧਰਮੱਈਆ ਦੀ ‘ਪਿੱਲਾ’ ਟਿੱਪਣੀ ਦੇ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁੱਤਾ ਇਕ ਵਫ਼ਾਦਾਰ ਜਾਨਵਰ ਹੈ ਤੇ ਉਹ ਆਪਣਾ ਕੰਮ ਈਮਾਨਦਾਰੀ ਨਾਲ ਕਰ ਰਿਹਾ ਹੈ।

ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਹੁਣ ਤੋਂ ਹੀ ਕਰਨਾਟਕ ਦਾ ਸਿਆਸੀ ਵਾਤਾਵਰਣ ਇੰਨਾ ਦੂਸ਼ਿਤ ਹੋ ਗਿਆ ਹੈ ਕਿ ਨਿੱਜੀ ਦੋਸ਼ ਤੱਕ ਲਗਾਏ ਜਾ ਰਹੇ  ਹਨ ਪਰ ਅਜਿਹਾ ਕਿਉਂ ਹੋ ਰਿਹਾ ਹੈ, ਇਹ ਵਿਚਾਰਨਯੋਗ ਸਵਾਲ ਹੈ। ਦੱਖਣ ਭਾਰਤ ’ਚ ਕਰਨਾਟਕ ਹੀ ਇਕੋ-ਇਕ ਸੂਬਾ ਹੈ, ਜਿਸ ’ਤੇ ਭਾਜਪਾ ਦਾ ਕਬਜ਼ਾ ਹੈ ਤੇ ਇਥੋਂ ਦਾ ਮਾਲੀਆ ਕਾਫੀ ਵੱਧ ਹੋਣ ਕਾਰਨ ਇਹ ਸੂਬਾ ਭਾਜਪਾ ਤੇ ਕਾਂਗਰਸ ਲਈ ਬਰਾਬਰ ਤੌਰ ’ਤੇ ਮਹੱਤਵਪੂਰਨ ਹੈ ਅਤੇ ਜਿਸ ਕਿਸੇ ਵੀ ਪਾਰਟੀ ਦੀ ਸਰਕਾਰ ਬਣੇਗੀ, ਇਹ ਉਸੇ ਦੇ ਹੱਥ ’ਚ ਜਾਵੇਗਾ। ਬੇਸ਼ੱਕ ਇਹ ਸੂਬਾ ਭਾਜਪਾ ਦਾ ਗੜ੍ਹ ਹੈ ਪਰ ਕਾਂਗਰਸ ਨੂੰ ਜਾਪਦਾ ਹੈ ਕਿ ਉਹ ਇਸ ਨੂੰ ਜਿੱਤ ਸਕਦੀ ਹੈ ਅਤੇ ਇਸ ਦੇ ਲਈ ਯਤਨਸ਼ੀਲ ਹੈ ਅਤੇ ਇਸੇ ਕਾਰਨ ਇਥੇ ਇਕ ਵੱਖਰੀ ਹੀ ਕਿਸਮ ਦੀ ਸਿਆਸਤ ਸ਼ੁਰੂ ਹੋ ਗਈ ਹੈ।

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮੱਈਆ (ਕਾਂਗਰਸ) ਨੇ ਤਾਂ ਭਾਜਪਾ ’ਤੇ ਇਥੋਂ ਤੱਕ ਦੋਸ਼ ਲਾਇਆ ਹੈ ਕਿ ਉਸ ਨੇ ਪਿਛਲੀਆਂ ਚੋਣਾਂ ਦੇ ਦੌਰਾਨ ਕੀਤੇ 600 ਵਾਅਦਿਆਂ ’ਚੋਂ 10 ਫੀਸਦੀ ਵਾਅਦੇ ਵੀ ਪੂਰੇ ਨਹੀਂ ਕੀਤੇ। ਇਸੇ ਲਈ ਭਾਜਪਾ ਨੇਤਾ ਲੋਕਾਂ ਦਾ ਧਿਆਨ ਭਟਕਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਨਲਿਨ ਕੁਮਾਰ ਕਟੀਲ ਨੇ ਪਾਰਟੀ ਵਰਕਰਾਂ  ਨੂੰ ਸੜਕ ਅਤੇ ਪਾਣੀ ਨਿਕਾਸੀ ਵਰਗੇ ਮੁੱਦਿਆਂ ’ਤੇ ਨਹੀਂ ਸਗੋਂ ‘ਲਵ ਜਿਹਾਦ’ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਓਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਰਨਾਟਕ ’ਚ ਦਿੱਤਾ ਗਿਆ ਬਿਆਨ ਵੀ ਕੁਝ  ਇਸੇ ਤਰ੍ਹਾਂ ਦਾ ਹੈ। ਸ਼ਾਹ ਨੇ ਕਿਹਾ ਕਿ ਜੇਕਰ ਜਦ (ਐੱਸ) ਸੱਤਾ ’ਚ ਆਉਂਦੀ ਹੈ ਤਾਂ ਕਰਨਾਟਕ ਇਕ ਪਰਿਵਾਰ ਦਾ ਏ. ਟੀ. ਐੱਮ. ਬਣ ਜਾਵੇਗਾ। ਦੇੇਵੇਗੌੜਾ ਪਰਿਵਾਰ ਨੇ ਇਸ ਗੱਲ ਨੂੰ   ਭੁਨਾਇਆ ਅਤੇ ਮੋੜਵਾਂ ਬਿਆਨ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਵੱਲੋਂ ਆਇਆ ਜਿਨ੍ਹਾਂ ਨੇ ਕਿਹਾ, ‘‘ਅਮਿਤ ਸ਼ਾਹ ਐੱਚ. ਡੀ. ਦੇਵੇਗੌੜਾ ਦੇ ਪਰਿਵਾਰ ਦੇ ਪੈਰ ਦੇ ਨਹੁੰ ਦੇ ਬਰਾਬਰ ਵੀ ਨਹੀਂ।’’

ਮਥੁਰਾ ਕ੍ਰਿਸ਼ਨ ਜਨਮ ਭੂਮੀ ਮੰਦਿਰ ਆਦਿ ਵਿਸ਼ੇ ਭਾਜਪਾ ਵਾਲੇ ਇਸ ਲਈ ਛੇੜ ਰਹੇ ਹਨ ਤਾਂ ਕਿ ਇਨ੍ਹਾਂ ਦਾ ਪ੍ਰਭਾਵ ਕਰਨਾਟਕ ’ਤੇ ਪਵੇ। ਜਿੱਥੇ ਪਿਛਲੇ ਕੁਝ ਮਹੀਨਿਆਂ ਦੌਰਾਨ ਕਰਨਾਟਕ ’ਚ ਭਾਜਪਾ ਦੀ ਸਰਕਾਰ ਬਣਾਉਣ ’ਚ ਵੱਡਾ ਯੋਗਦਾਨ ਦੇਣ ਵਾਲੇ ਯੇਦੀਯੁਰੱਪਾ ਖੁਦ  ਨੂੰ ਪਾਰਟੀ ’ਚ ਅਣਢਿੱਠ ਮਹਿਸੂਸ ਕਰ ਰਹੇ ਹਨ, ਉਥੇ  ਹੀ ਉਨ੍ਹਾਂ ਦੇ ਅਤੇ ਮੌਜੂਦਾ ਮੁੱਖ ਮੰਤਰੀ ਬੋਮਈ ਦੇ ਦਰਮਿਆਨ ਵੀ ਦੂਰੀਆਂ ਵਧ ਗਈਆਂ ਹਨ ਜੋ ਲਿੰਗਾਇਤਾਂ ਦੇ ਨੇਤਾ ਦੇ ਰੂਪ ’ਚ ਯੇਦੀਯੁਰੱਪਾ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਦੱਸੇ ਜਾ ਰਹੇ ਹਨ। ਬੋਮਈ ਅਤੇ ਯੇਦੀਯੁਰੱਪਾ ਦੋਵਾਂ ਦੇ ਵਿਰੋਧੀ ਭਾਜਪਾ ਵਿਧਾਇਕ ‘ਬਸਾਵਰਾਜ ਪਾਟਿਲ ਯਤਨਾਲ’ ਨੇ ਕਿਹਾ ਹੈ ਕਿ ‘‘ਤੁਸੀਂ ਲੋਕ ਕੁਝ ਸਮੇਂ ਦੇ ਲਈ ਤਾਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ ਪਰ ਹਮੇਸ਼ਾ ਦੇ ਲਈ ਨਹੀਂ।’’

ਇਸ ਦਰਮਿਆਨ ਸੂਬੇ ਦੀਆਂ ਚੋਣਾਂ ’ਚ ਯੇਦੀਯੁਰੱਪਾ ਦੇ ਨਜ਼ਦੀਕੀ ਬੇਲਾਰੀ ਦੇ ਰੈੱਡੀ ਭਰਾਵਾਂ ਦੀ ਐਂਟਰੀ ਵੀ ਹੋ ਗਈ ਹੈ ਜਿਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜ ਕੇ ‘ਕਲਿਆਣ ਰਾਜ ਪ੍ਰਗਤੀ ਪਕਸ਼’ ਨਾਂ ਦੀ ਪਾਰਟੀ ਬਣਾ ਲਈ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਜਪਾ ਨੂੰ ਨੁਕਸਾਨ ਤੇ ਕਾਂਗਰਸ ਅਤੇ ਜਦ (ਸ) ਨੂੰ ਲਾਭ ਪਹੁੰਚੇਗਾ ਉੱਥੇ ਹੀ ਭਾਜਪਾ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ।  ਮੌਜੂਦਾ  ਸਮੇਂ ’ਚ  ਸੂਬੇ ਦੇ ਸਿਆਸੀ ਰੰਗਮੰਚ ’ਤੇ ਕੁਝ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਆਉਣ ਵਾਲੇ ਦਿਨਾਂ ’ਚ ਘਟਨਾਕ੍ਰਮ ਕੀ ਰੂਪ ਲੈਂਦਾ ਹੈ, ਇਸੇ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ।
 


Manoj

Content Editor

Related News