ਹੁਣ ਕੈਲਾਸ਼ ਵਿਜੇਵਰਗੀਜ਼ ਨੇ ਦਿੱਤਾ ਔਰਤਾਂ ਦੇ ਪਹਿਰਾਵੇ ਬਾਰੇ ਊਟ-ਪਟਾਂਗ ਬਿਆਨ

Monday, Apr 10, 2023 - 12:30 AM (IST)

ਹੁਣ ਕੈਲਾਸ਼ ਵਿਜੇਵਰਗੀਜ਼ ਨੇ ਦਿੱਤਾ ਔਰਤਾਂ ਦੇ ਪਹਿਰਾਵੇ ਬਾਰੇ ਊਟ-ਪਟਾਂਗ ਬਿਆਨ

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਆਸਤ ਨਾਲ ਜੁੜੀਆਂ ਔਰਤਾਂ ਖਾਸ ਕਰ ਕੇ ਕਾਲੀਆਂ ਔਰਤਾਂ ਨੂੰ ਵੱਖ-ਵੱਖ ਪੱਧਰਾਂ ’ਤੇ ਸ਼ੋਸ਼ਣ ਅਤੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜੋ ਉਨ੍ਹਾਂ ਦਾ ਹੌਸਲਾ ਘਟਾਇਆ ਜਾ ਸਕੇ ਅਤੇ ਖਾਮੋਸ਼ ਕੀਤਾ ਜਾ ਸਕੇ। ਉਨ੍ਹਾਂ ’ਤੇ ਗਲਤ ਕੁਮੈਂਟ ਕੀਤੇ ਜਾਂਦੇ ਹਨ। ਭਾਰਤ ਨੂੰ ਮਾਤਰ ਸ਼ਕਤੀ ਪੂਜਕ ਦੇਸ਼ ਕਿਹਾ ਜਾਂਦਾ ਹੈ ਅਤੇ ਸਾਡੇ ਧਰਮਗ੍ਰੰਥਾਂ ’ਚ ਵੀ ਲਿਖਿਆ ਹੈ ਕਿ ਜਿਥੇ ਨਾਰੀਆਂ ਦੀ ਪੂਜਾ ਹੁੰਦੀ ਹੈ, ਉਥੇ ਦੇਵਤਾ ਨਿਵਾਸ ਕਰਦੇ ਹਨ ਪਰ ਸਾਡੇ ਕਈ ਨੇਤਾ ਔਰਤਾਂ ਦੀ ਮਰਿਆਦਾ ਵਿਰੁੱਧ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ।

ਇਕ ਖਬਰ ਮੁਤਾਬਕ ਸਾਲ 2022 ’ਚ ਸਾਡੇ ਵੱਖ-ਵੱਖ ਆਗੂਆਂ ਨੇ ਔਰਤਾਂ ਪ੍ਰਤੀ ਘੱਟੋ-ਘੱਟ 10 ਇਤਰਾਜ਼ਯੋਗ ਬਿਆਨ ਦਿੱਤੇ। ਬੀਤੇ ਸਾਲ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਐੱਨ. ਸੀ. ਪੀ. ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੂੰ ਸਿਆਸਤ ਛੱਡ ਕੇ ਘਰ ਜਾ ਕੇ ਖਾਣਾ ਬਣਾਉਣ ਲਈ ਕਹਿ ਦਿੱਤਾ ਸੀ। ਹੁਣ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਜ਼ ਨੇ ਭਾਰਤੀ ਸੰਸਕਾਰਾਂ ਦੀ ਦੁਹਾਈ ਅਤੇ ਮੁਟਿਆਰਾਂ ਨੂੰ ਚੰਗੇ ਕੱਪੜੇ ਪਹਿਨਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ‘‘ਗੰਦੇ (ਵਲਗਰ) ਕੱਪੜੇ ਪਹਿਨ ਕੇ ਬਾਹਰ ਨਿਕਲੀਆਂ ਕੁੜੀਆਂ ਬਿਲਕੁਲ ਸ਼ਰੂਪਨਖਾ ਲੱਗਦੀਆਂ ਹਨ। ਸਿੱਖਿਆ ਜ਼ਰੂਰੀ ਨਹੀਂ, ਸੰਸਕਾਰ ਜ਼ਰੂਰੀ ਹਨ।’’ ਵਰਣਨਯੋਗ ਹੈ ਕਿ ਰਾਮਾਇਣ ’ਚ ਸ਼ਰੂਪਨਖਾ ਲੰਕਾ ਦੇ ਰਾਜਾ ਰਾਵਣ ਦੀ ਭੈਣ ਅਤੇ ਰਿਸ਼ੀ ਵਿਸ਼ਰਵਾ ਦੀ ਬੇਟੀ ਸੀ।

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਬਿਆਨ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਪਾਰਟੀ ਹਾਈ ਕਮਾਨ ਨੂੰ ਵਿਜੇਵਰਗੀਜ਼ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਥੇ ਇਹ ਲਿਖਣਾ ਵੀ ਬੇਤੁਕਾ ਨਹੀਂ ਹੋਵੇਗਾ ਕਿ ਜੇ ਕਾਨੂੰਨ ਨਿਰਮਾਤਾ ਸਿਆਸਤਦਾਨ ਹੀ ਔਰਤਾਂ ਪ੍ਰਤੀ ਅਜਿਹੀਆਂ ਅਸ਼ੋਭਨੀਕ ਟਿੱਪਣੀਆਂ ਕਰਨਗੇ ਤਾਂ ਇਸ ਨਾਲ ਵਿਦੇਸ਼ਾਂ ’ਚ ਭਾਰਤ ਦਾ ਕੀ ਅਕਸ ਬਣੇਗਾ ਅਤੇ ਆਮ ਲੋਕਾਂ ’ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਆਪਣੇ ਆਗੂਆਂ ਪ੍ਰਤੀ ਕੀ ਪ੍ਰਭਾਵ ਪਵੇਗਾ?

ਘੱਟੋ-ਘੱਟ ਕਿਸੇ-ਕਿਸੇ ਨੇਤਾ ’ਚ ਇੰਨੇ ਬੁਨਿਆਦੀ ਸੰਸਕਾਰ ਤਾਂ ਹੋਣੇ ਹੀ ਚਾਹੀਦੇ ਹਨ ਕਿ ਉਹ ਆਪਣੀ ਵਾਣੀ ਰਾਹੀਂ ਸਮਾਜ ਦੇ ਕਿਸੇ ਵੀ ਵਰਗ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ। ਦੇਖਣਾ ਇਹ ਹੈ ਕਿ ਵਿਜੇਵਰਗੀਜ਼ ’ਤੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ। ਆਖਿਰ ਇਹ ਸਿਲਸਿਲਾ ਕਦੋਂ ਬੰਦ ਹੋਵੇਗਾ।


author

Mandeep Singh

Content Editor

Related News