ਵਿਜਈ ਵਿਸ਼ਵ ਤਿਰੰਗਾ ਪਿਆਰਾ ‘ਝੰਡਾ ਊਂਚਾ ਰਹੇ ਹਮਾਰਾ’
Tuesday, Aug 15, 2023 - 02:06 AM (IST)

15 ਅਗਸਤ 1947 ਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਪਿੱਛੋਂ ਅੱਜ ਅਸੀਂ ਆਪਣੇ ਆਜ਼ਾਦੀ ਦੇ 77ਵੇੇਂ ਸਾਲ ਵਿਚ ਪ੍ਰਵੇਸ਼ ਕਰ ਰਹੇ ਹਾਂ। ਇਹ ਆਜ਼ਾਦੀ ਸਾਨੂੰ ਲੰਮੇ ਸੰਗਰਾਮ ਦੌਰਾਨ ਅਣਗਿਣਤ ਆਜ਼ਾਦੀ ਘੁਲਾਟੀਆਂ ਦੇ ਬਲੀਦਾਨਾਂ ਨਾਲ ਪ੍ਰਾਪਤ ਹੋਈ, ਜਿਨ੍ਹਾਂ ਨੂੰ ਅੱਜ ਨਵੀਂ ਪੀੜ੍ਹੀ ਭੁਲਦੀ ਜਾ ਰਹੀ ਹੈ।
ਦੇਸ਼ ਵੰਡ ਦੇ ਸਮੇਂ ਪੰਜਾਬ ਅਤੇ ਬੰਗਾਲ ਦਾ ਬਟਵਾਰਾ ਹੋ ਗਿਆ ਅਤੇ ਇਨ੍ਹਾਂ ਦਾ ਅੱਧਾ-ਅੱਧਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ।
ਵੰਡ ਪਿੱਛੋਂ ਪਾਕਿਸਤਾਨ ਤੋਂ ਉਜੜ ਕੇ ਸਿਰਫ 2 ਕੱਪੜਿਆਂ ਵਿਚ ਭਾਰਤ ਆਏ ਲੋਕਾਂ ਪਿੱਛੋਂ ਹੁਣ ਜ਼ਿਆਦਾਤਰ ਇਸ ਦੁਨੀਆ ਵਿਚ ਨਹੀਂ ਹਨ ਅਤੇ ਉਨ੍ਹਾਂ ਦੀਆਂ ਜ਼ਿਆਦਾ ਔਲਾਦਾਂ ਨੂੰ ਇਸ ਗੱਲ ਦਾ ਅਹਿਸਸ ਤਕ ਨਹੀਂ ਹੈ ਕਿ ਉਨ੍ਹਾਂ ਦੇ ਪੂਰਵਜ਼ ਦੇਸ਼ ਦੀ ਵੰਡ ਤੋਂ ਪਹਿਲਾਂ ਕਿਥੇ ਰਹਿੰਦੇ ਸਨ, ਕੀ ਕਰਦੇ ਸਨ ਅਤੇ ਕਿੰਨੀ ਮਿਹਨਤ ਨਾਲ ਉਨ੍ਹਾਂ ਨੇ ਆਪਣੀਆਂ ਔਲਾਦਾਂ ਨੂੰ ਪਾਲ-ਪੋਸ ਕੇ ਵੱਡਾ ਕਰ ਕੇ ਉੱਚੇ ਰੁਤਬਿਆਂ ਤਕ ਪਹੁੰਚਾਇਆ।
ਦੇਸ਼ ਦੀ ਆਜ਼ਾਦੀ ਸਮੇਂ ਸਾਡੀ ਜਨਸੰਖਿਆ 33 ਕਰੋੜ ਦੇ ਲਗਭਗ ਸੀ, ਜੋ ਹੁਣ ਵਧ ਕੇ 140 ਕਰੋੜ ਹੋ ਗਈ ਹੈ। ਜਨਸੰਖਿਆ ਦੇ ਮਾਮਲੇ ਵਿਚ ਵਾਧਾ ਕਰਨ ਦੇ ਨਾਲ-ਨਾਲ ਦੇਸ਼ ਨੇ ਹੋਰ ਕਈ ਖੇਤਰਾਂ ਵਿਚ ਵੀ ਆਪਣਾ ਸਥਾਨ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਦੇਸ਼ ਦੇ ਹਰ ਕੋਨੇ ਵਿਚ ਰੇਲ, ਬੱਸ ਅਤੇ ਹਵਾਈ ਸੇਵਾਵਾਂ ਦਾ ਜਾਲ ਫੈਲ ਗਿਆ ਹੈ। ਵੱਡੀ ਗਿਣਤੀ ਵਿਚ ਨਵੇਂ ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਸਕੂਲਾਂ, ਹਸਪਤਾਲਾਂ ਅਤੇ ਨਵੇਂ-ਨਵੇਂ ਕਾਰਖਾਨਿਆਂ ਦਾ ਨਿਰਮਾਣ ਹੋਇਆ ਹੈ। ਸਿੱਖਿਆ, ਸਿਹਤ ਅਤੇ ਜਨ-ਸਹੂਲਤਾਂ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੋਇਆ ਹੈ।
ਦੇਸ਼ ਵਿਚ ਸਰਕਾਰਾਂ ਬਦਲ-ਬਦਲ ਕੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਵੱਖ-ਵੱਖ ਸਿਆਸੀ ਦਲਾਂ ਦੇ ਪ੍ਰਧਾਨ ਮੰਤਰੀ ਘੱਟ ਜਾਂ ਪੂਰੇ ਕਾਰਜਕਾਲ ਲਈ ਸ਼ਾਸਨ ਕਰ ਚੁੱਕੇ ਹਨ। ਲੋਕਤੰਤਰ ਕਾਰਨ ਸ਼ਾਂਤੀਪੂਰਨ ਸੱਤਾ ਤਬਦੀਲੀਆਂ ਹੋ ਰਹੀਆਂ ਹਨ। ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਸੱਤਾਧਾਰੀ ਹਨ।
ਸਾਡੀ ਆਜ਼ਾਦੀ ਦੇ ਮੁੱਢਲੇ ਸਾਲਾਂ ਵਿਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦ ਦੇਸ਼ ਵਿਚ ਖਾਧ ਪਦਾਰਥਾਂ ਦਾ ਸੰਕਟ ਸੀ ਅਤੇ ਸਰਕਾਰ ਨੂੰ ਵਿਦੇਸ਼ਾਂ ਤੋਂ ਕਣਕ ਦੀ ਦਰਾਮਦ ਕਰਨੀ ਪੈਂਦੀ ਸੀ ਪਰ ਅੱਜ ਭਾਰਤ ਨਾ ਸਿਰਫ ਅੰਨ ਦੀ ਪੈਦਾਵਾਰ ਵਿਚ ਆਤਮਨਿਰਭਰ ਹੋ ਚੁੱਕਾ ਹੈ, ਸਗੋਂ ਵਿਸ਼ਵ ਦੇ ਲੋੜਵੰਦ ਦੇਸ਼ਾਂ ਨੂੰ ਖਾਧ ਪਦਾਰਥ ਮੁਹੱਈਆ ਕਰਵਾਉਣ ਵਾਲਾ ‘ਅੰਨ ਦਾ ਕਟੋਰਾ’ ਵੀ ਸਿੱਧ ਹੋ ਰਿਹਾ ਹੈ।
ਖਾਧ ਪਦਾਰਥਾਂ ਦੀ ਪੈਦਾਵਾਰ ਦੇ ਨਾਲ-ਨਾਲ ਅੱਜ ਸਾਡਾ ਦੇਸ਼ ਰੱਖਿਆ ਉਤਪਾਦਨ ਵਿਚ ਵੀ ਆਤਮਨਿਰਭਰ ਹੋਣ ਦੇ ਨਾਲ-ਨਾਲ ਪੁਲਾੜ ਖੋਜ ਵਿਚ ਵੀ ਵਿਸ਼ਵ ਦੇ ਮੋਹਰੀ ਦੇਸ਼ਾਂ ਨਾਲ ਮੁਕਾਬਲਾ ਕਰ ਰਿਹਾ ਹੈ।
ਭਾਰਤ ਪੁਲਾੜ ਖੋਜ ਸੰਸਥਾ (ਇਸਰੋ) ਨਾ ਸਿਰਫ ਪੁਲਾੜ ਵਿਚ ਦੂਜੇ ਦੇਸ਼ਾਂ ਦੇ ਉਪਗ੍ਰਹਿ ਭੇਜ ਰਿਹਾ ਹੈ, ਸਗੋਂ ਆਪਣੇ ਕਈ ਉਪਗ੍ਰਹਿਆਂ ਤੋਂ ਇਲਾਵਾ ‘ਚੰਦਰਯਾਨ’ ਦੀ ਸਫਲ ਲਾਂਚਿੰਗ ਵੀ ਕੀਤੀ ਹੈ।
ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਭਾਰਤੀ ਭਾਈਚਾਰੇ ਦੇ ਲੋਕ ਦੇਸ਼ ਦਾ ਮਾਣ ਵਧਾ ਰਹੇ ਹਨ ਅਤੇ ਵੱਖ-ਵੱਖ ਦੇਸ਼ਾਂ ਵਿਚ ਪ੍ਰਧਾਨ ਮੰਤਰੀ, ਮੰਤਰੀ, ਸੰਸਦ ਮੈਂਬਰ, ਵਿਧਾਇਕ ਆਦਿ ਸਮੇਤ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ ਉੱਪਰ ਬਿਰਾਜਮਾਨ ਹੋ ਕੇ ਉਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
ਇਨ੍ਹਾਂ ਪ੍ਰਾਪਤੀਆਂ ਦੇ ਨਾਲ-ਨਾਲ ਦੇਸ਼ ਨੂੰ ਕੁਝ ਆਫਤਾਂ ਵਿਚੋਂ ਵੀ ਲੰਘਣਾ ਪਿਆ। ਸਾਲ 2019-20 ਵਿਚ ਵਿਸ਼ਵ ਦੇ ਨਾਲ-ਨਾਲ ਭਾਰਤ ਨੂੰ ਵੀ ਕੋਰੋਨਾ ਮਹਾਮਾਰੀ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਲਗਭਗ 2 ਸਾਲਾਂ ਦੇ ਸਮੇਂ ਦੌਰਾਨ ਭਾਰਤ ਵਿਚ ਅਧਿਕਾਰਤ ਅੰਕੜਿਆਂ ਅਨੁਸਾਰ 5,23,975 ਲੋਕਾਂ ਦੀ ਮੌਤ ਹੋਈ।
ਅਤੇ ਹੁਣ ਦੇਸ਼ ਵਿਚ ਪਿਛਲੇ ਕੁਝ ਸਮੇਂ ਤੋਂ ਜਾਰੀ ਕੁਦਰਤੀ ਪ੍ਰਕੋਪਾਂ ਭੂਚਾਲ, ਹੜ੍ਹਾਂ, ਜ਼ਮੀਨ ਖਿਸਕਣ ਅਤੇ ਤੂਫਾਨਾਂ ਆਦਿ ਨਾਲ ਤਬਾਹੀ ਮਚੀ ਹੋਈ ਹੈ। ਸ਼ਾਇਦ ਹੀ ਕੋਈ ਸੂਬਾ ਇਨ੍ਹਾਂ ਆਫਤਾਂ ਤੋਂ ਬਚਿਆ ਹੋਵੇ, ਜਿਸ ਨੂੰ ਦੇਖਦਿਆਂ ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਪਰਲੋ ਆ ਗਈ ਹੋਵੇ।
ਪਰ ਪਹਿਲਾਂ ਦੀ ਤਰ੍ਹਾਂ ਭਾਰਤ ਸਾਰੇ ਖਤਰਿਆਂ ਦਾ ਸਫਲਤਾਪੂਰਵਕ ਸਾਹਮਣਾ ਕਰ ਕੇ ਸੁਰੱਖਿਅਤ ਬਾਹਰ ਨਿਕਲ ਰਿਹਾ ਹੈ ਅਤੇ ਅੱਜ ਦੇਸ਼ ਦੀ ਭਾਗਾਂ ਵਾਲੀ ਜਨਤਾ ਆਪਣੇ ਰਾਸ਼ਟਰ ਦਾ ਆਜ਼ਾਦੀ ਪੁਰਬ ਮਨਾ ਰਹੀ ਹੈ, ਜਿਸ ਲਈ ਅਸੀਂ ਸਾਰੇ ਭਾਰਤੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਭੇਟ ਕਰਦੇ ਹਾਂ।
ਸਾਡੀ ਆਜ਼ਾਦੀ ਪ੍ਰਾਪਤੀ ਦਾ ਇਹ ਦਿਨ ਸਾਨੂੰ ਭਾਰਤੀ ਹੋਣ ਦਾ ਮਾਣ ਪ੍ਰਦਾਨ ਕਰਦਾ ਹੈ। ਸਾਡਾ ਭਾਰਤੀਆਂ ਦਾ ਇਹ ਸਭ ਤੋਂ ਵੱਡਾ ਉਤਸਵ ਅਤੇ ਸਭ ਤੋਂ ਮਹਾਨ ਪੁਰਬ ਹੈ, ਜਿਸ ਨੂੰ ਅਸੀਂ ‘ਭਾਰਤ ਪੁਰਬ’ ਕਹੀਏ ਤਾਂ ਗਲਤ ਨਹੀਂ ਹੋਵੇਗਾ।
ਵਿਜਈ ਵਿਸ਼ਵ ਤਿਰੰਗਾ ਪਿਆਰਾ, ਝੰਡਾ ਊਂਚਾ ਰਹੇ ਹਮਾਰਾ।
-ਵਿਜੇ ਕੁਮਾਰ