ਭਾਰਤੀ ਜੇਲਾਂ ਬਣੀਆਂ ‘ਗੈਸਟ ਹਾਊਸ’ ਮੋਟੀ ਰਕਮ ਦੇ ਕੇ ਹਰ ਸਹੁੂਲਤ ਲੈਣਾ ਸੰਭਵ
Friday, Sep 27, 2019 - 01:23 AM (IST)

ਸਾਡੀਆਂ ਜੇਲਾਂ ’ਚ ਇਕ ਅਜਿਹਾ ਕੁਚੱਕਰ ਚੱਲ ਰਿਹਾ ਹੈ, ਜਿੱਥੇ ਸਟਾਫ ਨੂੰ ਮੂੰਹ ਮੰਗੀ ਰਕਮ ਦੇ ਕੇ ਕੋਈ ਵੀ ਸਹੂਲਤ ਹਾਸਿਲ ਕੀਤੀ ਜਾ ਸਕਦੀ ਹੈ, ਜਿਸ ’ਚ ਟੀ. ਵੀ., ਮੋਬਾਇਲ ਜਾਂ ਨਸ਼ਾ ਸਭ ਸ਼ਾਮਿਲ ਹੈ। ਕੈਦੀਆਂ ਨੂੰ ਸਹੂਲਤਾਂ ਦੇਣ ਬਦਲੇ ਕਰੋੜਾਂ ਰੁਪਏ ਵਸੂਲੇ ਜਾਂਦੇ ਹਨ ਅਤੇ ਬਾਕਾਇਦਾ ਉਪਰ ਤਕ ਇਹ ਪੈਸਾ ਜਾਂਦਾ ਹੈ।
2011 ਤੋਂ 2018 ਤਕ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਕੈਦੀਆਂ ਨੂੰ ਮਿਲ ਕੇ ਪੰਜਾਬ ਦੀਆਂ ਜੇਲਾਂ ਦੀ ਹਾਲਤ ਜਾਣਨ ਵਾਲੇ ‘ਆਮ ਆਦਮੀ ਪਾਰਟੀ’ ਦੇ ਨੇਤਾ ਪ੍ਰੋ. ਤੇਜਪਾਲ ਸਿੰਘ ਅਨੁਸਾਰ ਜਦੋਂ ਉਹ ਕਪੂਰਥਲਾ ਜੇਲ ’ਚ ਗਏ ਤਾਂ ਉਥੇ ਉਨ੍ਹਾਂ ਨੇ ਇਕ ਸਿਆਸੀ ਪਾਰਟੀ ਦੇ ਆਗੂ ਦੇ ਰਿਸ਼ੇਦਾਰ ਨੂੰ ਚਿਕਨ ਖਾਂਦਿਆਂ ਦੇਖਿਆ ਅਤੇ ਉਸ ਦੇ ‘ਕਮਰੇ’ ਵਿਚ ਕਸਰਤ ਕਰਨ ਲਈ ਜਿਮ ਦਾ ਸਾਮਾਨ ਵੀ ਮੌਜੂਦ ਸੀ।
ਬੰਗਲਾਦੇਸ਼ ਦੇ ਰਸਤੇ ਘੁਸਪੈਠ ਦੇ ਦੋਸ਼ ’ਚ ਫੜਿਆ ਗਿਆ ਅਤੇ ਗਵਾਲੀਅਰ ਸੈਂਟਰਲ ਜੇਲ ਵਿਚ ਬੰਦ ਅਹਿਮਦ ਅਲਮੱਕੀ ਨਾਮੀ ਘੁਸਪੈਠੀਆ ਕਸਟਡੀ ਵਿਚ ਰਹਿੰਦੇ ਹੋਏ ਵੀ ਮੋਬਾਇਲ ਅਤੇ ਲੈਪਟਾਪ ਦੀ ਧੜੱਲੇ ਨਾਲ ਵਰਤੋਂ ਕਰਦਾ ਰਿਹਾ ਅਤੇ ਭੇਤ ਖੁੱਲ੍ਹਣ ’ਤੇ ਜੇਲ ਵਿਚ ਬਣਾਏ ਆਪਣੇ ਨੈੱਟਵਰਕ ਦੀ ਸਹਾਇਤਾ ਨਾਲ ਫਰਾਰ ਹੋ ਗਿਆ।
ਇੰਦੌਰ ਦੇ ‘ਸੰਦੀਪ ਤੇਲ ਹੱਤਿਆ ਕਾਂਡ’ ਦੇ ਦੋਸ਼ੀ ਰੋਹਿਤ ਸੇਠੀ ਨੇ ਉਸ ਨੂੰ ਦੇਹਰਾਦੂਨ ਪੇਸ਼ੀ ’ਤੇ ਲਿਜਾਣ ਵਾਲੇ ਪੁਲਸ ਮੁਲਾਜ਼ਮਾਂ ਨਾਲ ਗੰਢਤੁੱਪ ਕਰ ਕੇ ਦੇਹਰਾਦੂਨ ਵਿਚ ਪੇਸ਼ੀ ਨਿਪਟਾਉਣ ਮਗਰੋਂ ਮਸੂਰੀ ਜਾ ਕੇ ਗਰਲਫ੍ਰੈਂਡ ਨਾਲ ਗੁਲਛੱਰੇ ਉਡਾਏ।
ਇਸੇ ਤਰ੍ਹਾਂ ਤਿਹਾੜ ਜੇਲ ਦੇ ਇਕ ਸਹਾਇਕ ਸੁਪਰਡੈਂਟ ’ਤੇ ਜੇਲ ’ਚ ਕੈਦੀਆਂ ਨੂੰ ਮਿਲਣ ਲਈ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ. ਆਈ. ਪੀ. ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਜੇਲ ਦੀ ਡਿਓੜੀ ਅੰਦਰ ਲਿਜਾਣ ਦੇ ਦੋਸ਼ ਲੱਗੇ।
ਅਤੇ ਹੁਣ ਐਂਟੀ ਕੁਰੱਪਸ਼ਨ ਬਿਊਰੋ ਦੀ ਛਾਪੇਮਾਰੀ ਤੋਂ ਬਾਅਦ ਰਾਜਸਥਾਨ ਦੀ ਅਜਮੇਰ ਸੈਂਟਰਲ ਜੇਲ ਵਿਚ ਬੰਦ ਕੈਦੀਆਂ ਵਲੋਂ ਵਿਸ਼ੇਸ਼ ਸਹੂਲਤਾਂ ਅਤੇ ‘ਵੀ. ਆਈ. ਪੀ. ਬੈਰਕਾਂ’ ਹਾਸਿਲ ਕਰਨ ਲਈ 8 ਲੱਖ ਰੁਪਏ ਪ੍ਰਤੀ ਮਹੀਨਾ ਤਕ ਖਰਚ ਕਰਨ ਦਾ ਪਤਾ ਲੱਗਾ ਹੈ।
ਏ. ਸੀ. ਬੀ. ਦੇ ਇਕ ਅਧਿਕਾਰੀ ਮੁਤਾਬਿਕ ਜਾਂਚ ਦੌਰਾਨ ਜੇਲ ਦੀ ਬੈਰਕ ਨੰਬਰ 1 ਤੋਂ 15 ਤਕ ’ਚ ਬੰਦ ਅਮੀਰ ਕੈਦੀਆਂ ਨੂੰ ਸਾਫ-ਸੁਥਰਾ ਕਮਰਾ, ਸਾਫ ਕੱਪੜੇ ਅਤੇ ਟਾਇਲਟ, ਵਿਸ਼ੇਸ਼ ਭੋਜਨ, ਫੋਨਕਾਲ, ਸਿਗਰਟ, ਤੰਬਾਕੂ, ਟੀ. ਵੀ. ਵਰਗੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਕੈਦੀਆਂ ਤੋਂ ਇਕ ਡੱਬਾ ਸਿਗਰਟ ਲਈ 12 ਤੋਂ 15 ਹਜ਼ਾਰ ਰੁਪਏ ਤਕ ਲਏ ਜਾਂਦੇ ਸਨ।
ਇਨ੍ਹਾਂ ਵਿਸ਼ੇਸ਼ ਸਹੂਲਤਾਂ ਬਦਲੇ ਪੈਸੇ ਦਾ ਲੈਣ-ਦੇਣ ਕਰਨ ਲਈ ਜੇਲ ਦਾ ਸਟਾਫ ਜੇਲ ਤੋਂ ਬਾਹਰ ਕੈਦੀਆਂ ਦੇ ਪਰਿਵਾਰ ਵਾਲਿਆਂ ਨੂੰ ਮਿਲਦਾ ਸੀ। ਕੁਝ ਰਕਮ ਨਕਦ ਲਈ ਜਾਂਦੀ, ਜਦਕਿ ਕੁਝ ਆਨਲਾਈਨ ਟਰਾਂਸਫਰ ਕੀਤੀ ਜਾਂਦੀ ਸੀ।
ਅਜਮੇਰ ਜੇਲ ਅੰਦਰ ਜੁਲਾਈ ਵਿਚ ਫੜੇ ਗਏ ਇਸ ਸਕੈਂਡਲ ਵਿਚ ਹੁਣ ਤਕ 4 ਜੇਲ ਅਧਿਕਾਰੀਆਂ ਸਮੇਤ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 2 ਕੈਦੀ ਅਤੇ ਇਕ ਕੈਦੀ ਦਾ ਰਿਸ਼ਤੇਦਾਰ ਸ਼ਾਮਿਲ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਿਕ ਪਿਛਲੇ 2 ਸਾਲਾਂ ’ਚ ਇਸ ਸਕੈਂਡਲ ਵਿਚ ਘੱਟੋ-ਘੱਟ 2 ਕਰੋੜ ਰੁਪਏ ਦੇ ਵਾਰੇ-ਨਿਆਰੇ ਹੋਏ ਹਨ।
ਅਜਿਹੇ ਸਕੈਂਡਲਾਂ ਦਾ ਸਾਹਮਣੇ ਆਉਣਾ ਯਕੀਨੀ ਤੌਰ ’ਤੇ ਭਾਰਤੀ ਜੇਲਾਂ ਵਿਚ ਫੈਲੀ ਅਵਿਵਸਥਾ ਅਤੇ ਯੋਜਨਾਬੱਧ ਢੰਗ ਨਾਲ ਚੱਲ ਰਹੇ ਭ੍ਰਿਸ਼ਟਾਚਾਰ ਦੀ ਭਖਦੀ ਮਿਸਾਲ ਹੈ, ਜਿਸ ਨੂੰ ਰੋਕਣ ਲਈ ਸਖਤ ਪ੍ਰਸ਼ਾਸਕੀ ਕਦਮ ਚੁੱਕਣ ਦੇ ਨਾਲ-ਨਾਲ ਜੇਲਾਂ ਦੀ ਨਿਗਰਾਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵੀ ਲੋੜ ਹੈ।
–ਵਿਜੇ ਕੁਮਾਰ