ਆਜ਼ਾਦੀ ਦੇ 69 ਵਰ੍ਹਿਆਂ ਬਾਅਦ ਵੀ ਨਹੀਂ ਟੁੱਟੇ ''ਜਾਤਵਾਦ ਦੇ ਘਿਨੌਣੇ ਬੰਧਨ''

02/10/2016 5:48:46 AM

ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੁਣ ਚੀਨ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕ ਤਾਕਤ ਬਣਨ ਜਾ ਰਿਹਾ ਹੈ। ਭਾਰਤ ਦੀ ਇਸੇ ਲੰਮੀ ਛਾਲ ਕਾਰਨ ਹੀ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਭਵਿੱਖਬਾਣੀ ਕੀਤੀ ਸੀ ਕਿ ''''ਸੰਨ 2020 ਤਕ ਭਾਰਤ ਆਰਥਿਕ ਤੇ ਤਕਨੀਕੀ ਖੇਤਰ ''ਚ ਸੁਪਰ ਪਾਵਰ ਬਣ ਜਾਵੇਗਾ।''''
ਉਕਤ ਭਵਿੱਖਬਾਣੀ ਦੇ ਸੰਦਰਭ ਵਿਚ ਜੇ ਅਸੀਂ ਦੂਜੇ ਪਹਿਲੂਆਂ ''ਤੇ ਵਿਚਾਰ ਕਰੀਏ ਤਾਂ ਦੇਸ਼ ਨੂੰ ਭ੍ਰਿਸ਼ਟਾਚਾਰ, ਜਾਤਵਾਦ, ਫਿਰਕਾਪ੍ਰਸਤੀ, ਅਨੈਤਿਕਤਾ, ਚਰਿੱਤਰਿਕ ਪਤਨ ਆਦਿ ਦਰਮਿਆਨ ਘਿਰਿਆ ਦੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਆਜ਼ਾਦੀ ਦੇ 69 ਵਰ੍ਹਿਆਂ ਬਾਅਦ ਵੀ ਅਸੀਂ ਜਾਤਵਾਦ ਦੇ ਜ਼ਹਿਰ ਤੋਂ ਮੁਕਤ ਨਹੀਂ ਹੋ ਸਕੇ। ਇਸ ਦੀ ਇਕ ਮਿਸਾਲ 31 ਮਾਰਚ 2011 ਨੂੰ ਕੇਰਲਾ ਦੇ ਤਿਰੂਅਨੰਤਪੁਰਮ ''ਚ ਦੇਖਣ ਨੂੰ ਮਿਲੀ ਸੀ, ਜਿਥੇ ਅਨੁਸੂਚਿਤ ਜਾਤੀ ਦੇ ਇਕ ਸੀਨੀਅਰ ਅਧਿਕਾਰੀ ਏ. ਕੇ. ਰਾਮਾਕ੍ਰਿਸ਼ਣਨ ਦੀ ਅਹੁਦੇ ਤੋਂ ਰਿਟਾਇਰਮੈਂਟ ਮਗਰੋਂ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਦੇ ਦਫਤਰ ਵਾਲੇ ਕਮਰੇ ਤੇ ਫਰਨੀਚਰ ਨੂੰ ਗਊ ਮੂਤਰ ਛਿੜਕ ਕੇ ਪਵਿੱਤਰ ਕੀਤਾ ਸੀ।
ਇਸੇ ਤਰ੍ਹਾਂ ਦਾ ਇਕ ਮਾਮਲਾ ਹੁਣ ਯੂ. ਪੀ. ਦੇ ਕਾਨਪੁਰ (ਦਿਹਾਤੀ) ਜ਼ਿਲੇ ''ਚ ਸਥਿਤ ਇਕ ਸਰਕਾਰੀ ਸਕੂਲ ਵਿਚ ਦੇਖਣ ਨੂੰ ਮਿਲਿਆ ਹੈ। ਬੀਤੀ 3 ਫਰਵਰੀ ਨੂੰ ਵੀਰਸਿੰਘਪੁਰ ਪਿੰਡ ਦੀ ਦਲਿਤ ਸਰਪੰਚ ਪੱਪੀ ਦੇਵੀ ਆਪਣੇ ਪਿੰਡ ਦੇ ਸਕੂਲ ''ਚ ਮਿਡ-ਡੇ ਮੀਲ ਦੀ ਘਟੀਆ ਕੁਆਲਿਟੀ ਦੇ ਸੰਬੰਧ ''ਚ ਹੈੱਡਮਾਸਟਰ ਸਤੀਸ਼ ਸ਼ਰਮਾ ਨੂੰ ਸ਼ਿਕਾਇਤ ਕਰਨ ਗਈ ਸੀ।
ਪੱਪੀ ਦੇਵੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਹੈੱਡਮਾਸਟਰ ਦੇ ਦਫਤਰ ''ਚ ਰੱਖੀ ਕੁਰਸੀ ''ਤੇ ਉਸ ਦੇ ਬੈਠਣ ''ਤੇ ਉਹ ਭੜਕ ਉਠਿਆ ਕਿ ਪੱਪੀ ਦੇਵੀ ਦੀ ਇਹ ਹਿੰਮਤ ਕਿਵੇਂ ਪਈ। ਹੈੱਡਮਾਸਟਰ ਨੇ ਨਾ ਸਿਰਫ ਪੱਪੀ ਦੇਵੀ ਦਾ ਹੱਥ ਫੜ ਕੇ ਮਰੋੜ ਦਿੱਤਾ, ਸਗੋਂ ਉਸ ਦੇ ਚਲੇ ਜਾਣ ਤੋਂ ਬਾਅਦ ਸਕੂਲ ਦੇ ਬੱਚਿਆਂ ਤੇ ਮੁਲਾਜ਼ਮਾਂ ਤੋਂ ਉਸ ਕੁਰਸੀ ਨੂੰ ਧੁਆ ਕੇ ਉਸ ਦਾ ''ਸ਼ੁੱਧੀਕਰਨ'' ਵੀ ਕਰਵਾਇਆ, ਜਿਸ ''ਤੇ ਉਹ ਬੈਠੀ ਸੀ।
ਗੱਲ ਇਥੋਂ ਤਕ ਹੀ ਸੀਮਤ ਨਹੀਂ ਹੈ। ਇਸੇ ਹੈੱਡਮਾਸਟਰ ਵਲੋਂ ਛੂਤਛਾਤ ਦਾ ਇਕ ਹੋਰ ਮਾਮਲਾ ਵੀ ਉਕਤ ਕਾਂਡ ਦੀ ਤਹਿਸੀਲਦਾਰ ਵਲੋਂ ਜਾਂਚ ਕਰਨ ਦੌਰਾਨ ਸਾਹਮਣੇ ਆਇਆ। ਸਕੂਲ ਦੇ ਦਲਿਤ ਬੱਚਿਆਂ ਨੇ ਦੱਸਿਆ ਕਿ ਸਵੇਰ ਨੂੰ ਸਕੂਲ ਦਾ ਜਿੰਦਰਾ ਖੁੱਲ੍ਹਵਾਉਣ ਤੇ ਸ਼ਾਮ ਨੂੰ ਛੁੱਟੀ ਦੇ ਸਮੇਂ ਬੰਦ ਕਰਵਾਉਣ ਤੋਂ ਬਾਅਦ ਹੈੱਡਮਾਸਟਰ ਚਾਬੀ ਲੈਣ ਤੋਂ ਪਹਿਲਾਂ ਉਸ ਨੂੰ ਧੁਆਉਂਦਾ ਹੈ।ਯਕੀਨੀ ਤੌਰ ''ਤੇ ਅਜਿਹੀਆਂ ਘਟਨਾਵਾਂ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਆਜ਼ਾਦੀ ਦੇ 69 ਵਰ੍ਹਿਆਂ ਬਾਅਦ ਵੀ ਜੇ ਸਾਡੀ ਮਾਨਸਿਕ ਗੁਲਾਮੀ ਦਾ ਇਹ ਹਾਲ ਹੈ ਤਾਂ ਫਿਰ ਸਾਨੂੰ ਇਸ ਤੋਂ ਮੁਕਤ ਹੋਣ ਲਈ ਹੋਰ ਕਿੰਨੇ ਸਾਲ ਉਡੀਕ ਕਰਨੀ ਪਵੇਗੀ?  
—ਵਿਜੇ ਕੁਮਾਰ                               


Vijay Kumar Chopra

Chief Editor

Related News