ਜੈਸ਼ੰਕਰ ਨੇ ਕੈਨੇਡਾ ’ਤੇ ਵਿੰਨ੍ਹਿਆ ਨਿਸ਼ਾਨਾ, ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਵੱਖਵਾਦ ਦੀ ਹਮਾਇਤ ਨਹੀਂ
Friday, May 10, 2024 - 08:21 PM (IST)
ਨਵੀਂ ਦਿੱਲੀ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਖਾਲਿਸਤਾਨੀ ਵੱਖਵਾਦੀ ਅਨਸਰਾਂ ਨੂੰ ਸਿਆਸੀ ਹਮਾਇਤ ਦੇ ਕੇ ਕੈਨੇਡਾ ਦੀ ਸਰਕਾਰ ਇਹ ਸੰਦੇਸ਼ ਦੇ ਰਹੀ ਹੈ ਕਿ ਉਸ ਦਾ ਵੋਟ ਬੈਂਕ ਕਾਨੂੰਨ ਦੇ ਰਾਜ ਨਾਲੋਂ ਵਧੇਰੇ ਤਾਕਤਵਰ ਹੈ।
ਇੱਕ ਵਿਸ਼ੇਸ਼ ਇੰਟਰਵਿਊ ’ਚ ਕੈਨੇਡਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਦਾ ਹੈ ਤੇ ਇਸ ਦਾ ਪਾਲਣ ਕਰਦਾ ਹੈ ਪਰ ਇਸ ਦਾ ਮਤਲਬ ਵਿਦੇਸ਼ੀ ਡਿਪਲੋਮੈਟਾਂ ਨੂੰ ਧਮਕੀ ਦੇਣੀ, ਵੱਖਵਾਦ ਦੀ ਹਮਾਇਤ ਕਰਨੀ ਜਾਂ ਹਿੰਸਾ ਦੀ ਵਕਾਲਤ ਕਰਨ ਵਾਲੇ ਅਨਸਰਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਦੀ ਆਜ਼ਾਦੀ ਨਹੀਂ ਹੈ।
ਪੰਜਾਬ ਦੇ ਸਿੱਖ ਪ੍ਰਵਾਸੀਆਂ ’ਚ ਖਾਲਿਸਤਾਨੀ ਹਮਾਇਤੀਆਂ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟਾਈ ਕਿ ਕਿਵੇਂ ਸ਼ੱਕੀ ਪਿਛੋਕੜ ਵਾਲੇ ਲੋਕਾਂ ਨੂੰ ਕੈਨੇਡਾ ’ਚ ਦਾਖਲ ਹੋਣ ਅਤੇ ਰਹਿਣ ਦੀ ਆਗਿਆ ਦਿੱਤੀ ਜਾ ਰਹੀ ਹੈ?
ਉਨ੍ਹਾਂ ਕਿਹਾ ਕਿ ਕਿਸੇ ਵੀ ਨਿਯਮ-ਅਧਾਰਤ ਸਮਾਜ ’ਚ ਤੁਸੀਂ ਲੋਕਾਂ ਦੇ ਪਿਛੋਕੜ , ਉਹ ਕਿਵੇਂ ਆਏ, ਉਨ੍ਹਾਂ ਕੋਲ ਕਿਹੜਾ ਪਾਸਪੋਰਟ ਹੈ, ਆਦਿ ਦੀ ਜਾਂਚ ਕਰੋਗੇ? ਜੇ ਤੁਹਾਡੇ ਕੋਲ ਅਜਿਹੇ ਲੋਕ ਹਨ ਜੋ ਸ਼ੱਕੀ ਦਸਤਾਵੇਜ਼ਾਂ ਦੇ ਆਧਾਰ 'ਤੇ ਮੌਜੂਦ ਹਨ ਤਾਂ ਤੁਸੀਂ ਕੀ ਕਰੋਗੇ?