ਭਾਰਤੀ ਅਦਾਲਤਾਂ ਦੇ ਅੰਦਰ ਅਤੇ ਬਾਹਰ ਵਧ ਰਹੀਆਂ ਹਿੰਸਕ ਘਟਨਾਵਾਂ

08/18/2022 1:25:48 AM

ਭਾਰਤੀ ਅਦਾਲਤੀ ਕੰਪਲੈਕਸਾਂ ਤੇ ਉਨ੍ਹਾਂ ਦੇ ਨੇੜੇ-ਤੇੜੇ ਅਪਰਾਧੀ ਗਿਰੋਹਾਂ ਅਤੇ ਹੋਰਨਾਂ ਲੋਕਾਂ ਵੱਲੋਂ ਗੋਲੀਬਾਰੀ ਅਤੇ ਹਿੰਸਾ ਦਾ ਸਿਲਸਿਲਾ ਕੁਝ ਸਮੇਂ ਤੋਂ ਸ਼ੁਰੂ ਹੋਇਆ ਹੈ, ਜਿਸ ਤੋਂ ਹੁਣ ਅਦਾਲਤਾਂ ਵੀ ਸੁਰੱਖਿਅਤ ਨਹੀਂ ਰਹਿ ਗਈਆਂ। ਇਸ ਦਾ ਅੰਦਾਜ਼ਾ ਸਿਰਫ 3 ਹਫਤਿਆਂ ਦੇ ਅੰਦਰ ਸਾਹਮਣੇ ਆਈਆਂ ਹੇਠਲੀਆਂ 3 ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :
* 27 ਜੁਲਾਈ ਨੂੰ ਕਾਨਪੁਰ ਅਦਾਲਤੀ ਕੰਪਲੈਕਸ ਵਿਚ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨੁਰਾਗ ਸ਼੍ਰੀਵਾਸਤਵ ਉਤੇ ਦੂਸਰੇ ਵਕੀਲਾਂ ਨੇ ਬਾਹਰੀ ਵਿਅਕਤੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਨ੍ਹਾਂ ’ਚੋਂ ਇਕ ਦੋਸ਼ੀ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝ ਗਿਅਾ। ਇਸ ਦੇ ਬਾਅਦ ਦੋਸ਼ੀਆਂ ਨੇ ਜਨਰਲ ਸਕੱਤਰ ਨਾਲ ਹੱਥੋਪਾਈ ਕਰ ਕੇ ਉਸ ਦੀ ਸ਼ਰਟ ਪਾੜ ਦਿੱਤੀ ਅਤੇ ਉਸ ਦੇ ਹੱਥ ਉਤੇ ਵੀ ਸੱਟ ਲੱਗ ਗਈ।

* 13 ਅਗਸਤ ਨੂੰ ਕਰਨਾਟਕ ਦੇ ਹਾਸਨ ਜ਼ਿਲੇ ’ਚ ਸ਼ਿਵ ਕੁਮਾਰ ਨਾਮਕ ਵਿਅਕਤੀ ‘ਹੋਲੇਨਰਾਸੀਪੁਰਾ’ ਦੇ ਅਦਾਲਤੀ ਕੰਪਲੈਕਸ ’ਚ ਆਪਣੀ ਪਤਨੀ ਚੈਤ੍ਰਾ ਨਾਲ ਤਲਾਕ ਕੇਸ ਦੀ ਸੁਣਵਾਈ ਦੇ ਬਾਅਦ ਕਾਊਂਸਲਿੰਗ ਦੇ ਦੌਰਾਨ ਪਹਿਲਾਂ ਤਾਂ ਵਿਵਾਦ ਸੁਲਝਾਉਣ ਨੂੰ ਮੰਨ ਗਿਆ ਅਤੇ ਦੋਵਾਂ ਧਿਰਾਂ ਨੇ ਆਪਣੇ 2 ਬੱਚਿਆਂ ਦੀ ਖਾਤਰ ਤਲਾਕ ਦੀ ਅਰਜ਼ੀ ਵਾਪਸ ਲੈਣ ਅਤੇ ਇਕੱਠੇ ਰਹਿਣ ਦੀ ਸਹਿਮਤੀ ਪ੍ਰਗਟ ਕਰ ਦਿੱਤੀ।
ਸੁਲਾਹ-ਸਫਾਈ ਦੇ ਬਾਅਦ ਜਦੋਂ ਪਤਨੀ ਚੈਤ੍ਰਾ ਬਾਥਰੂਮ ਗਈ ਤਾਂ ਸ਼ਿਵ ਕੁਮਾਰ ਵੀ ਉਸ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਿਆ ਅਤੇ ਉਸ ’ਤੇ ਚਾਕੂ ਨਾਲ ਤਾਬੜਤੋੜ ਹਮਲੇ ਕਰ ਕੇ ਉਸ ਦਾ ਗਲਾ ਕੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 16 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਹਾਪੁੜ ਦੀ ਅਦਾਲਤ ’ਚ ਹਰਿਆਣਾ ਤੋਂ ਪੇਸ਼ੀ ਭੁਗਤਾਉਣ ਲਈ ਲਿਆਂਦੇ ਗਏ ਲਾਖਨ ਉਰਫ ਯਸ਼ਪਾਲ ਨਾਮਕ ਹਿਸਟ੍ਰੀਸ਼ੀਟਰ ਨੂੰ ਅਦਾਲਤ ਦੇ ਗੇਟ ’ਤੇ ਪੁਲਸ ਵਾਹਨ ਤੋਂ ਉਤਾਰ ਕੇ ਜਿਉਂ ਹੀ ਉਸ ਦੇ ਨਾਲ ਆਏ ਹਰਿਆਣਾ ਦੇ 5 ਸੁਰੱਖਿਆ ਮੁਲਾਜ਼ਮ ਉਸ ਨੂੰ ਅੰਦਰ ਲਿਜਾਣ ਲੱਗੇ ਤਾਂ ਉਸੇ ਸਮੇਂ ਉੱਥੇ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ 3 ਬਦਮਾਸ਼ਾਂ ਨੇ ਉਸ ’ਤੇ ਤਾਬੜਤੋੜ ਫਾਇਰਿੰਗ ਕਰ ਕੇ ਉਸ ਨੂੰ ਢੇਰ ਕਰ ਦਿੱਤਾ। ਇਸ ਘਟਨਾ ’ਚ ਓਮ ਪ੍ਰਕਾਸ਼ ਨਾਮਕ ਹਰਿਆਣਾ ਪੁਲਸ ਦਾ ਇਕ ਸਿਪਾਹੀ ਵੀ ਜ਼ਖਮੀ ਹੋ ਗਿਆ।
ਇੱਥੇ 3 ਘਟਨਾਵਾਂ ਦੀ ਉਦਾਹਰਣ ਦਿੱਤੀ ਗਈ ਹੈ ਪਰ ਦੇਸ਼ ਦੀਆਂ ਅਦਾਲਤਾਂ ਦੇ ਅੰਦਰ ਅਤੇ ਬਾਹਰ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਜੋ ਅਪਰਾਧੀਆਂ ਦੇ ਬੁਲੰਦ ਹੌਸਲਿਆਂ ਤੇ ਸੁਰੱਖਿਆ ਪ੍ਰਣਾਲੀ ’ਚ ਖਾਮੀਆਂ ਦਾ ਮੂੰਹ ਬੋਲਦਾ ਸਬੂਤ ਹਨ।
ਇਸ ਲਈ ਜਿੱਥੇ ਅਦਾਲਤੀ ਕੰਪਲੈਕਸਾਂ ’ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਦੀ ਲੋੜ ਹੈ ਉਥੇ ਹੀ ਕਈ ਅਦਾਲਤਾਂ ’ਚ ਅਜੇ ਕੈਮਰੇ ਵੀ ਨਹੀਂ ਲੱਗੇ ਹਨ ਅਤੇ ਜੋ ਲੱਗੇ ਹਨ, ਉਨ੍ਹਾਂ ’ਚੋਂ ਵਧੇਰੇ ਕੰਮ ਨਹੀਂ ਕਰ ਰਹੇ, ਜਿਨ੍ਹਾਂ ਦਾ ਚਾਲੂ ਹਾਲਤ ’ਚ ਹੋਣਾ ਅਦਾਲਤਾਂ ’ਚ ਸੁਰੱਖਿਆ ਲਈ ਜ਼ਰੂਰੀ ਹੈ। 

ਵਿਜੇ ਕੁਮਾਰ


Karan Kumar

Content Editor

Related News