ਪੈਟਰੋਲ ਪੰਪਾਂ ’ਤੇ ਵਧ ਰਹੀਆਂ ‘ਹਮਲਿਆਂ ਅਤੇ ਲੁੱਟ-ਖੋਹ’ ਦੀਆਂ ਘਟਨਾਵਾਂ

Wednesday, Dec 14, 2022 - 01:42 AM (IST)

ਪੈਟਰੋਲ ਪੰਪਾਂ ’ਤੇ ਵਧ ਰਹੀਆਂ ‘ਹਮਲਿਆਂ ਅਤੇ ਲੁੱਟ-ਖੋਹ’ ਦੀਆਂ ਘਟਨਾਵਾਂ

ਦੇਸ਼ ’ਚ ਜਿਥੇ ਵੱਖ-ਵੱਖ ਅਪਰਾਧ ਜ਼ੋਰਾਂ ’ਤੇ ਹਨ, ਉਥੇ ਹੀ ਪੈਟਰੋਲ ਪੰਪ ਵੀ ਹੁਣ ਅਪਰਾਧੀ ਤੱਤਾਂ ਦੇ ਨਿਸ਼ਾਨੇ ’ਤੇ ਆ ਗਏ ਹਨ ਅਤੇ ਇਨ੍ਹਾਂ ਦੇ ਮਾਲਕਾਂ ਤੇ ਸਟਾਫ ’ਤੇ ਅਕਸਰ ਲੁੱਟ ਦੇ ਇਰਾਦੇ ਨਾਲ ਹਮਲੇ ਹੋ ਰਹੇ ਹਨ। ਲੁੱਟ-ਖੋਹ ਕਿੰਨੀ ਵਧ ਚੁੱਕੀ ਹੈ ਇਹ ਸਿਰਫ ਇਕ ਮਹੀਨੇ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :

* 12 ਨਵੰਬਰ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਦੇ ‘ਬਿਜੌਲੀ’ ਥਾਣਾ ’ਚ ਸਥਿਤ ਇਕ ਪੈਟਰੋਲ ਪੰਪ ’ਤੇ ਅੱਧਾ ਦਰਜਨ ਹਥਿਆਰਬੰਦ ਲੁਟੇਰੇ ਉਥੋਂ ਦੇ ਸਟਾਫ ਨਾਲ ਕੁੱਟਮਾਰ ਅਤੇ ਕੈਬਿਨ ਦੇ ਅੰਦਰ ਵੜ ਕੇ ਲੁੱਟ-ਖੋਹ ਕਰਨ ਤੋਂ ਬਾਅਦ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ।
* 20 ਨਵੰਬਰ ਨੂੰ ਪੁਣੇ ਦੇ ‘ਚਿਖਰੀ’ ਇਲਾਕੇ ’ਚ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰੇ ਦਿਨ ਭਰ ਦੀ ਵਿਕਰੀ ਦੀ ਰਕਮ 8.93 ਲੱਖ ਰੁਪਏ ਦੀ ਲੁੱਟ ਕਰ ਕੇ ਲੈ ਗਏ।
* 29 ਨਵੰਬਰ ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ‘ਪੈਲਾਨੀ’ ਥਾਣਾ ਇਲਾਕੇ ’ਚੋਂ 3 ਨਕਾਬਪੋਸ਼ ਲੁਟੇਰਿਆਂ ਨੇ ਇਕ ਪੈਟਰੋਲ ਪੰਪ ਤੋਂ 20,000 ਰੁਪਏ ਲੁੱਟ ਲਏ।

ਅਤੇ ਹੁਣ 11 ਦਸੰਬਰ ਰਾਤ ਨੂੰ ਰਿਵਾੜੀ (ਹਰਿਆਣਾ) ਜ਼ਿਲੇ ’ਚ ਹਥਿਆਰਬੰਦ ਬਦਮਾਸ਼ਾਂ ਨੇ ਸਿਰਫ ਅੱਧੇ ਘੰਟੇ ’ਚ ਫਾਇਰਿੰਗ ਕਰ ਕੇ ਇਕੱਠੇ ‘ਨਿਖਰੀ’ ਅਤੇ ‘ਖਿਜੂਰੀ’ ਦੇ ਦਰਮਿਆਨ 10 ਕਿਲੋਮੀਟਰ ਦੀ ਪੱਟੀ ’ਚ ਸਥਿਤ 4 ਪੈਟਰੋਲ ਪੰਪਾਂ ਤੋਂ 1.23 ਲੱਖ ਰੁਪਏ ਲੁੱਟ ਲਏ ਅਤੇ ਇਸ ਦੌਰਾਨ ਇਕ ਪੈਟਰੋਲ ਪੰਪ ਦੇ ਸੇਲਜ਼ਮੈਨ ਨੂੰ ਜ਼ਖਮੀ ਵੀ ਕਰ ਦਿੱਤਾ। ਲੁਟੇਰੇ ਇਕ ਪੈਟਰੋਲ ਪੰਪ ਤੋਂ 40 ਹਜ਼ਾਰ ਰੁਪਏ, ਦੂਜੇ ਤੋਂ 22 ਹਜ਼ਾਰ ਰੁਪਏ, ਤੀਜੇ ਪੈਟਰੋਲ ਪੰਪ ਤੋਂ 11 ਹਜ਼ਾਰ ਰੁਪਏ ਅਤੇ ਚੌਥੇ ਪੈਟਰੋਲ ਪੰਪ ਤੋਂ 50 ਹਜ਼ਾਰ ਰੁਪਏ ਲੁੱਟਣ ਦੇ ਬਾਅਦ ਕਾਰ ’ਚ ਸਵਾਰ ਹੋ ਕੇ ਜੈਪੁਰ ਵੱਲ ਭੱਜ ਗਏ।

ਅਸੀਂ ਆਪਣੇ 2 ਨਵੰਬਰ 2022 ਦੇ ਸੰਪਾਦਕੀ ‘ਨਹੀਂ ਰੁਕ ਰਹੀਆਂ ਪੈਟਰੋਲ ਪੰਪਾਂ ’ਤੇ ਹਮਲਿਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ’ ਵਿਚ ਲਿਖਿਆ ਸੀ, ‘‘ਇਹ ਸਾਰੀਆਂ ਘਟਨਾਵਾਂ ਲੁਟੇਰਿਆਂ ਦੇ ਵਧ ਰਹੇ ਹੌਸਲਿਆਂ ਦਾ ਸੰਕੇਤ ਦਿੰਦੀਆਂ ਹਨ। ਆਮ ਤੌਰ ’ਤੇ ਪੈਟਰੋਲ ਪੰਪ ਮੁੱਖ ਮਾਰਗਾਂ ’ਤੇ ਹੀ ਸਥਿਤ ਹੁੰਦੇ ਹਨ, ਜਿਥੇ ਆਵਾਜਾਈ ਵੀ ਲੱਗੀ ਰਹਿੰਦੀ ਹੈ, ਇਸ ਲਈ ਉਥੇ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਕਾਨੂੰਨ-ਵਿਵਸਥਾ ’ਚ ਕਿਤੇ ਕੁਝ ਕਮੀ ਜ਼ਰੂਰ ਹੈ।’’

ਅਜਿਹੀਆਂ ਘਟਨਾਵਾਂ ’ਚ ਆਮ ਤੌਰ ’ਤੇ ਅਪਰਾਧੀ ਤੱਤ ਸ਼ਾਮਲ ਹੁੰਦੇ ਹਨ। ਵਰਣਨਯੋਗ ਹੈ ਕਿ ਕਈ ਵਾਰ ਪੈਟਰੋਲ ਪੰਪਾਂ ’ਤੇ ਪੈਟਰੋਲ ਪਾਉਣ ਲਈ ਵੀ ਵਾਹਨ ਚਾਲਕ ਆਏ ਹੋਏ ਹੁੰਦੇ ਹਨ ਅਤੇ ਕਈ ਵਾਰ ਉਥੇ ਸਟਾਫ ਤੋਂ ਇਲਾਵਾ ਪੈਟਰੋਲ ਪੰਪਾਂ ਦੇ ਮਾਲਕ ਵੀ ਮੌਜੂਦ ਹੁੰਦੇ ਹਨ, ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਵੱਧ ਹਾਨੀ ਵੀ ਹੋ ਸਕਦੀ ਹੈ। ਇਸ ਲਈ ਪੈਟਰੋਲ ਪੰਪਾਂ ’ਤੇ ਸੁਰੱਖਿਆ ਵਧਾਉਣ ਦੀ ਤੁਰੰਤ ਲੋੜ ਹੈ।

–ਵਿਜੇ ਕੁਮਾਰ


author

Mukesh

Content Editor

Related News