''ਅਪਰਾਧਾਂ ਦੀ ਰਾਜਧਾਨੀ'' ਦਿੱਲੀ ''ਚ ਵਧੇ ਅਪਰਾਧ

01/15/2018 4:22:45 AM

ਕੁਝ ਸਾਲਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਨੂੰ 'ਅਪਰਾਧਾਂ ਦੀ ਰਾਜਧਾਨੀ' ਦੇ ਨਾਂ ਨਾਲ ਵੀ ਬੁਲਾਇਆ ਜਾਣ ਲੱਗਾ ਹੈ। ਇਸ ਦੀ ਪੁਸ਼ਟੀ ਮੁੜ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਪਿਛਲੇ ਸਾਲ ਦਿੱਲੀ 'ਚ ਹੋਏ ਅਪਰਾਧਾਂ ਦੇ ਜਾਰੀ ਅੰਕੜਿਆਂ ਮੁਤਾਬਿਕ ਇਨ੍ਹਾਂ ਵਿਚ 12 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। 
ਹਾਲਾਂਕਿ ਪੁਲਸ ਆਪਣੇ ਰਿਕਾਰਡਸ ਦੇ ਆਧਾਰ 'ਤੇ ਕਹਿ ਰਹੀ ਹੈ ਕਿ ਉਥੇ ਬਲਾਤਕਾਰ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਦੀ ਗਿਣਤੀ ਘਟੀ ਹੈ, ਜਦਕਿ ਗੱਡੀਆਂ ਦੀ ਚੋਰੀ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ ਉਸ ਦੇ ਲਈ ਵੀ ਚਿੰਤਾ ਦਾ ਵਿਸ਼ਾ ਹਨ। 
ਅੰਕੜਿਆਂ ਮੁਤਾਬਿਕ ਸੰਨ 2016 'ਚ ਦਰਜ ਹੋਏ 1,99,110 ਅਪਰਾਧਿਕ ਮਾਮਲਿਆਂ ਦੇ ਮੁਕਾਬਲੇ 2017 ਦੌਰਾਨ 2,23,075 ਮਾਮਲੇ ਦਰਜ ਹੋਏ। ਪਿਛਲੇ ਸਾਲ ਪ੍ਰਤੀ 1 ਲੱਖ ਲੋਕਾਂ ਪਿੱਛੇ ਭਾਰਤੀ ਦੰਡਾਵਲੀ ਦੇ ਤਹਿਤ 1263 ਮਾਮਲੇ ਦਰਜ ਹੋਏ, ਜੋ 2016 ਦੌਰਾਨ 1137 ਸਨ। 
ਦਿੱਲੀ ਪੁਲਸ ਵਧੇ ਅਪਰਾਧਾਂ ਦੀ ਵਜ੍ਹਾ ਰਾਜਧਾਨੀ ਵਿਚ ਪ੍ਰਵਾਸੀਆਂ ਦੀ ਜ਼ਿਆਦਾ ਗਿਣਤੀ, ਵਧਦੀ ਆਰਥਿਕ ਨਾਬਰਾਬਰੀ ਅਤੇ ਪਰਿਵਾਰਾਂ ਦੇ ਘਟੀਆ ਕੰਟਰੋਲ ਨੂੰ ਮੰਨਦੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਅਪਰਾਧ ਦਰਜ ਹੋਣ ਦੇ ਅੰਕੜੇ ਵਧਣ ਦਾ ਇਕ ਹੋਰ ਕਾਰਨ ਇਨ੍ਹਾਂ ਨੂੰ ਦਰਜ ਕਰਨ 'ਚ ਪਾਰਦਰਸ਼ਿਤਾ, ਜਾਇਦਾਦ ਅਤੇ ਗੱਡੀਆਂ ਦੀ ਚੋਰੀ ਦੀ ਆਨਲਾਈਨ ਐੱਫ. ਆਈ. ਆਰ. ਦਰਜ ਕਰਵਾਉਣ ਦੀ ਸਹੂਲਤ ਅਤੇ ਔਰਤਾਂ ਦੀਆਂ ਸਾਰੀਆਂ ਸ਼ਿਕਾਇਤਾਂ 'ਤੇ ਤੁਰੰਤ ਐੱਫ. ਆਈ. ਆਰ. ਦਰਜ ਕਰਨਾ ਹੈ। 
ਦਿੱਲੀ ਦੇ ਪੁਲਸ ਕਮਿਸ਼ਨਰ ਅਮੁੱਲਿਆ ਪਟਨਾਇਕ ਨੇ ਅਪਰਾਧ ਵਧਣ ਦਾ ਸਬੰਧ ਸਮਾਜਿਕ-ਆਰਥਿਕ ਨਾਬਰਾਬਰੀ ਨਾਲ ਜੋੜਦਿਆਂ ਕਿਹਾ, ''ਖੁਸ਼ਹਾਲ ਵਰਗ ਅਤੇ ਘੱਟ ਖੁਸ਼ਹਾਲ ਵਰਗ ਦੇ ਲੋਕਾਂ ਵਿਚਾਲੇ ਵਧ ਰਹੀ ਸਮਾਜਿਕ-ਆਰਥਿਕ ਨਾਬਰਾਬਰੀ ਅਪਰਾਧਾਂ ਨੂੰ ਜਨਮ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਹੈ। ਸਿੱਟੇ ਵਜੋਂ ਨੌਜਵਾਨਾਂ ਵਿਚ ਪੈਦਾ ਹੋਣ ਵਾਲੀ ਬੇਸਬਰੀ ਅਤੇ ਤੁਰੰਤ ਅਮੀਰ  ਹੋਣ ਦੀ ਲਾਲਸਾ ਉਨ੍ਹਾਂ ਨੂੰ ਅਪਰਾਧੀ ਬਣਨ ਦੇ ਰਾਹ 'ਤੇ ਤੋਰ ਦਿੰਦੀ ਹੈ।''
ਉਨ੍ਹਾਂ ਮੁਤਾਬਿਕ ਸਰਗਰਮ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ 'ਤੇ ਸਖਤ ਨਜ਼ਰ ਰੱਖਣ ਦੇ ਨਾਲ ਸੜਕਾਂ 'ਤੇ ਪੁਲਸ ਦੀ ਜ਼ਿਆਦਾ ਮੌਜੂਦਗੀ ਕਾਰਨ ਘਿਨਾਉਣੇ ਅਪਰਾਧਾਂ ਦੀ ਦਰ ਘਟ ਕੇ 23.43 ਫੀਸਦੀ ਰਹਿ ਗਈ ਹੈ, ਜਦਕਿ ਲੁੱਟ-ਮਾਰ ਅਤੇ ਝਪਟਮਾਰੀ ਵਰਗੇ ਸੜਕਾਂ 'ਤੇ ਹੋਣ ਵਾਲੇ ਅਪਰਾਧ 21.05 ਫੀਸਦੀ ਘਟੇ ਹਨ। 
ਪੁਲਸ ਮੁਲਾਜ਼ਮਾਂ ਵਿਚ ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਲਈ ਪਿਛਲੇ ਸਾਲ 59 ਪੁਲਸ ਵਾਲਿਆਂ ਨੂੰ ਬਰਖਾਸਤ ਅਤੇ 585 ਨੂੰ ਮੁਅੱਤਲ ਕੀਤਾ ਗਿਆ।
ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਅਕਸਰ ਸੁਰਖ਼ੀਆਂ 'ਚ ਰਹਿਣ ਵਾਲੀ ਰਾਜਧਾਨੀ ਵਿਚ ਪਿਛਲੇ ਸਾਲ ਬਲਾਤਕਾਰ ਦੇ 2049 ਮਾਮਲੇ ਦਰਜ ਹੋਏ, ਜਿਨ੍ਹਾਂ ਦੀ ਗਿਣਤੀ 2016 'ਚ 2064 ਸੀ, ਜਦਕਿ ਤਸ਼ੱਦਦ ਦੇ ਮਾਮਲੇ 4035 ਦੇ ਮੁਕਾਬਲੇ 3273 ਦਰਜ ਹੋਏ ਹਨ। 
ਭਾਵ ਘਿਨਾਉਣੇ ਅਪਰਾਧਾਂ ਦੀ ਦਰ 'ਚ ਕਮੀ ਦੇ ਦਿੱਲੀ ਪੁਲਸ ਦੇ ਦਾਅਵਿਆਂ ਦੇ ਬਾਵਜੂਦ ਪਿਛਲੇ ਸਾਲ ਰੋਜ਼ਾਨਾ ਔਸਤਨ ਬਲਾਤਕਾਰ ਦੇ 5 ਮਾਮਲੇ ਦਰਜ ਹੋਏ। ਇਹ ਵੀ ਚਿੰਤਾਜਨਕ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਬਲਾਤਕਾਰ ਕਰਨ ਵਾਲੇ ਪੀੜਤਾਵਾਂ ਦੇ ਜਾਣਕਾਰ ਸਨ। 
ਅੰਕੜਿਆਂ ਮੁਤਾਬਿਕ 96.63 ਫੀਸਦੀ ਮਾਮਲਿਆਂ ਵਿਚ ਬਲਾਤਕਾਰ ਕਰਨ ਵਾਲੇ ਪੀੜਤਾਵਾਂ ਦੇ ਜਾਣੂ ਸਨ, ਜਿਨ੍ਹਾਂ 'ਚੋਂ 38.99 ਫੀਸਦੀ ਮਾਮਲਿਆਂ 'ਚ ਦੋਸਤ ਅਤੇ ਪਰਿਵਾਰਕ ਮਿੱਤਰ, ਗੁਆਂਢੀ 19.08 ਅਤੇ ਰਿਸ਼ਤੇਦਾਰ 14.20 ਫੀਸਦੀ ਮਾਮਲਿਆਂ 'ਚ ਦੋਸ਼ੀ ਸਨ। 
ਪੁਲਸ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ ਸਾਲ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲਿਆਂ 'ਤੇ ਵੀ ਸਖ਼ਤੀ ਕੀਤੀ ਹੈ। ਉਸ ਦੇ ਮੁਤਾਬਿਕ ਸਹੀ ਤਾਲਮੇਲ ਬਿਠਾ ਕੇ ਕੀਤੀਆਂ ਗਈਆਂ ਕਾਰਵਾਈਆਂ ਦੀ ਵਜ੍ਹਾ ਕਰਕੇ ਹੀ ਨਾਜਾਇਜ਼ ਹਥਿਆਰਾਂ ਨੂੰ ਜ਼ਬਤ ਕੀਤੇ ਜਾਣ ਵਿਚ 50 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ। 
ਦਿੱਲੀ ਪੁਲਸ ਅਨੁਸਾਰ ਰਾਜਧਾਨੀ ਦੀ ਆਬਾਦੀ ਚਾਰ ਗੁਣਾ ਵਧਦਿਆਂ 1971 'ਚ 43 ਲੱਖ ਤੋਂ ਵਧ ਕੇ 2017 'ਚ 2.05 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ ਸੜਕਾਂ 'ਤੇ ਦੌੜਨ ਵਾਲੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਵੀ ਵਧ ਕੇ 1.08 ਕਰੋੜ ਹੋ ਚੁੱਕੀ ਹੈ, ਜੋ 1971 'ਚ ਸਿਰਫ 2.17 ਲੱਖ ਸੀ। ਇਸ ਮਿਆਦ ਦੌਰਾਨ ਸੜਕਾਂ 'ਚ ਸਿਰਫ 4 ਗੁਣਾ ਵਾਧਾ ਹੋਇਆ ਹੈ, ਜਿਸ ਕਾਰਨ ਅਕਸਰ ਟਰੈਫਿਕ ਤੇ ਸੜਕ ਹਾਦਸਿਆਂ ਦੀ ਗਿਣਤੀ ਵੀ ਕਈ ਗੁਣਾ ਵਧ ਗਈ ਹੈ। 
ਪਿਛਲੇ ਸਾਲ ਪੁਲਸ ਨੇ ਦੋ ਗੁਣਾ ਜ਼ਿਆਦਾ ਚਲਾਨ ਕੀਤੇ ਅਤੇ ਹੈਲਮਟ ਨਾ ਪਹਿਨਣ ਤੇ ਸੀਟ ਬੈਲੇਟ ਨਾ ਲਾਉਣ ਵਾਲਿਆਂ 'ਤੇ ਵੀ ਸਖ਼ਤੀ ਕੀਤੀ। ਇਸ ਕਾਰਨ 2016 'ਚ 7067 ਹਾਦਸਿਆਂ ਦੇ ਮੁਕਾਬਲੇ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 6456 ਤਕ ਕੁਝ ਘੱਟ ਕੀਤੀ ਜਾ ਸਕੀ ਹੈ। ਇਸ ਦੇ ਬਾਵਜੂਦ ਰਾਜਧਾਨੀ 'ਚ ਹਾਦਸਿਆਂ ਦੌਰਾਨ ਮੌਤਾਂ ਲਈ ਸਭ ਤੋਂ ਵੱਧ ਜ਼ਿੰਮੇਵਾਰ ਅਜੇ ਵੀ ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ ਹੈ। 
ਬੇਸ਼ੱਕ ਹੀ ਦਿੱਲੀ ਪੁਲਸ ਅਪਰਾਧਾਂ ਦੇ ਵਧੇ ਅੰਕੜਿਆਂ ਦਾ ਕਾਰਨ ਇਨ੍ਹਾਂ ਨੂੰ ਦਰਜ ਕਰਨ 'ਚ ਪਾਰਦਰਸ਼ਿਤਾ, ਜਾਇਦਾਦ ਤੇ ਗੱਡੀਆਂ ਦੀ ਚੋਰੀ ਦੀ ਆਨਲਾਈਨ ਐੱਫ. ਆਈ. ਆਰ. ਦਰਜ ਕਰਵਾਉਣ ਦੀ ਸਹੂਲਤ ਅਤੇ ਔਰਤਾਂ ਦੀਆਂ ਸਾਰੀਆਂ ਸ਼ਿਕਾਇਤਾਂ 'ਤੇ ਤੁਰੰਤ ਐੱਫ. ਆਈ. ਆਰ. ਦਰਜ ਕਰਨਾ ਮੰਨਦੀ ਹੋਵੇ ਪਰ ਇਸ ਦੇ ਬਾਵਜੂਦ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਅੰਕੜੇ ਬਹੁਤ ਜ਼ਿਆਦਾ ਹਨ ਤੇ ਦਿੱਲੀ ਪਹਿਲਾਂ ਵਾਂਗ ਹੀ ਇਥੋਂ ਦੇ ਲੋਕਾਂ ਲਈ ਅਸੁਰੱਖਿਅਤ ਬਣੀ ਹੋਈ ਹੈ।


Vijay Kumar Chopra

Chief Editor

Related News