ਮਹਾਰਾਸ਼ਟਰ ’ਚ ‘ਠਾਕਰੇ’ ਅਤੇ ‘ਸ਼ਿੰਦੇ’ ਧੜਾ ਹੁਣ ‘ਖੁੱਲ੍ਹੇ ਆਮ ਸੜਕਾਂ ’ਤੇ’ ਉਤਰੇ

06/26/2022 1:12:25 AM

ਮਹਾਰਾਸ਼ਟਰ ’ਚ ਜਾਰੀ ਸਿਆਸੀ ਸੰਗਰਾਮ ਹੋਰ ਡੂੰਘਾ ਹੋ ਗਿਆ ਹੈ ਅਤੇ ਲੜਾਈ ਰਾਜਭਵਨ ਅਤੇ ਵਿਧਾਨ ਸਭਾ ਤੱਕ ਪਹੁੰਚ ਗਈ ਹੈ। ਇਕ ਪਾਸੇ ਮੁੱਖ ਮੰਤਰੀ ਊਧਵ ਠਾਕਰੇ ‘ਸ਼ਿਵਸੈਨਾ’ ਅਤੇ ‘ਮਹਾ ਵਿਕਾਸ ਅਘਾੜੀ’ ਦੀ ਸਰਕਾਰ ਬਚਾਉਣ ਦੇ ਯਤਨ ’ਚ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਦੀ ਬਗਾਵਤ ਤੋਂ ਨਾਰਾਜ਼ ਊਧਵ ਸਮਰਥਕ ਸ਼ਿਵਸੈਨਿਕ ਸੜਕਾਂ ’ਤੇ ਹੁਣ ਉਤਰ ਆਏ ਹਨ। ਊਧਵ ਸਮਰਥਕਾਂ ਨੇ 25 ਜੂਨ ਨੂੰ ਬਾਗੀ ਵਿਧਾਇਕ ਤਾਨਾਜੀ ਸਾਵੰਤ ਦੇ ਪੁਣੇ ਸਥਿਤ ਦਫਤਰ ’ਚ ਭਾਰੀ ਭੰਨ-ਤੋੜ ਕਰ ਦਿੱਤੀ।  ਪੁਣੇ ਸ਼ਿਵਸੈਨਾ ਦੇ ਮੁਖੀ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਹੈ ਕਿ ‘‘ਸਾਰੇ ਗੱਦਾਰਾਂ ਅਤੇ ਬਾਗੀ ਵਿਧਾਇਕਾਂ, ਜਿਨ੍ਹਾਂ ਨੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਸੰਕਟ ’ਚ ਪਾਇਆ ਹੈ, ਨੂੰ ਇਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।’’ਏਕਨਾਥ  ਸ਼ਿੰਦੇ ਅਤੇ ਉਨ੍ਹਾਂ ਦੇ ਬੇਟੇ ਸ਼੍ਰੀਕਾਂਤ ਸ਼ਿੰਦੇ ਵਲੋਂ ‘ਠਾਣੇ’ ’ਚ ਸ਼ੁਰੂ ਕੀਤੇ ਗਏ ਮੈਡੀਕਲ ਹੈਲਥ ਕੈਂਪ ਦੇ ਬੋਰਡ ਅਤੇ ਹੋਰਨਾਂ ਪੋਸਟਰਾਂ ’ਤੇ  ਕਾਲਖ ਮਲਣ ਦੇ ਇਲਾਵਾ ਸ਼੍ਰੀਕਾਂਤ ਸ਼ਿੰਦੇ ਦੇ ਉੱਲਾਸ ਨਗਰ ਸਥਿਤ ਦਫਤਰ ’ਚ ਭੰਨ-ਤੋੜ ਕੀਤੀ ਗਈ। ਏਕਨਾਥ ਸ਼ਿੰਦੇ, ਜੋ ਕਿਸੇ ਸਮੇਂ ਠਾਣੇ ’ਚ ਆਟੋ ਰਿਕਸ਼ਾ ਚਲਾਉਂਦੇ ਸਨ ਅਤੇ ਬੀਅਰ ਫੈਕਟਰੀ ’ਚ ਮਜ਼ਦੂਰੀ ਕਰਦੇ ਸਨ, ਦੇ ਵਿਧਾਨ ਸਭਾ  ਹਲਕੇ ਠਾਣੇ ’ਚ 8 ਜੁਲਾਈ ਤੱਕ  ਪਾਬੰਦੀ ਲਾ ਕੇ ਤਲਵਾਰ, ਭਾਲਾ, ਬੰਦੂਕ, ਲਾਠੀ ਜਾਂ ਸਰੀਰ ਨੂੰ ਸੱਟ ਪਹੁੰਚਾਉਣ ਵਾਲਾ ਕੋਈ ਵੀ ਹੋਰ ਹਥਿਆਰ ਲੈ ਕੇ ਚੱਲਣ ਅਤੇ ਰੱਖਣ ਅਤੇ ਪੱਥਰ ਜਮ੍ਹਾ ਕਰਨ ਤੱਕ ’ਤੇ ਵੀ ਰੋਕ ਲਾ ਦਿੱਤੀ ਗਈ।

ਮੁੰਬਈ ਪੁਲਸ ਨੇ ਹਾਈ ਅਲਰਟ ਜਾਰੀ ਕਰ ਕੇ ਸਾਰੇ ਪੁਲਸ  ਥਾਣਿਆਂ ਨੂੰ ਸਾਰੇ ਸਿਆਸੀ ਦਫਤਰਾਂ ’ਚ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ 5 ਤੋਂ ਵੱਧ ਲੋਕਾਂ  ਦੇ ਇਕੱਠੇ ਹੋਣ ਅਤੇ ਕਿਸੇ ਵੀ ਤਰ੍ਹਾਂ ਦਾ  ਰੋਸ  ਵਿਖਾਵਾ  ਕਰਨ ’ਤੇ ਰੋਕ ਲਾ ਦਿੱਤੀ ਹੈ। ਏਕਨਾਥ ਸ਼ਿੰਦੇ ਨੇ ਊਧਵ ਠਾਕਰੇ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ 38 ਨਾਰਾਜ਼ ਵਿਧਾਇਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਮੰਦਭਾਵਨਾਪੂਰਨ  ਢੰਗ ਨਾਲ ਵਾਪਸ ਲੈ ਲਈ ਗਈ ਹੈ ਪਰ ਦਿਲੀਪ ਵਾਲਸੇ ਪਾਟਿਲ ਨੇ ਇਸ ਤੋਂ ਨਾਂਹ ਕੀਤੀ ਹੈ। ਨਵੇਂ ਘਟਨਾਕ੍ਰਮ ਅਨੁਸਾਰ ਸ਼ਿੰਦੇ ਧੜਾ 37 ਵਿਧਾਇਕਾਂ ਦੀ ਮਹੱਤਵਪੂਰਨ ਗਿਣਤੀ ਤੱਕ ਪਹੁੰਚ ਚੁੱਕਾ ਹੈ, ਜੋ  ਦਲਬਦਲ ਵਿਰੋਧੀ ਕਾਨੂੰਨ ਦੀ ਉਲੰਘਣਾ ਕੀਤੇ ਬਿਨਾਂ ਪਾਰਟੀ ਨੂੰ ਵੰਡਣ ਲਈ ਕਾਫੀ ਹੈ। ਇਸ ਦੇ ਨਾਲ ਹੀ ਹੁਣ ਸ਼ਿੰਦੇ ਧੜੇ ’ਚ 42 ਵਿਧਾਇਕ ਹੋ ਗਏ ਹਨ। ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ 50 ਤੋਂ ਵੱਧ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ।ਦੂਜੇ ਪਾਸੇ ਊਧਵ ਠਾਕਰੇ  ਧੜੇ  ਨੇ ਡਿਪਟੀ ਸਪੀਕਰ ਨੂੰ 16 ਵਿਧਾਇਕਾਂ ਦੀ ਮੈਂਬਰੀ ਖਤਮ ਕਰਨ ਦੀ ਬੇਨਤੀ ਕੀਤੀ ਹੈ ਅਤੇ ਸ਼ਿਵਸੈਨਾ  ਬੁਲਾਰੇ ਸੰਜੇ ਰਾਊਤ ਨੇ ਸਾਬਕਾ  ਮੁੱਖ ਮੰਤਰੀ ਦੇਵੇਂਦਰ ਫੜਨਵੀਸ (ਭਾਜਪਾ) ਨੂੰ ਚਿਤਾਵਨੀ ਦਿੱਤੀ ਹੈ ਕਿ, ‘‘ਉਨ੍ਹਾਂ ਨੂੰ ਇਸ ਝਮੇਲੇ ਤੋਂ ਬਾਹਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਉਹ ਫਸ ਸਕਦੇ ਹਨ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਬਾਗੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ‘‘ਅਸੀਂ ਨਾਮਰਦ ਨਹੀਂ ਹਾਂ ਅਤੇ ਪਾਰਟੀ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼  ਨਾਲ  ਸਥਿਤੀ ਵਿਗੜੇਗੀ। ਤੁਸੀਂ ਲੋਕ ਵਿਧਾਨ ਸਭਾ ਦੇ ਫਲੋਰ ’ਤੇ ਆਓ, ਦੇਖਦੇ ਹਾਂ ਕਿਸ ’ਚ ਕਿੰਨਾ ਦਮ ਹੈ। ਮੈਂ ਹਵਾ ’ਚ ਗੱਲ ਨਹੀਂ ਕਰਦਾ। ਜੋ ਊਧਵ ਜੀ ਕਹਿੰਦੇ ਹਨ ਮੈਂ ਉਹੀ ਕਹਿੰਦਾ ਹਾਂ, ਜੋ ਬਗਾਵਤ ਕਰ ਰਹੇ ਹਨ ਉਹ ਆਪਣੀ ਵਿਧਾਇਕੀ ਬਚਾਉਣ। ਸ਼ਿਵਸੈਨਾ ਅੱਗ ਹੈ, ਅੱਗ ਨਾਲ ਨਾ ਖੇਡੋ।’’ਫਿਲਹਾਲ ਸ਼ਿੰਦੇ ਦੀ ਬਗਾਵਤ  ਨਾਲ ਸ਼ਿਵਸੈਨਾ ’ਚ ‘ਊਧਵ ਠਾਕਰੇ’ ਅਤੇ ‘ਏਕਨਾਥ ਸ਼ਿੰਦੇ’ ਦੇ ਦੋ ਵੱਖ-ਵੱਖ ਧੜੇ  ਬਣ ਗਏ ਹਨ। ਦੋਵੇਂ ਹੀ ਖੁਦ ਨੂੰ ਬਾਲਾ ਸਾਹਿਬ ਠਾਕਰੇ ਦਾ ਸੱਚਾ ਸਾਰਥੀ ਦੱਸ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਏਕਨਾਥ ਸ਼ਿੰਦੇ ਦਾ ਧੜਾ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਦਾ ਨਾਂ ‘ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ’ ਹੋ ਸਕਦਾ ਹੈ।

ਇਸ ਦਰਮਿਆਨ  ਜਿੱਥੇ ਅਸਾਮ ਸ਼ਿਵਸੈਨਾ ਦੇ  ਪ੍ਰਧਾਨ ਨੇ ਵੀ ਬਾਗੀਆਂ ਨੂੰ ਊਧਵ ਠਾਕਰੇ ਦਾ ਸਾਥ ਦੇਣ ਦੀ ਅਪੀਲ ਕੀਤੀ,  ਉਥੇ  ਹੀ  25 ਜੂਨ ਨੂੰ ਸ਼ਿਵਸੈਨਾ ਦੀ ਰਾਸ਼ਟਰੀ ਕਾਰਜਕਾਰਨੀ  ਦੀ ਬੈਠਕ ’ਚ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ‘ਬਾਲਾ ਸਾਹਿਬ’ ਅਤੇ ‘ਸ਼ਿਵਸੈਨਾ’ ਦੇ ਨਾਂ ਦੀ ਵਰਤੋਂ ਨਹੀਂ ਕਰ ਸਕਦਾ।
ਇਸ ਦਰਮਿਆਨ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰਿ ਜਿਰਵਾਲ (ਰਾਕਾਂਪਾ) ਨੇ ਸ਼ਿੰਦੇ ਧੜੇ  ਵੱਲੋਂ ਊਧਵ ਸਰਕਾਰ ਦੇ ਵਿਰੁੱਧ ਈ-ਮੇਲ ਰਾਹੀਂ ਭੇਜਿਆ ਗਿਆ ਬੇਭਰੋਸਗੀ  ਮਤਾ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਸ਼ਿਵਸੈਨਾ ਦੇ 16 ਬਾਗੀ ਵਿਧਾਇਕਾਂ ਨੂੰ ਨੋਟਿਸ ਭੇਜਿਆ ਹੈ। ਦੂਜੇ ਪਾਸੇ  ਸ਼ਿੰਦੇ ਧੜੇ  ਨੇ ਨਰਹਰਿ ਜਿਰਵਾਲ ’ਤੇ ਊਧਵ ਕੈਂਪ ਦਾ ਪੱਖ ਲੈਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕੁਲ ਮਿਲਾ ਕੇ ਖੁਦ ਨੂੰ ਸੱਚੇ ਸ਼ਿਵਸੈਨਿਕ ਦੱਸਣ ਵਾਲੇ ਦੋਵੇਂ ਹੀ ਧੜੇ  ਇਸ ਸਮੇਂ ਇਕ-ਦੂਜੇ ਨਾਲ ਭਿੜਣ ’ਤੇ ਉਤਾਰੂ ਹਨ, ਜਿਸ ਦੇ ਕਾਰਨ ਸੂਬੇ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਜੇਕਰ ਦੋਵਾਂ ਧੜਿਆਂ  ’ਚ ਟਕਰਾਅ ਹੋਰ ਵਧਿਆ ਤਾਂ ਇਹ ਗੜਬੜ ਸਮੁੱਚੇ ਸੂਬੇ ’ਚ ਫੈਲ ਜਾਣ ਕਾਰਨ ਕੰਮਕਾਜ ਠੱਪ ਹੋ ਜਾਵੇਗਾ ਅਤੇ ਸੂਬੇ ’ਚ ਅਰਾਜਕਤਾ ਫੈਲੇਗੀ।                            

ਵਿਜੇ ਕੁਮਾਰ


Karan Kumar

Content Editor

Related News