ਸਿੱਖਿਆ ਸੰਸਥਾਵਾਂ ’ਚ ਬੱਚਿਆਂ ਦਾ ਯੌਨ ਸ਼ੋਸ਼ਣ ਆਖਿਰ ਰੁਕੇਗਾ ਕਿਵੇਂ ਅਤੇ ਕਦੋਂ

Thursday, Dec 19, 2019 - 01:20 AM (IST)

ਸਿੱਖਿਆ ਸੰਸਥਾਵਾਂ ’ਚ ਬੱਚਿਆਂ ਦਾ ਯੌਨ ਸ਼ੋਸ਼ਣ ਆਖਿਰ ਰੁਕੇਗਾ ਕਿਵੇਂ ਅਤੇ ਕਦੋਂ

ਕਿਸੇ ਸਮੇਂ ਬੱਚੇ-ਬੱਚੀਆਂ ਲਈ ਘਰ ਅਤੇ ਸਕੂਲ ਨੂੰ ਸਭ ਤੋਂ ਵੱਧ ਸੁਰੱਖਿਅਤ ਸਥਾਨ ਸਮਝਿਆ ਜਾਂਦਾ ਸੀ, ਜਿਥੇ ਉਹ ਖੁੱਲ੍ਹੇ ਵਾਤਾਵਰਣ ’ਚ ਬਿਨਾਂ ਕਿਸੇ ਡਰ ਦੇ ਵਿਚਰ ਸਕਦੇ ਸਨ ਪਰ ਹੁਣ ਇਹ ਦੋਵੇਂ ਹੀ ਸਥਾਨ ਉਨ੍ਹਾਂ ਲਈ ਸੁਰੱਖਿਅਤ ਨਹੀਂ ਰਹੇ।

ਜਿਥੇ ਘਰਾਂ ’ਚ ਆਪਣਿਆਂ ਵਲੋਂ ਹੀ ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ ਖਬਰਾਂ ਆ ਰਹੀਆਂ ਹਨ ਉਥੇ ਹੀ ਸਕੂਲਾਂ ’ਚ ਅਧਿਆਪਕਾਂ ਅਤੇ ਹੋਰ ਸਟਾਫ ਵਲੋਂ ਹੀ ਨਹੀਂ ਸਗੋਂ ਵਿਦਿਆਰਥੀਆਂ ਵਲੋਂ ਵੀ ਸਹਿਪਾਠੀਆਂ ਦਾ ਯੌਨ ਸ਼ੋਸ਼ਣ ਕੀਤਾ ਜਾ ਰਿਹਾ ਹੈ।

* 22 ਨਵੰਬਰ ਨੂੰ ਉੱਤਰ ਪ੍ਰਦੇਸ਼ ’ਚ ਬਾਂਦਾ ਦੇ ਇਕ ਨਿੱਜੀ ਸਕੂਲ ਦੇ ਟਾਇਲਟ ’ਚ ਇਕ ਕਲਯੁਗੀ ਅਧਿਆਪਕ ਨੇ 6 ਸਾਲਾ ਮਾਸੂਮ ਨਾਲ ਬਲਾਤਕਾਰ ਕਰ ਦਿੱਤਾ।

* 29 ਨਵੰਬਰ ਨੂੰ ਗੁੜਗਾਓਂ ਦੇ ਇਕ ਵੱਕਾਰੀ ਸਕੂਲ ਦੇ ਇਕ ਕਰਮਚਾਰੀ ਨੇ ਇਕ ਚਾਰ ਸਾਲਾ ਬੱਚੀ ਨੂੰ ਵਾਰ-ਵਾਰ ਗਲਤ ਤਰੀਕੇ ਨਾਲ ਛੂਹਿਆ ਅਤੇ ਧਮਕਾਇਆ ਕਿ ਉਹ ਇਸ ਬਾਰੇ ਆਪਣੀ ਮਾਂ ਨੂੰ ਨਾ ਦੱਸੇ।

* 5 ਦਸੰਬਰ ਨੂੰ ਜਬਲਪੁਰ ਦੇ ਸਰਕਾਰੀ ਹਾਈ ਸਕੂਲ ਦੀ ਟਾਇਲਟ ’ਚ ਪੰਜਵੀਂ ਕਲਾਸ ਦੀ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਗਿਆ।

* 7 ਦਸੰਬਰ ਨੂੰ ਓਡਿਸ਼ਾ ’ਚ ਕੋਹਰਾਪੁੱਟ ਸਥਿਤ ਇਕ ਸਕੂਲ ਦੀ ਹੈੱਡਮਿਸਟ੍ਰੈੱਸ ਦੇ ਪਤੀ ਨੇ ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰ ਦਿੱਤਾ।

* 10 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ’ਚ ਊਨਾ ਜ਼ਿਲੇ ’ਚ ਹਰੋਲੀ ਖੇਤਰ ਦੇ ਪਿੰਡ ’ਚ ਇਕ ਅਧਿਆਪਕ ਨੂੰ ਵਿਦਿਆਰਥਣਾਂ ਨਾਲ ਛੇੜਛਾੜ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ। ਹਿਮਾਚਲ ਵਿਧਾਨ ਸਭਾ ’ਚ 11 ਦਸੰਬਰ ਨੂੰ ਇਹ ਮਾਮਲਾ ਉੱਠਣ ’ਤੇ ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਭਵਿੱਖ ’ਚ ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਧਿਆਪਕ ਸਿੱਧੇ ਬਰਖਾਸਤ ਕਰ ਦਿੱਤੇ ਜਾਣਗੇ।

* 11 ਦਸੰਬਰ ਨੂੰ ਰਾਜਸਥਾਨ ਦੇ ਝੂੰਝੁਨੂੰ ਜ਼ਿਲੇ ਦੇ ‘ਦੋਰਾਸਰ’ ਪਿੰਡ ’ਚ ਚੱਲ ਰਹੇ ਸੈਨਿਕ ਸਕੂਲ ’ਚ ਰਵਿੰਦਰ ਸਿੰਘ ਸ਼ੇਖਾਵਤ ਨਾਂ ਦੇ ਅਧਿਆਪਕ ਨੂੰ ਇਕ ਸਾਲ ’ਚ 11 ਤੋਂ 14 ਸਾਲ ਵਿਚਾਲੇ ਦੀ ਉਮਰ ਦੇ 12 ਨਾਬਾਲਗ ਵਿਦਿਆਰਥੀਆਂ ਨਾਲ ਯੌਨ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਦੋਸ਼ੀ ਅਧਿਆਪਕ ਬੱਚਿਆਂ ਨੂੰ ਇੰਨਾ ਡਰਾ ਕੇ ਰੱਖਦਾ ਸੀ ਕਿ ਕੋਈ ਵੀ ਵਿਦਿਆਰਥੀ ਉਸ ਦੇ ਵਿਰੁੱਧ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਰੱਖਦਾ ਸੀ। ਬੜੀ ਮੁਸ਼ਕਲ ਨਾਲ ਦੋ ਵਿਦਿਆਰਥੀ ਹਿੰਮਤ ਕਰ ਕੇ ਅੱਗੇ ਆਏ ਤਾਂ ਇਹ ਰਾਜ਼ ਖੁੱਲ੍ਹਾ।

* 13 ਦਸੰਬਰ ਨੂੰ ਅੰਮ੍ਰਿਤਸਰ ਦੇ ਨੇੜੇ ਬਾਬਾ ਬਕਾਲਾ ਸਥਿਤ ਇਕ ਵੱਕਾਰੀ ਨਿੱਜੀ ਸਕੂਲ ’ਚ ਦੂਜੀ ਕਲਾਸ ਦੀ 8 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਹੀ 10ਵੀਂ ਕਲਾਸ ਦੇ ਇਕ 16 ਸਾਲਾ ਵਿਦਿਆਰਥੀ ਨੇ ਬਲਾਤਕਾਰ ਕਰ ਦਿੱਤਾ, ਜਿਸ ਦੇ ਵਿਰੁੱਧ ਇਲਾਕੇ ’ਚ ਧਰਨੇ ਅਤੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਘਟਨਾ ਦੇ ਸਮੇਂ ਸਕੂਲ ’ਚ ਲੱਗੇ ਸਾਰੇ 150 ਸੀ. ਸੀ. ਟੀ. ਵੀ. ਕੈਮਰੇ ਬੰਦ ਪਾਏ ਗਏ।

* 14 ਦਸੰਬਰ ਨੂੰ ਛੱਤੀਸਗੜ੍ਹ ’ਚ ਕੋਰਬਾ ਦੇ ਨੇੜੇ ‘ਪੋਡੀਭਾਟਾ’ ਦੇ ਸਰਕਾਰੀ ਸਕੂਲ ’ਚ 8ਵੀਂ ਕਲਾਸ ਦੀਆਂ 15 ਵਿਦਿਆਰਥਣਾਂ ਨਾਲ ਛੇੜਛਾੜ ਕਰਨ, ਗਲਤ ਤਰੀਕੇ ਨਾਲ ਛੂਹਣ ਅਤੇ ਉਨ੍ਹਾਂ ’ਤੇ ਅਭੱਦਰ ਟਿੱਪਣੀਆਂ ਕਰਨ ਦੇ ਦੋਸ਼ ’ਚ ਇਕ 56 ਸਾਲਾ ਅਧਿਆਪਕ ਛੇਦੀ ਲਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ।

* 16 ਦਸੰਬਰ ਨੂੰ ਹਰਿਆਣਾ ਦੇ ਆਦਮਪੁਰ ਖੇਤਰ ’ਚ ਇਕ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਨ ਵਾਲੀਆਂ ਅੱਠਵੀਂ ਤੋਂ ਦਸਵੀਂ ਕਲਾਸ ਤੱਕ ਦੀਆਂ 24 ਵਿਦਿਆਰਥਣਾਂ ਦੀ ਸ਼ਿਕਾਇਤ ’ਤੇ ਉਕਤ ਸਕੂਲ ਦੇ ਲੈਬਾਰਟਰੀ ਅਸਿਸਟੈਂਟ ਅਤੇ ਫਿਜ਼ੀਕਲ ਟ੍ਰੇਨਿੰਗ ਇੰਸਟ੍ਰੱਕਟਰ (ਪੀ. ਟੀ. ਆਈ.) ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਤੀਜਾ ਮੁਲਜ਼ਮ ਇਕ ਕੰਪਿਊਟਰ ਟੀਚਰ ਫਰਾਰ ਹੈ।

ਵਿਦਿਆਰਥਣਾਂ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ’ਤੇ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਸਨ। ਇਸ ਦੇ ਲਈ ਉਹ ਸੀ. ਸੀ. ਟੀ. ਵੀ. ਦੇ ਦਾਇਰੇ ’ਚ ਨਾ ਆਉਣ ਵਾਲੀ ਜਗ੍ਹਾ ਚੁਣਦੇ ਅਤੇ ਕਿਸੇ ਨੂੰ ਦੱਸਣ ’ਤੇ ਉਨ੍ਹਾਂ ਨੂੰ ਸਰੀਰਕ ਸਜ਼ਾ ਦੇਣ ਅਤੇ ਪ੍ਰੀਖਿਆ ’ਚ ਫੇਲ ਕਰਨ ਵਰਗੀਆਂ ਧਮਕੀਆਂ ਦਿੰਦੇ ਸਨ।

* 18 ਦਸੰਬਰ ਨੂੰ ਰਾਜਸਥਾਨ ’ਚ ਚੁਰੂ ਤਹਿਸੀਲ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ‘ਕੁੰਤਕ ਸਾਂਖੋਲਿਆ’ ਵਲੋਂ 14 ਬੱਚਿਆਂ ਨੂੰ ਕਮਰੇ ’ਚ ਬੰਦ ਕਰਕੇ ਉਨ੍ਹਾਂ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਰੌਸ਼ਨੀ ’ਚ ਆਇਆ।

ਸਿੱਖਿਆ ਸੰਸਥਾਵਾਂ ਦੇ ਸਟਾਫ ਵਲੋਂ ਸਕੂਲਾਂ ਦੇ ਹੀ ਕੰਪਲੈਕਸ ’ਚ ਵਿਦਿਆਰਥੀ-ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਦੀਆਂ ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਸਥਿਤੀ ਕਿੰਨੀ ਵਿਗੜ ਚੁੱਕੀ ਹੈ, ਉਥੇ ਬੱਚੇ-ਬੱਚੀਆਂ ਦੀ ਸੁਰੱਖਿਆ ਲਈ ਵਾਤਾਵਰਣ ਕਿੰਨਾ ਅਸੁਰੱਖਿਅਤ ਹੋ ਜਾਣ ਨਾਲ ਉਨ੍ਹਾਂ ਦੀ ਸੁਰੱਖਿਆ ਕਿਸ ਕਦਰ ਦਾਅ ’ਤੇ ਲੱਗ ਚੁੱਕੀ ਹੈ।

ਅਜਿਹੀਆਂ ਘਟਨਾਵਾਂ ਨਾਲ ਨਾ ਸਿਰਫ ਬੱਚਿਆਂ ਦੇ ਸਰਪ੍ਰਸਤਾਂ ਦਾ ਚਿੰਤਿਤ ਹੋਣਾ ਸੁਭਾਵਿਕ ਹੈ ਸਗੋਂ ਪ੍ਰਸ਼ਾਸਨ ਲਈ ਵੀ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਜ਼ਿਆਦਾਤਰ ਸਕੂਲਾਂ ਦੀ ਮੈਨੇਜਮੈਂਟ ਨਾਲ ਜੁੜੇ ਲੋਕ ਸਕੂਲ ’ਚ ਪੜ੍ਹਨ ਵਾਲੇ ਬੱਚੇ-ਬੱਚੀਆਂ ਦੀ ਸੁਰੱਖਿਆ ਦੇ ਪ੍ਰਤੀ ਲੋੜੀਂਦਾ ਧਿਆਨ ਨਹੀਂ ਦਿੰਦੇ।

ਜੇਕਰ ਅਜਿਹਾ ਕੋਈ ਮਾਮਲਾ ਸਕੂਲ ਮੈਨੇਜਮੈਂਟ ਦੇ ਨੋਟਿਸ ’ਚ ਲਿਆਂਦਾ ਵੀ ਜਾਂਦਾ ਹੈ ਤਾਂ ਉਹ ਦੋਸ਼ੀ ਦੇ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਮਾਮਲਾ ਰਫਾ-ਦਫਾ ਕਰਨ ਦੀ ਹੀ ਕੋਸ਼ਿਸ਼ ਕਰਦੇ ਹਨ। ਇਸ ਲਈ ਇਸ ਮਾਮਲੇ ’ਚ ਸੰਤੋਸ਼ਜਨਕ ਵਿਵਸਥਾ ਕਰਨ ਅਤੇ ਬੱਚੇ-ਬੱਚੀਆਂ ਦੀ ਸੁਰੱਖਿਆ ’ਚ ਢਿੱਲ ਵਰਤਣ ਵਾਲੀਆਂ ਵਿੱਦਿਅਕ ਸੰਸਥਾਵਾਂ ਵਿਰੁੱਧ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਵਰਗੇ ਸਖਤ ਕਦਮ ਚੁੱਕਣ ਦੀ ਲੋੜ ਹੈ।

–ਵਿਜੇ ਕੁਮਾਰ


author

Bharat Thapa

Content Editor

Related News