''ਵਤਨ ਦੇ ਇਹ ਰਖਵਾਲੇ'' ''ਜੋ ਤੋੜ ਰਹੇ ਹਨ ਕਾਨੂੰਨ''

07/07/2018 6:15:20 AM

ਸਮਾਜ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਵਿਭਾਗ ਦੀ ਹੋਣ ਕਾਰਨ ਇਸ ਨੂੰ ਅਤਿਅੰਤ ਜ਼ਿੰਮੇਵਾਰ ਵਿਭਾਗ ਮੰਨਿਆ ਜਾਂਦਾ ਹੈ। ਜ਼ਿਆਦਾਤਰ ਪੁਲਸ ਕਰਮਚਾਰੀਆਂ ਦੀ ਨੇਕ-ਨੀਅਤੀ ਅਤੇ ਚੰਗਿਆਈ 'ਤੇ ਕੋਈ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਪਰ ਪੁਲਸ ਵਿਭਾਗ 'ਚ ਦਾਖਲ ਹੋਈਆਂ ਕੁਝ 'ਕਾਲੀਆਂ ਭੇਡਾਂ' ਆਪਣੇ ਅਣਮਨੁੱਖੀ ਤੇ ਸ਼ਰਮਨਾਕ ਕਾਰਿਆਂ ਨਾਲ ਸਮੁੱਚੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ, ਜਿਨ੍ਹਾਂ ਦੀਆਂ ਕਰਤੂਤਾਂ ਦੇ ਸਿਰਫ 18 ਦਿਨਾਂ ਦੇ ਕੁਝ ਨਮੂਨੇ ਹੇਠਾਂ ਦਰਜ ਹਨ :
18 ਜੂਨ ਨੂੰ ਗੋਆ ਦੇ 'ਪੋਂਡਾ' ਵਿਚ ਇਕ ਪੁਲਸ ਕਾਂਸਟੇਬਲ ਸਿਧਾਰਥ ਗੋਸਵਾਮੀ ਨੂੰ ਇਕ ਮਹਿਲਾ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। 
26 ਜੂਨ ਨੂੰ ਨਸ਼ਾ ਫੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਇਕ ਜਵਾਨ ਰਮਨਦੀਪ ਨੂੰ ਬਠਿੰਡਾ ਦੇ ਨੇੜੇ ਰਾਮਾਂ ਪੁਲਸ ਨੇ ਨਸ਼ੇ ਦੀ ਹਾਲਤ ਵਿਚ ਫੜਿਆ, ਜੋ ਟੱਲੀ ਹੋਣ ਦੇ ਕਾਰਨ ਦੌੜ ਨਹੀਂ ਸਕਿਆ। 
26 ਜੂਨ ਨੂੰ ਪਟਨਾ 'ਚ ਸਬਜ਼ੀ ਮੁਫਤ ਨਾ ਦੇਣ 'ਤੇ 14 ਸਾਲ ਦੇ ਲੜਕੇ ਨੂੰ ਝੂਠੇ ਮਾਮਲੇ ਵਿਚ ਫਸਾ ਕੇ ਜੇਲ ਵਿਚ ਸੁੱਟਣ 'ਤੇ 12 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ।
28 ਜੂਨ ਨੂੰ ਇਕ ਮਹਿਲਾ ਨੂੰ ਨਸ਼ੇ ਦੀ ਆਦਤ ਲਗਾ ਕੇ ਰੇਪ ਕਰਨ ਦੇ ਦੋਸ਼ 'ਚ ਪੰਜਾਬ ਪੁਲਸ ਨੇ ਫਿਰੋਜ਼ਪੁਰ ਦੇ ਡੀ. ਐੱਸ. ਦਲਜੀਤ ਸਿੰਘ ਢਿੱਲੋਂ ਨੂੰ ਮੁਅੱਤਲ ਕਰ ਕੇ ਉਸ ਵਿਰੁੱਧ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ।
03 ਜੁਲਾਈ ਨੂੰ  ਹਰਿਆਣਾ ਦੇ ਕੈਥਲ 'ਚ ਇਕ ਸਬ-ਇੰਸਪੈਕਟਰ ਨੂੰ ਡਿਊਟੀ ਦੌਰਾਨ ਨਸ਼ੇ 'ਚ ਪਾਏ ਜਾਣ 'ਤੇ ਮੁਅੱਤਲ ਕੀਤਾ ਗਿਆ। 
03 ਜੁਲਾਈ ਨੂੰ ਸਰਹੱਦ ਪਾਰ ਪਾਕਿਸਤਾਨ ਤੋਂ ਰਮਦਾਸ ਸੈਕਟਰ ਵਿਚ ਆਈ 74 ਕਰੋੜ ਰੁਪਏ ਦੀ 14.8 ਕਿਲੋ ਹੈਰੋਇਨ ਦੇ ਨਾਲ ਭਾਰਤੀ ਫੌਜ ਦੇ ਸਾਬਕਾ ਸਿਪਾਹੀ ਤਰਵਿੰਦਰ ਸਿੰਘ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
03 ਜੁਲਾਈ ਨੂੰ ਜਲੰਧਰ ਵਿਚ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਵਿਰੁੱਧ ਇਕ ਕਾਲਜ ਵਿਦਿਆਰਥਣ ਨੂੰ ਤੰਗ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ।
03 ਜੁਲਾਈ ਨੂੰ ਐੱਸ. ਪੀ. ਹੁਸ਼ਿਆਰਪੁਰ ਪ੍ਰਵੀਨ ਕੰਡਾ ਦੀ ਅਗਵਾਈ ਵਿਚ ਗਠਿਤ ਇਕ ਟੀਮ ਨੇ ਜਲੰਧਰ ਵਿਚ ਥਾਣਾ 3 ਦੇ ਏ. ਐੱਸ. ਆਈ. ਮਨਫੂਲ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ। 
04 ਜੁਲਾਈ ਨੂੰ ਬਠਿੰਡਾ ਜ਼ਿਲਾ ਪੁਲਸ ਨੇ ਇਕ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਉਸ ਦੇ ਮੁਨਸ਼ੀ ਜਸਪਾਲ ਸਿੰਘ ਵਿਰੁੱਧ 50,000 ਰੁਪਏ ਰਿਸ਼ਵਤ ਦੇ ਬਦਲੇ ਇਕ ਨਸ਼ਾ ਸਮੱਗਲਿੰਗ ਦੇ ਕੇਸ ਦੇ ਦੋਸ਼ੀ ਨੂੰ ਛੱਡਣ ਦੇ ਦੋਸ਼ 'ਚ ਕੇਸ ਦਰਜ ਕੀਤਾ। 
04 ਜੁਲਾਈ ਨੂੰ ਗੁਰਦਾਸਪੁਰ ਜ਼ਿਲਾ ਪੁਲਸ ਸੁਪਰਡੈਂਟ ਨੇ ਨਸ਼ਾ ਸਮੱਗਲਰਾਂ ਦੀ ਮਦਦ ਕਰਨ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ 'ਤੇ ਕਾਰਵਾਈ ਨਾ ਕਰਨ ਵਾਲੇ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਅਤੇ ਇਕ ਸਿਪਾਹੀ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ। 
04 ਜੁਲਾਈ ਨੂੰ ਗੁਰਦਾਸਪੁਰ ਅਧੀਨ ਦੋਰਾਂਗਲਾ ਪੁਲਸ ਨੇ ਪੁਲਸ ਕਰਮਚਾਰੀ ਭੁਪਿੰਦਰ ਕੌਰ ਦੇ ਬੇਟੇ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ। 
04 ਜੁਲਾਈ ਨੂੰ ਸੰਗਰੂਰ ਜ਼ਿਲਾ ਪੁਲਸ ਨੇ ਇਕ ਹੈੱਡ ਕਾਂਸਟੇਬਲ ਬਹਾਦਰ ਸਿੰਘ ਨੂੰ ਚੱਠਾ ਸੇਖਵਾਂ ਪਿੰਡ ਵਿਚ ਪੁਲਸ ਵਰਦੀ ਵਿਚ ਨਸ਼ੇ ਦੀ ਹਾਲਤ ਵਿਚ ਪਏ ਹੋਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ। 
04 ਜੁਲਾਈ ਨੂੰ ਵਿਜੀਲੈਂਸ ਬਿਊਰੋ ਨੇ ਬਠਿੰਡਾ ਜ਼ਿਲੇ ਵਿਚ ਦਿਆਲਪੁਰਾ ਪੁਲਸ ਸਟੇਸ਼ਨ ਵਿਚ ਤਾਇਨਾਤ ਹੈੱਡਕਾਂਸਟੇਬਲ ਗੁਰਪਾਲ ਸਿੰਘ ਨੂੰ ਇਕ ਵਿਅਕਤੀ ਤੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਫੜਿਆ। 
05 ਜੁਲਾਈ ਨੂੰ ਮਾਰਕੁੱਟ ਦੇ ਇਕ ਮਾਮਲੇ ਵਿਚ ਕਾਰਵਾਈ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ 8000 ਰੁਪਏ ਰਿਸ਼ਵਤ ਲੈ ਰਹੇ ਬਠਿੰਡਾ ਦੇ ਨੇੜੇ ਰਾਮਾਂ ਵਿਚ ਤਾਇਨਾਤ ਏ. ਐੱਸ. ਆਈ. ਗੁਰਦੇਵ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ। 
05 ਜੁਲਾਈ ਨੂੰ ਹਰਿਆਣਾ ਪੁਲਸ ਨੇ ਪਲਵਲ 'ਚ 4 ਟਰੈਫਿਕ ਕਾਂਸਟੇਬਲਾਂ ਦੀਨਦਿਆਲ, ਰਣਬੀਰ, ਨਵਲ ਕੁਮਾਰ ਅਤੇ ਮੁਹੰਮਦ ਰਸ਼ੀਦ ਵਿਰੁੱਧ ਵਾਹਨ ਚਾਲਕਾਂ ਤੋਂ ਫਰਜ਼ੀ ਰਸੀਦਾਂ 'ਤੇ ਭਾਰੀ ਜੁਰਮਾਨਾ ਵਸੂਲਣ ਅਤੇ ਰਕਮ ਖ਼ੁਦ ਹੜੱਪ ਕਰ ਜਾਣ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। 
ਇਹ ਤਾਂ ਪੁਲਸ ਵਿਭਾਗ ਵਿਚ ਬੈਠੀਆਂ ਕੁਝ ਕਾਲੀਆਂ ਭੇਡਾਂ ਦੀਆਂ ਕਰਤੂਤਾਂ ਦੇ ਨਮੂਨੇ ਹੀ ਹਨ, ਇਨ੍ਹਾਂ ਤੋਂ ਇਲਾਵਾ ਵੀ ਪੁਲਸ ਬੇਨਿਯਮੀਆਂ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਰੋਸ਼ਨੀ ਵਿਚ ਨਹੀਂ ਆ ਸਕੀਆਂ। 
ਜਿੱਥੋਂ ਤਕ ਨਸ਼ਿਆਂ ਵਿਚ ਪੁਲਸ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਸਬੰਧ ਹੈ, ਇਕ ਰਿਪੋਰਟ ਅਨੁਸਾਰ 2014 ਤੋਂ ਹੁਣ ਤਕ ਸਿਰਫ ਪੰਜਾਬ ਪੁਲਸ ਦੇ ਹੀ 100 ਤੋਂ ਵੱਧ ਅਧਿਕਾਰੀ/ਕਰਮਚਾਰੀ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਜਾਂ ਇਸ ਦੇ ਨਾਜਾਇਜ਼ ਵਪਾਰ ਵਿਚ ਸਹਿਯੋਗ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। 
ਕਾਨੂੰਨ ਦੇ ਰਖਵਾਲੇ ਮੰਨੇ ਜਾਣ ਵਾਲੇ ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਆਚਰਣ ਯਕੀਨਨ ਹੀ ਨਿੰਦਣਯੋਗ ਹੈ, ਜਿਸ ਦੇ ਲਈ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਕੋਈ ਵੀ ਨਿਰਦੋਸ਼ ਉਨ੍ਹਾਂ ਦੇ ਅਨਿਆਂ ਦਾ ਸ਼ਿਕਾਰ ਨਾ ਹੋ ਸਕੇ।                         —ਵਿਜੇ ਕੁਮਾਰ


Vijay Kumar Chopra

Chief Editor

Related News