ਪਿੰਡ ਵਾਲਿਆਂ ਨੇ ਕੀਤੀ ਹਿੰਮਤ, ਸਰਕਾਰ ਨੂੰ ਸੜਕ ਬਣਾਉਣ ਲਈ ਕੀਤਾ ਮਜਬੂਰ
Tuesday, Mar 07, 2023 - 01:53 AM (IST)

ਹਾਲਾਂਕਿ ਸਰਕਾਰ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ ਪਰ ਕਈ ਵਾਰ ਜਦੋਂ ਅਧਿਕਾਰੀਆਂ ਦੇ ਬੇਧਿਆਨੀ ਭਰੇ ਰਵੱਈਏ ਕਾਰਨ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਅੱਗੇ ਆ ਕੇ ਉਸ ਕੰਮ ਨੂੰ ਆਪਣੀ ਹਿੰਮਤ ਅਤੇ ਸੰਕਲਪ ਨਾਲ ਪੂਰਾ ਕਰਦੇ ਹਨ।
ਇਸ ਦੀ ਤਾਜ਼ਾ ਮਿਸਾਲ ਹਿਮਾਚਲ ਪ੍ਰਦੇਸ਼ ’ਚ ਜ਼ਿਲਾ ਹਮੀਰਪੁਰ ਦੇ 3 ਪਿੰਡਾਂ ਦੇ ਨਿਵਾਸੀਆਂ ਨੇ ਪੇਸ਼ ਕੀਤੀ ਹੈ। ਸਰਕਾਰ ਵੱਲੋਂ ਸਾਲਾਂ ਤੱਕ ਸੜਕ ਬਣਾਉਣ ਦੀ ਆਪਣੀ ਮੰਗ ਪੂਰੀ ਨਾ ਕੀਤੇ ਜਾਣ ਪਿੱਛੋਂ ਆਖਿਰ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੇ 500 ਮੀਟਰ ਲੰਮੀ ਸੜਕ ਬਣਾਉਣ ਲਈ ਆਪਣੀ ਜ਼ਮੀਨ ਦੇਣ ਤੋਂ ਇਲਾਵਾ ਇਸ ਲਈ ਖੁਦ ਹੀ ਜ਼ਰੂਰੀ ਪੈਸਿਆਂ ਦਾ ਪ੍ਰਬੰਧ ਵੀ ਕਰ ਲਿਆ ਹੈ।
ਸੜਕ ਤਿਆਰ ਹੋਣ ’ਤੇ ਲੰਬਲੂ ਗ੍ਰਾਮ ਪੰਚਾਇਤ ਅਧੀਨ 3 ਪਿੰਡ ‘ਲੰਬਲੂ’, ‘ਘੁਮਾਰੀ’ ਅਤੇ ‘ਗੁਮਾਰ’ ਆਪਸ ਵਿਚ ਜੁੜ ਜਾਣਗੇ।
ਪਿੰਡ ਦੇ ਪ੍ਰਧਾਨ ਕਰਤਾਰ ਸਿੰਘ ਚੌਹਾਨ ਨੇ ਪਿੰਡ ਵਾਸੀਆਂ ਨੂੰ ਇਸ ਮਾਮਲੇ ਵਿਚ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਉਕਤ ਤਿੰਨਾਂ ਪਿੰਡਾਂ ਦੇ ਵਿਸ਼ਾਲ ਕਾਨੂੰਨਗੋ, ਵਿਸ਼ਾਲ ਭਾਰਦਵਾਜ ਅਤੇ ਅਸ਼ੋਕ ਕੁਮਾਰ ਨੇ ਆਪਣੀ ਜ਼ਮੀਨ ਅਤੇ ਲੋੜੀਂਦਾ ਧਨ ਦੇਣ ਤੋਂ ਇਲਾਵਾ ਇਕ ਜੇ. ਸੀ. ਬੀ. ਮਸ਼ੀਨ ਦਾ ਪ੍ਰਬੰਧ ਵੀ ਕਰ ਦਿੱਤਾ।
ਪਿੰਡ ਵਾਸੀਆਂ ਦੇ ਉਕਤ ਫੈਸਲੇ ਦਾ ਪਤਾ ਲੱਗਣ ’ਤੇ ਸਬੰਧਤ ਅਧਿਕਾਰੀ ਵੀ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸੜਕ ਦੀ ਮੰਗ ਪੂਰੀ ਕਰਨ ਲਈ ਮਜਬੂਰ ਹੋ ਗਏ ਹਨ। ਇਸ ਤੋਂ ਸਪੱਸ਼ਟ ਹੈ ਕਿ ਜੇ ਲੋਕ ਇਕਮੁੱਠ ਹੋ ਕੇ ਕੋਈ ਕੰਮ ਕਰਨਾ ਠਾਣ ਲੈਣ ਤਾਂ ਉਹ ਆਪਣੇ ਰਾਹ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰ ਸਕਦੇ ਹਨ।
-ਵਿਜੇ ਕੁਮਾਰ