ਭਾਰਤ ਦੇ ਗੂੜ੍ਹੇ ਦੋਸਤ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨਹੀਂ ਰਹੇ

Saturday, Jul 09, 2022 - 12:51 AM (IST)

ਭਾਰਤ ਦੇ ਗੂੜ੍ਹੇ ਦੋਸਤ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨਹੀਂ ਰਹੇ

ਜਾਪਾਨ ਇਕ ਸ਼ਾਂਤੀਪਸੰਦ ਦੇਸ਼  ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਲਈ ਜਦੋਂ 8 ਜੁਲਾਈ ਨੂੰ ਇਸ ਦੇ ਸਾਬਕਾ ਪ੍ਰਧਾਨ ਮੰਤਰੀ 67 ਸਾਲਾ ‘ਸ਼ਿੰਜੋ ਆਬੇ’ ਦੀ ‘ਤੇਤਸੁਆ ਯਾਮਾਗਾਮੀ’ ਨਾਮਕ ਇਕ ਸਾਬਕਾ ਫੌਜੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤਾਂ ਸਮੁੱਚੀ ਦੁਨੀਆ ਹੈਰਾਨ ਰਹਿ ਗਈ। ‘ਸ਼ਿੰਜੋ ਆਬੇ’ ਦੇ ਪਿੱਛੇ ਹੀ ਲਗਭਗ  10 ਫੁੱਟ ਦੀ ਦੂਰੀ ’ਤੇ ਖੜ੍ਹੇ ਹਮਲਾਵਰ ਨੇ ਹਮਲੇ ਲਈ ਰਵਾਇਤੀ ਬੰਦੂਕ ਦੀ ਨਹੀਂ ਸਗੋਂ ਕੈਮਰੇ ਦੀ ਸ਼ਕਲ ਵਰਗੀ ਵਿਸ਼ੇਸ਼ ਤੌਰ ’ਤੇ ਬਣਾਈ ਗਈ ਬੰਦੂਕ ਦੀ ਵਰਤੋਂ ਕੀਤੀ। ਪਹਿਲੀ ਗੋਲੀ ਖੁੰਝ ਜਾਣ ਦੇ ਬਾਅਦ ਉਸ ਨੇ ਦੁਬਾਰਾ ਉਨ੍ਹਾਂ ’ਤੇ  ਗੋਲੀ ਚਲਾਈ। ਗੋਲੀ ਲੱਗਦੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬਹੁਤ ਹੀ ਗੰਭੀਰ ਹਾਲਤ ’ਚ ਜ਼ਮੀਨ ’ਤੇ ਡਿੱਗ ਕੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹੈਲੀਕਾਪਟਰ ਰਾਹੀਂ ‘ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ’ ’ਚ ਪਹੁੰਚਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੇ ਸਮੇਂ ‘ਸ਼ਿੰਜੋ ਆਬੇ’ ਜਾਪਾਨ ਦੀ ਸੰਸਦ ਦੇ ਉੱਚ ਸਦਨ ਦੇ ਲਈ 10 ਜੁਲਾਈ ਨੂੰ ਹੋਣ ਵਾਲੀਅਾਂ ਚੋਣਾਂ ਦੇ ਸਿਲਸਿਲੇ ’ਚ ‘ਨਾਰਾ’ ਸ਼ਹਿਰ ’ਚ ਸੜਕ ਦੇ ਕੰਢੇ ਆਯੋਜਿਤ ਇਕ ਚੋਣ ਪ੍ਰਚਾਰ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਸਭ ਤੋਂ ਵੱਧ ਲੰਬੇ ਸਮੇਂ ਤਕ ਜਾਪਾਨ   ’ਤੇ ਸ਼ਾਸਨ ਕਰਨ ਵਾਲੇ ‘ਸ਼ਿੰਜੋ ਆਬੇ’ ਪਹਿਲਾਂ 2006 ’ਚ ਇਕ ਸਾਲ ਅਤੇ ਫਿਰ 2012 ਤੋਂ 2020 ਤਕ 8 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਤੰਦਰੁਸਤੀ ਦੇ ਲਈ ਸਮੁੱਚਾ ਜਾਪਾਨ ਹੀ ਨਹੀਂ ਸਗੋਂ ਜ਼ਿਆਦਾਤਰ  ਵਿਸ਼ਵ ਭਾਈਚਾਰਾ ਪ੍ਰਾਰਥਨਾ ਕਰ ਰਿਹਾ ਸੀ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਜਾਪਾਨ ਵਰਗੇ ਸ਼ਾਂਤ ਦੇਸ਼ ’ਚ ਹੋਏ ਇਸ ਹਮਲੇ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਹਮਲਾਵਰ ਜਾਪਾਨ ’ਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਨਾਰਾਜ਼ ਸੀ, ਕੀ ਇਹ ਵਿਰੋਧੀ ਧਿਰ ਦੀ ਕੋਈ ਸਾਜ਼ਿਸ਼ ਹੈ, ਕੀ ਇਸ ਹਮਲੇ ਦੇ ਪਿੱਛੇ ਵਿਦੇਸ਼ੀ ਤਾਕਤਾਂ (ਜਿਵੇਂ ਚੀਨ ਜਾਂ  ਉੱਤਰ ਕੋਰੀਆ) ਸ਼ਾਮਲ ਹਨ, ਕੀ ਇਹ ਹਮਲਾ ਭ੍ਰਿਸ਼ਟਾਚਾਰ ਦੇ ਵਿਰੁੱਧ ‘ਸ਼ਿੰਜੋ ਆਬੇ’ ਦੀਆਂ ਸਖਤ ਨੀਤੀਆਂ ਤੋਂ ਪ੍ਰੇਸ਼ਾਨ ਕਿਸੇ ਸੰਗਠਨ ਵਲੋਂ ਕਰਵਾਇਆ ਗਿਆ?

‘ਸ਼ਿੰਜੋ ਆਬੇ’ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਹੋਰ ਗਲਤ ਕੰਮ ਕਰਨ ਵਾਲੇ ਪ੍ਰਭਾਵਿਤ ਹੋਏ। ਉਨ੍ਹਾਂ ਨੇ ਜਾਪਾਨ ’ਚ ਆਰਥਿਕ ਸੁਧਾਰ ਲਾਗੂ ਕਰਨ ਦੇ ਲਈ ਕਾਫੀ ਕੰਮ ਕੀਤਾ। ਇਨ੍ਹਾਂ ਸੁਧਾਰਾਂ ਦੀ ਬਦੌਲਤ ਜਾਪਾਨ  ਦੁਨੀਆ ਦੀ ਪ੍ਰਮੁੱਖ ਅਰਥਵਿਵਸਥਾ ਬਣ ਸਕਿਆ। ਉਨ੍ਹਾਂ ਨੇ ਦੇਸ਼ ਦੀ ਪ੍ਰਤੀਰੱਖਿਆ ਅਤੇ ਵਿਦੇਸ਼ ਨੀਤੀ ਦੇ ਸੰੰਬੰਧ ’ਚ ਮਹੱਤਵਪੂਰਨ ਫੈਸਲੇ ਲਏ। ਉਹ ਜਾਪਾਨ ਦੀ ਫੌਜੀ ਪ੍ਰਤੀਰੱਖਿਆ ਨੂੰ ਵੀ ਵਿਸਤਾਰ ਦੇਣਾ ਚਾਹੁੰਦੇ ਸਨ। ਦੂਸਰੀ ਵਿਸ਼ਵ ਜੰਗ ਦੇ ਬਾਅਦ ਜਾਪਾਨੀ ਫੌਜੀਆਂ ਨੂੰ ਪਹਿਲੀ ਵਾਰ ਵਿਦੇਸ਼ੀ ਧਰਤੀ ’ਤੇ ਲੜਨ ਲਈ ਭੇਜਣ ਦੀ ਇਜਾਜ਼ਤ ਦੇਣਾ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ’ਚ ਦਰਜ ਹੈ। 4 ਦੇਸ਼ਾਂ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ’ਤੇ ਆਧਾਰਿਤ ਸੰਗਠਨ ‘ਕਵਾਡ’,ਜਿਸ ਨੂੰ ਚੀਨ ਏਸ਼ੀਆ ’ਚ ਆਪਣੇ ਲਈ ਇਕ ਵੱਡੀ ਚੁਣੌਤੀ ਦੇ ਤੌਰ ’ਤੇ ਦੇਖਦਾ ਹੈ, ਦੇ ਗਠਨ ਦੇ ਸੰਬੰਧ ’ਚ ਪਹਿਲ ਕਰਨ ਦਾ ਸਿਹਰਾ ਵੀ ‘ਸ਼ਿੰਜੋ ਆਬੇ’ ਨੂੰ ਹੀ ਜਾਂਦਾ ਹੈ।

‘ਕਵਾਡ’ ਦਾ ਅਸਲੀ ਉਦੇਸ਼ ਚੀਨ ਦੀ ਵਿਸਤਾਰਵਾਦੀ ਨੀਤੀ ’ਤੇ ਰੋਕ ਲਗਾ ਕੇ ਉਸ ਨੂੰ ਉਸ ਦੀਆਂ ਸਰਹੱਦਾਂ ਤਕ ਹੀ ਸੀਮਤ ਕਰਨਾ, ਉਸ ’ਤੇ ਰਣਨੀਤਕ ਨਜ਼ਰੀਏ  ਤੋਂ ਨਜ਼ਰ ਰੱਖਣੀ ਅਤੇ ਉਸ ਤੋਂ ਸੁਰੱਖਿਆ ਦੀ ਨੀਤੀ ਬਣਾਉਣਾ ਰਿਹਾ ਹੈ। ਇਸ ਲਈ ਚੀਨ ਇਸ ਸੰਗਠਨ ਨੂੰ ਆਪਣੇ ਲਈ ਨਾ ਸਿਰਫ ਖਤਰਾ ਸਗੋਂ ਸਭ  ਤੋਂ ਵੱਡਾ ਦੁਸ਼ਮਣ ਵੀ ਮੰਨਦਾ ਹੈ। ‘ਸ਼ਿੰਜੋ ਆਬੇ’ ਦੇ ਸ਼ਾਸਨਕਾਲ ’ਚ ਭਾਰਤ ਦੇ ਨਾਲ ਜਾਪਾਨ ਦੇ ਸੰਬੰਧਾਂ ’ਚ ਮਜ਼ਬੂਤੀ ਆਈ। ਜਾਪਾਨ ਨੂੰ ਭਾਰਤ ਦਾ ਭਰੋਸੇਮੰਦ ਮਿੱਤਰ ਅਤੇ ਪ੍ਰਮੁੱਖ ਆਰਥਿਕ ਸਹਿਯੋਗੀ ਬਣਾਉਣ ’ਚ ‘ਸ਼ਿੰਜੋ ਆਬੇ’ ਦਾ ਵੱਡਾ ਯੋਗਦਾਨ ਸੀ ਅਤੇ ਜਾਪਾਨ ਵਲੋਂ ਭਾਰਤ ਨੂੰ ‘ਬੁਲੇਟ ਟਰੇਨ’ ਸਮੇਤ ਕਈ ਵੱਡੇ ਪ੍ਰਾਜੈਕਟਾਂ ’ਚ ਸਹਿਯੋਗ ਪ੍ਰਾਪਤ ਹੋਇਆ। ਭਾਰਤ ਸਰਕਾਰ ਨੇ ਉਨ੍ਹਾਂ ਦੇ ਦਿਹਾਂਤ ’ਤੇ 9 ਜੁਲਾਈ ਨੂੰ ਇਕ ਦਿਨ ਦੇ ਰਾਸ਼ਟਰੀ  ਸੋਗ ਦਾ ਐਲਾਨ ਕੀਤਾ ਹੈ।

‘ਸ਼ਿੰਜੋ ਆਬੇ’ ਵਰਗੇ ਵਿਵਾਦ ਰਹਿਤ ਨੇਤਾ ਦੀ ਹੱਤਿਆ ਨਾਲ ਇਕ ਵਾਰ ਫਿਰ ਇਹ ਸਿੱਧ ਹੋ ਗਿਆ ਹੈ ਕਿ ਸ਼ਾਂਤੀ ਵਿਰੋਧੀ ਨਾਂਹਪੱਖੀ ਸ਼ਕਤੀਆਂ ਅੱਜ ਲਗਭਗ ਸਮੁੱਚੇ ਵਿਸ਼ਵ ’ਤੇ ਕਿਸ ਕਦਰ ਹਾਵੀ ਹੁੰਦੀਆਂ ਜਾ ਰਹੀਆਂ ਹਨ। ਜਾਪਾਨ ’ਚ ਗੰਨ ਕਲਚਰ ਨਹੀਂ ਹੈ ਅਤੇ ਉਥੇ ਕਿਸੇ ਹਥਿਆਰ ਦਾ ਲਾਇਸੈਂਸ ਪ੍ਰਾਪਤ ਕਰਨਾ ਲਗਭਗ ਅਸੰਭਵ ਹੋਣ ਕਾਰਨ ਇਹ ਸੁਰੱਖਿਆ ਦੇ ਲਿਹਾਜ਼ ਤੋਂ ਵਿਸ਼ਵ ਦੇ ਸਭ  ਤੋਂ ਬਿਹਤਰ ਦੇਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ ਪਰ ਹੁਣ ਸਾਬਕਾ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਦੀ ਹੱਤਿਆ ਦੀ ਘਟਨਾ ਨੇ ਜਾਪਾਨ ਦੀ ਸੁਰੱਖਿਆ ਪ੍ਰਣਾਲੀ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਵਿਜੇ ਕੁਮਾਰ


author

Karan Kumar

Content Editor

Related News