''ਜ਼ਬਰਦਸਤੀ ਵਸੂਲੀ'' ਕਰ ਕੇ ਮਾਓਵਾਦੀ ਲੀਡਰ ਕਰ ਰਹੇ ਹਨ ''ਐਸ਼''

05/11/2018 12:15:43 AM

'ਨਕਸਲ' ਸ਼ਬਦ ਦੀ ਉਤਪਤੀ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ ਹੋਈ ਸੀ, ਜਿੱਥੇ ਮਾਕਪਾ ਆਗੂਆਂ ਚਾਰੂ ਮਜੂਮਦਾਰ (ਜੋ ਮਾਓ ਦਾ ਵੱਡਾ ਪ੍ਰਸ਼ੰਸਕ ਸੀ) ਅਤੇ ਕਾਨੂ ਸਾਨਿਆਲ ਨੇ 1967 ਵਿਚ ਸੱਤਾ ਵਿਰੁੱਧ ਹਥਿਆਰਬੰਦ ਅੰਦੋਲਨ ਦੀ ਸ਼ੁਰੂਆਤ ਕੀਤੀ, ਜੋ ਬਾਅਦ ਵਿਚ ਮਾਓਵਾਦ ਦੇ ਨਾਂ ਨਾਲ ਚਰਚਿਤ ਹੋਇਆ। 
1971 ਦੀ ਅੰਦਰੂਨੀ ਬਗਾਵਤ ਅਤੇ ਮਜੂਮਦਾਰ ਦੀ ਮੌਤ ਤੋਂ ਬਾਅਦ ਇਹ ਅੰਦੋਲਨ ਕਈ ਸ਼ਾਖਾਵਾਂ ਵਿਚ ਵੰਡ ਹੋ ਗਿਆ ਅਤੇ ਆਪਣੇ ਟੀਚੇ ਤੇ ਵਿਚਾਰਧਾਰਾ ਤੋਂ ਭਟਕ ਗਿਆ। ਇਸ ਸਮੇਂ ਕਈ ਮਾਓਵਾਦੀ ਗਿਰੋਹ ਨਾ ਸਿਰਫ ਸਰਕਾਰ ਵਿਰੁੱਧ ਅਸਿੱਧੀ ਲੜਾਈ ਵਿਚ ਲੱਗੇ ਹੋਏ ਹਨ, ਸਗੋਂ ਕੰਗਾਰੂ ਅਦਾਲਤਾਂ ਲਗਾ ਕੇ ਮਨਮਰਜ਼ੀ ਦੇ ਫੈਸਲੇ ਵੀ ਸੁਣਾ ਰਹੇ ਹਨ। ਇਹ ਲੋਕਾਂ ਤੋਂ ਜ਼ਬਰਦਸਤੀ ਵਸੂਲੀ, ਲੁੱਟਮਾਰ ਅਤੇ ਕਤਲ ਵੀ ਕਰ ਰਹੇ ਹਨ। 
ਇਸ ਲਈ ਮਾਓਵਾਦ ਪੀੜਤ ਸੂਬਿਆਂ 'ਚ ਮਾਓਵਾਦੀ ਆਗੂਆਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਦੇ ਨੈੱਟਵਰਕ 'ਤੇ ਰੋਕ ਲਾਉਣ ਲਈ ਇਕ 'ਮਲਟੀ ਡਿਸਿਪਲਿਨਰੀ ਗਰੁੱਪ' ਕਾਇਮ ਕੀਤਾ ਗਿਆ ਹੈ ਅਤੇ ਗ੍ਰਹਿ ਮੰਤਰਾਲੇ ਵਲੋਂ ਕੌਮੀ ਜਾਂਚ ਏਜੰਸੀ ਵਿਚ 'ਟੈਰਰ ਫੰਡਿੰਗ' ਤੋਂ ਇਲਾਵਾ ਮਾਓਵਾਦੀਆਂ ਨੂੰ ਮਿਲਣ ਵਾਲੀ ਸਹਾਇਤਾ ਦੀ ਜਾਂਚ ਕਰਨ ਲਈ ਇਕ ਵੱਖਰੇ ਸੈੱਲ ਦਾ ਗਠਨ ਵੀ ਕੀਤਾ ਜਾ ਰਿਹਾ ਹੈ। 
ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਅਤੇ ਝਾਰਖੰਡ ਵਿਚ ਮਾਰੇ ਛਾਪਿਆਂ ਦੌਰਾਨ 'ਮਾਓਵਾਦੀ ਸਪੈਸ਼ਲ ਏਰੀਆ ਕਮੇਟੀਆਂ' ਦੇ ਨੇਤਾਵਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਰੁੱਧ 'ਮਨੀ ਲਾਂਡਰਿੰਗ ਕਾਨੂੰਨ' ਦੇ ਤਹਿਤ ਕਾਰਵਾਈ ਕੀਤੀ। 
ਇਸ ਵਿਚ ਗਲਤ ਢੰਗ ਨਾਲ ਬਣਾਈਆਂ ਗਈਆਂ ਉਨ੍ਹਾਂ ਦੀਆਂ ਕਰੋੜਾਂ ਰੁਪਏ ਦੀਆਂ ਨਿੱਜੀ ਜਾਇਦਾਦਾਂ ਜ਼ਬਤ ਕਰਨ ਤੋਂ ਇਲਾਵਾ ਕਈ ਕਾਰਾਂ ਤੇ ਹੋਰ ਗੱਡੀਆਂ, 20 ਏਕੜ ਜ਼ਮੀਨ ਅਤੇ ਇਮਾਰਤਾਂ ਨੂੰ ਜ਼ਬਤ ਕੀਤਾ। ਜ਼ਬਤ ਜਾਇਦਾਦਾਂ ਵਿਚ ਨਵੀਂ ਦਿੱਲੀ ਅਤੇ ਕੋਲਕਾਤਾ ਵਿਚ ਕਈ ਪਲਾਟ ਵੀ ਸ਼ਾਮਿਲ ਹਨ। 
ਇਨ੍ਹਾਂ'ਚ ਬਿਹਾਰ-ਝਾਰਖੰਡ ਸਪੈਸ਼ਲ ਏਰੀਆ ਕਮੇਟੀ (ਬੀ. ਜੇ. ਐੱਸ. ਏ. ਸੀ.) ਦੇ ਮੈਂਬਰ ਪ੍ਰਦੁਮਨ ਸ਼ਰਮਾ ਵਲੋਂ 2010 ਅਤੇ 2016 ਦੇ ਦਰਮਿਆਨ ਖਰੀਦੇ ਗਏ 31.86 ਲੱਖ ਰੁਪਏ ਦੇ 8 ਪਲਾਟ ਅਤੇ 35.47 ਲੱਖ ਰੁਪਏ ਦਾ ਮਕਾਨ ਸ਼ਾਮਿਲ ਹੈ। 
ਬੀ. ਜੇ. ਐੱਸ. ਏ. ਸੀ. ਦੇ ਹੀ ਇਕ ਹੋਰ ਮੈਂਬਰ ਸੰਦੀਪ ਯਾਦਵ ਦੀ ਲੱਗਭਗ 86 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ, ਜਿਸ ਵਿਚ ਗਯਾ ਅਤੇ ਔਰੰਗਾਬਾਦ ਵਿਚ ਪਲਾਟਾਂ ਤੋਂ ਇਲਾਵਾ ਦਵਾਰਕਾ ਵਿਚ ਇਕ ਫਲੈਟ ਅਤੇ ਬੈਂਕ ਡਿਪਾਜ਼ਿਟ ਵੀ ਸ਼ਾਮਿਲ ਹਨ। 
ਚੋਟੀ ਦੇ ਮਾਓਵਾਦੀ ਸਰਗਣੇ ਪ੍ਰਾਈਵੇਟ ਠੇਕੇਦਾਰਾਂ, ਮਾਈਨਿੰਗ ਠੇਕੇਦਾਰਾਂ, ਟਰਾਂਸਪੋਰਟਰਾਂ, ਛੋਟੇ ਅਤੇ ਦਰਮਿਆਨੇ ਵਪਾਰੀਆਂ ਅਤੇ ਤੇਂਦੂਪੱਤਾ ਠੇਕੇਦਾਰਾਂ ਵਲੋਂ ਸੰਗਠਨ ਦੇ ਨਾਂ 'ਤੇ ਦਿੱਤੀਆਂ ਜਾਣ ਵਾਲੀਆਂ ਮੋਟੀਆਂ ਰਕਮਾਂ ਖ਼ੁਦ ਹੜੱਪ ਕੇ ਇਸ ਦੀ ਵਰਤੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਐਸ਼ੋ-ਆਰਾਮ ਵਾਲਾ ਜੀਵਨ ਬਿਤਾਉਣ ਅਤੇ ਉਨ੍ਹਾਂ ਦੀ ਸਿੱਖਿਆ ਆਦਿ 'ਤੇ ਖਰਚ ਕਰ ਰਹੇ ਹਨ। 
ਮਿਸਾਲ ਵਜੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪ੍ਰਦੁਮਨ ਸ਼ਰਮਾ ਨੇ 2017 ਵਿਚ ਆਪਣੇ ਭਤੀਜੇ ਨੂੰ ਇਕ ਪ੍ਰਾਈਵੇਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਉਣ ਲਈ 20 ਲੱਖ ਰੁਪਏ ਖਰਚ ਕੀਤੇ, ਜਦਕਿ ਸੰਦੀਪ ਯਾਦਵ ਨੇ ਨੋਟਬੰਦੀ ਦੌਰਾਨ 15 ਲੱਖ ਰੁਪਏ ਦੀ ਨਕਦੀ ਬਦਲਵਾਈ। ਉਸ ਦੀ ਧੀ ਦੇਸ਼ ਦੇ ਪ੍ਰਸਿੱਧ ਪ੍ਰਾਈਵੇਟ ਅਦਾਰੇ ਅਤੇ ਬੇਟਾ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ 'ਚ ਪੜ੍ਹ ਰਹੇ ਹਨ। 
ਝਾਰਖੰਡ ਦੇ ਇਕ ਹੋਰ ਮਾਓਵਾਦੀ ਆਗੂ ਅਰਵਿੰਦ ਯਾਦਵ ਨੇ ਇਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿਚ ਆਪਣੇ ਭਰਾ ਨੂੰ ਪੜ੍ਹਾਉਣ ਲਈ 12 ਲੱਖ ਰੁਪਏ ਦੀ ਅਦਾਇਗੀ ਕੀਤੀ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮਾਓਵਾਦੀਆਂ ਦੇ ਦੋਹਰੇ ਪੈਮਾਨੇ ਇਸ ਤੱਥ ਤੋਂ ਵੀ ਜ਼ਾਹਿਰ ਹੁੰਦੇ ਹਨ ਕਿ ਇਕ ਪਾਸੇ ਤਾਂ ਉਹ ਵਿਚਾਰਧਾਰਾ ਦੇ ਨਾਂ 'ਤੇ ਨੌਜਵਾਨਾਂ ਨੂੰ ਆਪਣੇ ਗਿਰੋਹ ਵਿਚ ਸ਼ਾਮਿਲ ਕਰਦੇ ਹਨ ਅਤੇ ਆਪਣੇ ਪ੍ਰਭਾਵ ਵਾਲੇ ਖੇਤਰਾਂ 'ਚ ਕਿਸੇ ਵੀ ਤਰ੍ਹਾਂ ਦੀਆਂ ਵਿਕਾਸਾਤਮਕ ਸਰਗਰਮੀਆਂ ਦਾ ਵਿਰੋਧ ਕਰਦੇ ਹਨ ਪਰ ਆਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਲਈ ਸੁੱਖ-ਸਹੂਲਤ ਦੇ ਸੋਮੇ ਜੁਟਾਉਣ 'ਚ ਕੋਈ ਕਸਰ ਨਹੀਂ ਛੱਡਦੇ, ਜੋ ਉਪਰ ਦਿੱਤੀਆਂ ਗਈਆਂ ਮਿਸਾਲਾਂ ਤੋਂ ਸਪੱਸ਼ਟ ਹੈ। 
ਸਪੱਸ਼ਟ ਹੈ ਕਿ ਇਹ ਮਾਓਵਾਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਬਣ ਚੁੱਕੇ ਹਨ। ਇਸ ਲਈ ਦੇਸ਼ ਨੂੰ ਇਨ੍ਹਾਂ ਤੋਂ ਮੁਕਤ ਕਰਵਾਉਣ ਲਈ ਇਨ੍ਹਾਂ ਵਿਰੁੱਧ ਉਸੇ ਤਰ੍ਹਾਂ ਫੌਜੀ ਕਾਰਵਾਈ ਤੇਜ਼ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਆਂ 'ਚ ਹੀ ਆਪਣੇ ਦੇਸ਼ 'ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।                           —ਵਿਜੇ ਕੁਮਾਰ


Vijay Kumar Chopra

Chief Editor

Related News