‘ਦੇਸ਼ ’ਚ ਜਾਰੀ ਨਸ਼ਿਆਂ ਦਾ ਹੜ੍ਹ’ ‘ਇਸ ’ਚ ਡੁੱਬ ਰਹੇ ਲੋਕ ਅਤੇ ਉੱਜੜ ਰਹੇ ਪਰਿਵਾਰ''
Saturday, Mar 23, 2024 - 05:00 AM (IST)
ਜਿੱਥੇ ਭਾਰਤ ਦੇ ਤੱਟੀ ਇਲਾਕਿਆਂ ਗੁਜਰਾਤ ਆਦਿ 'ਚ ਸਮੁੰਦਰੀ ਮਾਰਗ ਰਾਹੀਂ ਸਰਹੱਦ ਪਾਰ ਤੋਂ ਨਸ਼ਿਆਂ ਦੀ ਸਮੱਗਲਿੰਗ ਹੋ ਰਹੀ ਹੈ, ਉੱਥੇ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਤੋਂ ਥਲ ਮਾਰਗ ਅਤੇ ਹੁਣ ਝੋਨਾਂ ਰਾਹੀਂ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਜ਼ੋਰਾਂ 'ਤੇ ਹੈ। ਸਿਰਫ ਇਸੇ ਮਹੀਨੇ ਦੀਆਂ ਹੇਠਲੀਆਂ ਚੰਦ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਇਹ ਸਮੱਸਿਆ ਕਿੰਨਾ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ :
* 1 ਮਾਰਚ ਨੂੰ ਰਾਜਸਥਾਨ 'ਚ ਜੋਧਪੁਰ ਦੇ ਵਿਵੇਕ ਵਿਹਾਰ ਥਾਣੇ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਡਾਕ ਪਾਰਸਲ ਦੇ ਟਰੱਕ 'ਚ ਲਿਜਾਏ ਜਾ ਰਹੇ 5 ਕਰੋੜ ਰੁਪਏ ਤੋਂ ਵੱਧ ਮੁੱਲ ਦੇ 23 ਕੁਇੰਟਲ ਨਾਜਾਇਜ਼ ਚੂਰਾ ਪੋਸਤ ਸਮੇਤ 8 ਕਿਲੋ ਅਫੀਮ ਬਰਾਮਦ ਕੀਤੀ।
ਇਸ ਤੋਂ ਪਹਿਲਾਂ ਫਰਵਰੀ 'ਚ ਰਾਜਸਥਾਨ `ਚ ਹੀ ‘ਬਾਸਨੀ’ ਥਾਣੇ ਦੀ ਪੁਲਸ ਨੇ ਇਕ ਸੀਮੈਂਟ ਮਿਕਸਰ ਅੰਦਰ ਸੀਮੈਂਟ ਦੀ ਥਾਂ 111 ਕੱਟਿਆਂ 'ਚ ਭਰਿਆ ਹੋਇਆ ਲਗਭਗ 3.35 ਕਰੋੜ ਰੁਪਏ ਮੁੱਲ ਦਾ 22 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਸੀ।
* 2 ਮਾਰਚ ਨੂੰ ਪੰਜਾਬ ਦੀ ਫਿਰੋਜ਼ਪੁਰ ਪੁਲਸ ਦੇ ਸੀ. ਆਈ. ਏ. ਸਟਾਫ ਨੇ 2 ਨਸ਼ਾ ਸਮੱਗਲਰਾਂ ਕੋਲੋਂ ਡੇਢ ਕਿਲੋ ਹੈਰੋਇਨ ਫੜੀ।
* 8 ਮਾਰਚ ਨੂੰ ਪੰਜਾਬ 'ਚ ਰਾਜਪੁਰਾ ਸਦਰ ਦੀ ਪੁਲਸ ਨੇ 3 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 9 ਕਿਲੋ ਚਰਸ ਬਰਾਮਦ ਕੀਤੀ।
*16 ਮਾਰਚ ਨੂੰ ਹਰਿਆਣਾ 'ਚ ਅੰਬਾਲਾ ਪੁਲਸ ਦੇ ਸੀ. ਆਈ. ਏ.-2 ਸਟਾਫ ਨੇ ਨੈਸ਼ਨਲ ਹਾਈਵੇ 'ਤੇ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 4 ਕਿਲੋ ਅਫੀਮ ਬਰਾਮਦ ਕੀਤੀ।
*17 ਮਾਰਚ ਨੂੰ ਪੰਜਾਬ ਦੇ ਪਿੰਡ ਝਬਾਲ ਨੇੜੇ ਬੀ. ਐੱਸ. ਐੱਫ. ਨੇ ਖ਼ੂਨ ਰਾਹੀਂ ਇਕ ਪੈਕੇਟ 'ਚ ਸੁੱਟੀ ਗਈ 550 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 18 ਮਾਰਚ ਨੂੰ ਓਡਿਸ਼ਾ 'ਚ ਬਾਂਧ ਜ਼ਿਲੇ ਦੇ ਪਿੰਬਰੀਖੋਲ' ਪਿੰਡ ਦੇ ਜੰਗਲ 'ਚ 1.50 ਕਰੋੜ ਰੁਪਏ ਮੁੱਲ ਦਾ 1560 ਕਿਲੋ ਗਾਂਜਾ ਜ਼ਬਤ ਕੀਤਾ ਗਿਆ। ਸੂਬੇ 'ਚ ਹੁਣ ਤੱਕ 3800 ਕਿਲੋ ਗਾਂਜਾ ਜ਼ਬਤ ਕੀਤਾ ਜਾ ਚੁੱਕਾ ਹੈ। * 19 ਮਾਰਚ ਨੂੰ ਮਹਾਰਾਸ਼ਟਰ 'ਚ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਦੀ ਮੁੰਬਈ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਇਕ ਨਾਈਜੀਰੀਅਨ ਨਾਗਰਿਕ ਅਤੇ ਉਸ ਦੀਆਂ ਸਹਿਯੋਗੀ ਔਰਤ ਯਾਤਰੀਆਂ ਵੱਲੋਂ 100 ਕਰੋੜ ਰੁਪਏ ਮੁੱਲ ਦੀ 9.8 ਕਿਲ ਕੋਕੀਨ ਜ਼ਬਤ ਕਰ ਕੇ ਕੌਮਾਂਤਰੀ ਡਰੱਗਜ਼ ਸਿੰਡੀਕੇਟ ਦਾ ਪਰਦਾਫਾਸ਼ ਕੀਤਾ।
* 19 ਮਾਰਚ ਨੂੰ ਉੱਤਰਾਖੰਡ ਦੀ ਊਧਮ ਸਿੰਘ ਨਗਰ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਚੈਕਿੰਗ ਦੌਰਾਨ 1 ਕਰੋੜ ਰੁਪਏ ਤੋਂ ਵੱਧ ਮੁੱਲ ਦੇ 300 ਕਿਲੋ ਡੋਡੇ ਅਤੇ 5 ਕਿਲੋ 322 ਗ੍ਰਾਮ ਅਫੀਮ ਦੇ 20 ਕੱਟਿਆਂ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 20 ਮਾਰਚ ਨੂੰ ਉੱਤਰ ਪ੍ਰਦੇਸ਼ 'ਚ ਗਾਜ਼ੀਆਬਾਦ ਦੀ ਪੁਲਸ ਨੇ 3 ਅੰਤਰਰਾਜੀ ਅਫੀਮ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਚੋਂ 3.7 ਕਿਲੋ ਅਫੀਮ ਬਰਾਮਦ ਕੀਤੀ।
* 20 ਮਾਰਚ ਨੂੰ ਹੀ ਮੱਧ ਪ੍ਰਦੇਸ਼ 'ਚ 'ਬਾਗੇਸ਼ਵਰ' ਦੀ ਪੁਲਸ ਨੇ ‘ਬਦੀਆ ਕੋਟ' ਥਾਣੇ ਦੇ ਇਕ ਪਿੰਡ ਦੀ ਗਊਸ਼ਾਲਾ 'ਚ ਛਾਪਾ ਮਾਰ ਕੇ ਉੱਥੇ ਲੁਕੋ ਕੇ ਰੱਖੀ ਗਈ ਲੱਖਾਂ ਰੁਪਏ ਮੁੱਲ ਦੀ 26 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਬੀਅਰ ਬਰਾਮਦ ਕੀਤੀ।
* 21 ਮਾਰਚ ਨੂੰ ਹਰਿਆਣਾ ਪੁਲਸ ਨੇ ਨੂਹ 'ਚ ਸਿਕਰਾਵਾ ਰੋਡ ਨੇੜੇ ਪਿੰਡ ‘ਗੁਲਾਟਾ’ ਦੇ ਨੇੜੇ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ 89 ਲੱਖ ਰੁਪਏ ਮੁੱਲ ਦਾ 596 ਕਿਲੋ ਗਾਂਜਾ ਬਰਾਮਦ ਕੀਤਾ।
* 21 ਮਾਰਚ ਨੂੰ ਹੀ ਪੰਜਾਬ ਦੀ ਤਰਨ ਤਾਰਨ ਪੁਲਸ ਨੇ ਨਸ਼ਾ ਸਮੱਗਲਰ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰ ਕੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 21 ਮਾਰਚ ਨੂੰ ਹੀ ਸੀ. ਬੀ. ਆਈ. ਨੇ ਇੰਟਰਪੋਲ ਤੋਂ ਮਿਲੀ ਸੂਚਨਾ ਦੇ ਆਧਾਰ ਤੋਂ ਆਂਧਰਾ ਪ੍ਰਦੇਸ਼ ਦੀ ਵਿਸ਼ਾਖਾਪਟਨਮ ਬੰਦਰਗਾਹ ਤੋਂ ਇਕ ਜਹਾਜ਼ 'ਚੋਂ ਕੁੱਲ 25000 ਕਿਲੋ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਸੁੱਕੇ ਖਮੀਰ ਦੀਆਂ ਬੋਲੀਆਂ 'ਚ ਕੋਕੀਨ ਮਿਲਾਈ ਗਈ ਸੀ।
ਭਾਵੇਂ ਸਰਕਾਰ ਵਲੋਂ ਅਤੇ ਪ੍ਰਾਈਵੇਟ ਤੌਰ 'ਤੇ ਵੀ ਦੇਸ਼ 'ਚ ਨਸ਼ੇ ਦੀ ਲਤ ਛੁਡਵਾਉਣ ਲਈ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਜਾ ਰਹੇ ਹਨ ਪਰ ਜਦ ਇੰਨੀ ਵੱਡੀ ਮਾਤਰਾ 'ਚ ਦੇਸ਼ 'ਚ ਨਸ਼ਾ ਲਿਆਂਦਾ ਜਾ ਰਿਹਾ ਹੋਵੇ ਤਾਂ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ 'ਚ ਭਲਾ ਕਿੰਨੀ ਸਹਾਇਤਾ ਮਿਲ ਸਕਦੀ ਹੈ।
ਇਸ ਲਈ, ਇਸ ਸਮੱਸਿਆ ਨੂੰ ਖਤਮ ਕਰਨ ਲਈ ਦੇਸ਼ 'ਚ ਨਸ਼ਿਆਂ ਦੇ ਦਾਖਲੇ ਦੇ ਰਾਹ ਬੰਦ ਕਰਨ ਲਈ ਚੌਕਸੀ ਵਧਾਉਣ ਦੇ ਨਾਲ-ਨਾਲ ਫੜੇ ਜਾਣ ਵਾਲੇ ਸਮੱਗਲਰਾਂ ਵਿਰੁੱਧ ਹੱਤਿਆ ਵਰਗੀਆਂ ਸਖਤ ਧਾਰਾਵਾਂ ਤਹਿਤ ਫਾਸਟ ਟ੍ਰੈਕ ਅਦਾਲਤਾਂ 'ਚ ਮੁਕੱਦਮਾ ਚਲਾ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ। ਨਸ਼ਿਆਂ ਦੀ ਵਰਤੋਂ ਨਾਲ ਨਾ ਸਿਰਫ ਦੇਸ਼ ਦੇ ਨੌਜਵਾਨਾਂ ਦੀ ਸਿਹਤ ਹੀ ਖਤਮ ਹੋ ਰਹੀ ਹੈ, ਸਗੋਂ ਵੱਡੀ ਗਿਣਤੀ 'ਚ ਪਰਿਵਾਰ ਵੀ ਉੱਜੜ ਰਹੇ ਹਨ।
-ਵਿਜੇ ਕੁਮਾਰ