ਧਰਮ ਜਗਤ ਨਾਲ ਜੁੜੇ ਕੁਝ ਲੋਕ ਕਰ ਰਹੇ ਸੱਚੇ ਲੋਕਾਂ ਨੂੰ ਬਦਨਾਮ

Friday, Dec 01, 2023 - 04:47 AM (IST)

ਅੱਜਕਲ ਕਈ ਸਥਾਨਾਂ ’ਤੇ ਧਰਮ ਦਾ ਚੋਲਾ ਪਹਿਨ ਕੇ ਪਾਖੰਡੀ ਲੋਕ ਔਰਤਾਂ ਅਤੇ ਮਾਸੂਮ ਬੱਚੇ- ਬੱਚੀਆਂ ਨਾਲ ਦਰਿੰਦਗੀ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਹ ਬੁਰਾਈ ਕਿਸੇ ਇਕ ਧਰਮ ਤੱਕ ਸੀਮਤ ਨਾ ਰਹਿ ਕੇ ਵੱਖ-ਵੱਖ ਧਰਮਾਂ ’ਚ ਬਰਾਬਰ ਤੌਰ ’ਤੇ ਫੈਲ ਰਹੀ ਹੈ।

* 14 ਜੂਨ, 2023 ਨੂੰ ਪਟਨਾ (ਬਿਹਾਰ) ’ਚ ਇਕ 7 ਸਾਲਾ ਮਾਸੂਮ ਨੂੰ ਖਿਡੌਣੇ ਦਿਵਾਉਣ ਦਾ ਲਾਲਚ ਦੇ ਕੇ ਕਮਰੇ ’ਚ ਲਿਜਾ ਕੇ ਉਸ ਨਾਲ ਦਰਿੰਦਗੀ ਕਰਨ ਦੇ ਦੋਸ਼ ’ਚ ਇਕ ਮੰਦਰ ਦੇ 60 ਸਾਲਾ ਪੁਜਾਰੀ ‘ਲੁਤੁ ਬਾਬਾ’ ਨੂੰ ਗ੍ਰਿਫਤਾਰ ਕੀਤਾ ਗਿਆ।

* 6 ਜੁਲਾਈ ਨੂੰ ਸ਼ਾਜਾਪੁਰ (ਮੱਧ ਪ੍ਰਦੇਸ਼) ਜ਼ਿਲੇ ਦੇ ਸ਼ੁਜਾਲਪੁਰ ’ਚ ਇਕ ਮੰਦਰ ਦੇ ਪੁਜਾਰੀ ਨੂੰ ਆਪਣੇ ਕੋਲ ਖੇਡਣ ਆਉਣ ਵਾਲੀ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 29 ਜੁਲਾਈ ਨੂੰ ਸਤਨਾ (ਮੱਧ ਪ੍ਰਦੇਸ਼) ਜ਼ਿਲੇ ’ਚ ਇਕ 12 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਦਰਿੰਦਗੀ ਕਰਨ ਦੇ ਦੋਸ਼ ’ਚ ਇਕ ਮਸ਼ਹੂਰ ਮੰਦਰ ਦੇ ਪ੍ਰਬੰਧਨ ਨਾਲ ਜੁੜੇ 2 ਲੋਕਾਂ ਰਵਿੰਦਰ ਅਤੇ ਅਤੁਲ ਨੂੰ ਗ੍ਰਿਫਤਾਰ ਕੀਤਾ ਗਿਆ।

* 9 ਅਗਸਤ ਨੂੰ ਕਰਨਾਲ (ਹਰਿਆਣਾ) ਤੋਂ ਸ਼ਾਮਲੀ (ਉੱਤਰ ਪ੍ਰਦੇਸ਼) ਦੇ ਇਕ ਮਦਰੱਸੇ ’ਚ ਪੜ੍ਹਨ ਗਈ ਇਕ ਨਾਬਾਲਿਗਾ ਨਾਲ ਅਸ਼ਲੀਲ ਹਰਕਤਾਂ ਅਤੇ ਹੈਵਾਨੀਅਤ ਕਰਨ ਦੇ ਦੋਸ਼ ’ਚ ਮਦਰੱਸੇ ਦੇ ਮੌਲਵੀ ਵਿਰੁੱਧ ਕੇਸ ਦਰਜ ਕੀਤਾ ਗਿਆ।

* 31 ਅਗਸਤ ਨੂੰ ਮੇਰਠ (ਉੱਤਰ ਪ੍ਰਦੇਸ਼) ਦੇ ‘ਇੰਚੌਲੀ’ ’ਚ ਇਕ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਨੇ ਇਕ ਮਦਰੱਸੇ ਦੇ ਮੌਲਾਨਾ ’ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਦੇ ਪਤੀ ’ਤੇ ਭੂਤ ਦਾ ਸਾਇਆ ਹੋਣ ਦਾ ਡਰ ਦਿਖਾ ਕੇ ਉਸ ਨੂੰ ਦੂਰ ਕਰਨ ਦੇ ਨਾਂ ’ਤੇ ਉਸ ਦਾ ਸੈਕਸ ਸ਼ੋਸ਼ਣ ਕੀਤਾ।

* 24 ਸਤੰਬਰ ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਜ਼ਿਲੇ ਦੇ ਬੁੜਾਨਾ ਥਾਣਾ ਖੇਤਰ ’ਚ ਇਕ ਮਦਰੱਸੇ ਦੇ ਇਮਾਮ ਵਿਰੁੱਧ ਇਕ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 3 ਅਕਤੂਬਰ ਨੂੰ ਮੁਜ਼ੱਫਰਪੁਰ (ਬਿਹਾਰ) ’ਚ ਇਕ ਢੋਂਗੀ ਬਾਬਾ ਵਿਰੁੱਧ ਇਕ 30 ਸਾਲਾ ਔਰਤ ਦੇ ਸਰੀਰ ’ਚ ਆਏ ਜਿੰਨ ਨੂੰ ਭਜਾਉਣ ਦੇ ਨਾਂ ’ਤੇ ਉਸ ਨਾਲ ਜਬਰ-ਜ਼ਨਾਹ ਅਤੇ ਹੱਤਿਆ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 9 ਅਕਤੂਬਰ ਨੂੰ ਸਹਰਸਾ (ਬਿਹਾਰ) ’ਚ ਇਕ ਮਸਜਿਦ ਦੇ ਮੌਲਾਨਾ ਹਾਫਿਜ਼ ਇਮਤਿਆਜ਼ ਨੂੰ 13 ਸਾਲਾ ਇਕ ਬੱਚੀ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰ ਦੇਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਪੇਟ ਦਰਦ ਹੋਣ ’ਤੇ ਜਦ ਹਸਪਤਾਲ ਲਿਜਾ ਕੇ ਜਾਂਚ ਕਰਵਾਉਣ ਤੋਂ ਬਾਅਦ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਤਾਂ ਉਸ ਦੇ ਗਰਭ ’ਚੋਂ ਮ੍ਰਿਤ ਬੱਚਾ ਨਿਕਲਿਆ।

* 11 ਅਕਤੂਬਰ ਨੂੰ ਦਿੱਲੀ ਦੇ ਕਾਕਰੋਲਾ ਇਲਾਕੇ ’ਚ ਆਸ਼ਰਮ ਚਲਾਉਣ ਵਾਲੇ ਇਕ ਢੋਂਗੀ ਬਾਬਾ ਨੂੰ ਕਸ਼ਟ ਦੂਰ ਕਰਨ ਦੇ ਨਾਂ ’ਤੇ 2 ਔਰਤਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 24 ਅਕਤੂਬਰ ਨੂੰ ਜੂਨਾਗੜ੍ਹ (ਗੁਜਰਾਤ) ਜ਼ਿਲੇ ’ਚ ਇਕ ਮਦਰੱਸੇ ਦੇ 25 ਸਾਲਾ ਅਧਿਆਪਕ ਨੂੰ ਘੱਟ ਤੋਂ ਘੱਟ 10 ਨਾਬਾਲਿਗ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 6 ਨਵੰਬਰ ਨੂੰ ਬਾਰਾਬੰਕੀ (ਉੱਤਰ ਪ੍ਰਦੇਸ਼) ਦੇ ਪਿੰਡ ‘ਬੰਕੀ’ ’ਚ ਪੰਡਿਤਾਈ ਦਾ ਕੰਮ ਕਰਨ ਵਾਲਾ ਇਕ 55 ਸਾਲਾ ਪੁਜਾਰੀ ਅਸ਼ੋਕ ਗੋਸਵਾਮੀ ਇਕ 2 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਆਪਣੇ ਘਰ ਨੂੰ ਤਾਲਾ ਲਾ ਕੇ ਭੱਜ ਗਿਆ।

* 29 ਨਵੰਬਰ ਨੂੰ ਹਮੀਰਪੁਰ (ਉੱਤਰ ਪ੍ਰਦੇਸ਼) ਜ਼ਿਲੇ ਦੇ ਕੁਰਾਰਾ ਥਾਣਾ ਖੇਤਰ ਦੇ ਇਕ ਪਿੰਡ ਦੀ ਮਸਜਿਦ ’ਚ ਬੱਚਿਆਂ ਨੂੰ ਉਰਦੂ ਅਤੇ ਅਰਬੀ ਪੜ੍ਹਾਉਣ ਵਾਲੇ 28 ਸਾਲਾ ਮੌਲਾਨਾ ਮੁੰਤਜਿਰ ਆਲਮ ਨੂੰ ਉਰਦੂ ਪੜ੍ਹਨ ਆਈ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਮੌਲਾਨਾ ਨੇ ਦੂਜੇ ਬੱਚਿਆਂ ਨੂੰ ਘਰ ਭੇਜਣ ਤੋਂ ਬਾਅਦ ਪੀੜਤ ਬੱਚੀ ਦੇ ਛੋਟੇ ਭਰਾ ਨੂੰ ਮਸਜਿਦ ਦੇ ਬਾਹਰ ਬਿਠਾ ਦਿੱਤਾ ਅਤੇ ਬੱਚੀ ਨੂੰ ਉੱਥੇ ਸਾਫ-ਸਫਾਈ ਕਰਨ ਦੇ ਬਹਾਨੇ ਇਕ ਘੰਟਾ ਰੋਕ ਕੇ ਇਹ ਪਾਪ ਕੀਤਾ, ਜਿਸ ਬਾਰੇ ਬੱਚੀ ਨੇ ਘਰ ਜਾ ਕੇ ਰੋਂਦੇ ਹੋਏ ਆਪਣੇ ਮਾਤਾ-ਪਿਤਾ ਨੂੰ ਦੱਸਿਆ।

ਧਰਮ ਜਗਤ ਨਾਲ ਜੁੜੇ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕਾਰਿਆਂ ਨਾਲ ਸਾਰਾ ਧਰਮ ਜਗਤ ਬਦਨਾਮ ਹੁੰਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਇਸ ਲਈ ਅਜਿਹੇ ਲੋਕਾਂ ਵਿਰੁੱਧ ਤੁਰੰਤ ਅਤੇ ਸਖਤ ਕਾਰਵਾਈ ਕਰ ਕੇ ਉਨ੍ਹਾਂ ਦੀਆਂ ਗੰਦੀਆਂ ਕਰਤੂਤਾਂ ’ਤੇ ਰੋਕ ਲਾਉਣ ਦੀ ਲੋੜ ਹੈ, ਤਾਂ ਹੀ ਇਸ ਬੁਰਾਈ ’ਤੇ ਰੋਕ ਲੱਗ ਸਕੇਗੀ।

ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਇਸ ਸਬੰਧ ’ਚ ਜਾਗਰੂਕ ਰਹਿਣਾ ਅਤੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਉਹ ਕਿੱਥੇ ਆ-ਜਾ ਰਹੇ ਹਨ।

- ਵਿਜੇ ਕੁਮਾਰ


Anmol Tagra

Content Editor

Related News