ਕੁਝ ਅਧਿਆਪਕਾਂ-ਅਧਿਆਪਕਾਵਾਂ ਵਲੋਂ ਵਿਦਿਆਰਥੀਆਂ-ਵਿਦਿਆਰਥਣਾਂ ਦਾ ਸ਼ੋਸ਼ਣ

07/18/2018 6:06:37 AM

ਜੀਵਨ ਵਿਚ ਮਾਂ-ਪਿਓ ਤੋਂ ਬਾਅਦ ਅਧਿਆਪਕ ਦਾ ਹੀ ਸਭ ਤੋਂ ਉੱਚਾ ਸਥਾਨ ਮੰਨਿਆ ਗਿਆ ਹੈ। ਉਹੀ ਅਗਿਆਨਤਾ ਦੇ ਸ਼ਿਕਾਰ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਅਗਿਆਨੀ ਤੋਂ ਗਿਆਨਵਾਨ ਬਣਾਉਂਦਾ ਹੈ ਪਰ ਅੱਜ ਕੁਝ ਅਧਿਆਪਕਾਂ-ਅਧਿਆਪਕਾਵਾਂ ਵਲੋਂ ਆਪਣੀਆਂ ਮਰਿਆਦਾਵਾਂ ਨੂੰ ਭੁੱਲ ਕੇ ਸਕੂਲੀ ਬੱਚਿਆਂ 'ਤੇ ਅਣਮਨੁੱਖੀ ਅੱਤਿਆਚਾਰ ਕਰਨ ਦੇ ਨਾਲ-ਨਾਲ ਨੈਤਿਕਤਾ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ ਹੈ। ਇਥੇ ਪੇਸ਼ ਹਨ ਸਿਰਫ 15 ਦਿਨਾਂ ਦੀਆਂ ਅਧਿਆਪਕਾਂ ਵਲੋਂ ਵਿਦਿਆਰਥੀਆਂ-ਵਿਦਿਆਰਥਣਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ :
* 02 ਜੁਲਾਈ ਨੂੰ ਪੁਲਸ ਨੇ ਹਿਮਾਚਲ ਵਿਚ ਕੁੱਲੂ ਜ਼ਿਲੇ ਦੇ ਨਿਰਮੰਡ 'ਚ ਇਕ ਸਰਕਾਰੀ ਮਿਡਲ ਸਕੂਲ ਦੇ ਹੈੱਡਮਾਸਟਰ ਨੂੰ 8ਵੀਂ ਜਮਾਤ ਦੀ ਇਕ ਵਿਦਿਆਰਥਣ ਦਾ ਅੱਧੀ ਛੁੱਟੀ ਵੇਲੇ ਯੌਨ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। 
* 04 ਜੁਲਾਈ ਨੂੰ ਕੰਨਿਆਕੁਮਾਰੀ 'ਚ ਤ੍ਰਾਵਣਕੋਰ ਦੇ ਇਕ ਸਰਕਾਰੀ ਸਕੂਲ ਦੇ ਹੈੱਡਮਾਸਟਰ ਨੂੰ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਪੁਲਸ ਵਲੋਂ ਹੈੱਡਮਾਸਟਰ ਨੂੰ ਗ੍ਰਿਫਤਾਰ ਕਰ ਕੇ ਲਿਜਾਂਦੇ ਸਮੇਂ ਬਾਹਰ ਖੜ੍ਹੀ ਭੜਕੀ ਭੀੜ ਨੇ ਹੈੱਡਮਾਸਟਰ 'ਤੇ ਹਮਲਾ ਕਰ ਕੇ ਉਸ ਨੂੰ ਖੂਬ ਕੁੱਟਿਆ। 
* 05 ਜੁਲਾਈ ਨੂੰ ਕਾਨਪੁਰ 'ਚ ਟਿਊਸ਼ਨ ਟੀਚਰ ਨੇ 2 ਮਾਸੂਮ ਵਿਦਿਆਰਥੀਆਂ ਨੂੰ ਸਿਰਫ ਇਸ ਲਈ ਡੰਡੇ ਨਾਲ ਕੁੱਟਿਆ ਕਿਉਂਕਿ ਉਹ ਇੰਗਲਿਸ਼ ਦੀ ਕਵਿਤਾ ਨਹੀਂ ਸੁਣਾ ਸਕੇ। 
* 07 ਜੁਲਾਈ ਨੂੰ ਬਿਹਾਰ ਦੇ ਛਪਰਾ ਜ਼ਿਲੇ ਵਿਚ ਪਰਸਾਗੜ੍ਹ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਗੈਂਗਰੇਪ ਕਰਨ ਦੇ ਦੋਸ਼ ਹੇਠ ਪਿੰ੍ਰਸੀਪਲ, ਦੋ ਵਿਦਿਆਰਥੀਆਂ ਅਤੇ ਇਕ ਅਧਿਆਪਕ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। 
* 09 ਜੁਲਾਈ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ਵਿਚ ਇਕ ਸਕੂਲ ਦੇ ਪਿੰ੍ਰਸੀਪਲ ਸੁਜੀਤ ਕੁਮਾਰ ਝਾਅ ਅਤੇ ਅਧਿਆਪਕ ਆਨੰਦ ਕੁਮਾਰ ਨੂੰ ਚੌਥੀ ਅਤੇ ਪੰਜਵੀਂ ਜਮਾਤ ਦੀਆਂ ਕੁੜੀਆਂ ਨੂੰ ਮੋਬਾਇਲ 'ਤੇ ਅਸ਼ਲੀਲ ਫਿਲਮਾਂ ਦਿਖਾ ਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਹ ਦੋਵੇਂ ਵਿਦਿਆਰਥਣਾਂ ਨੂੰ ਧਮਕਾਉਂਦੇ ਸਨ ਕਿ ਜੇ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਦੇ ਨੰਬਰ ਕੱਟ ਲਏ ਜਾਣਗੇ। 
* 12 ਜੁਲਾਈ ਨੂੰ ਮੱਧ ਪ੍ਰਦੇਸ਼ ਦੇ ਰਾਏਸੇਨ ਵਿਚ ਅਧਿਆਪਕਾ ਜੈਅੰਤੀ ਸਾਹੂ ਨੇ 5 ਸਾਲਾ ਵਿਦਿਆਰਥਣ ਪ੍ਰੀਨਾ ਅਹੀਰਵਾਰ ਦੇ ਸਿਰ 'ਤੇ ਇੰਨੇ ਜ਼ੋਰ ਨਾਲ ਡੰਡਾ ਮਾਰਿਆ ਕਿ ਖੂਨ ਵਗਣ ਲੱਗਾ ਪਰ ਅਧਿਆਪਕਾ ਨੇ ਨਾ ਤਾਂ ਉਸ ਨੂੰ ਹਸਪਤਾਲ ਭਿਜਵਾਇਆ ਤੇ ਨਾ ਹੀ ਉਸ ਦੇ ਘਰਵਾਲਿਆਂ ਨੂੰ ਸੂਚਿਤ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 12 ਜੁਲਾਈ ਨੂੰ ਹੀ ਨਵੀਂ ਦਿੱਲੀ ਦੇ ਇਕ ਸਕੂਲ ਵਿਚ 7ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਵਿਗਿਆਨ ਦੇ ਅਧਿਆਪਕ ਨੇ ਬੇਵਜ੍ਹਾ ਹੀ ਕਲਾਸ ਰੂਮ ਵਿਚ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਕਿਸੇ ਨੂੰ ਵੀ ਦੱਸਣ 'ਤੇ ਫੇਲ ਕਰਨ ਦੀ ਧਮਕੀ ਦਿੱਤੀ। ਪੀੜਤ ਦੇ ਚਾਚੇ ਵਲੋਂ ਇਸ ਸਬੰਧ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। 
* 13 ਜੁਲਾਈ ਨੂੰ ਹਰਿਆਣਾ ਦੇ ਹਾਂਸੀ 'ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਤਿਆਵਾਨ ਨੂੰ ਤੀਜੀ ਜਮਾਤ ਦੀ 8 ਸਾਲਾ ਵਿਦਿਆਰਥਣ ਨਾਲ ਸਕੂਲ ਦੇ ਟਾਇਲਟ ਵਿਚ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਅਧਿਆਪਕ ਨੇ ਉਸ ਨੂੰ ਧਮਕਾਇਆ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ। 
* 14 ਜੁਲਾਈ ਨੂੰ ਲਖਨਊ ਵਿਚ ਗਾਜ਼ੀਪੁਰ ਥਾਣਾ ਖੇਤਰ ਵਿਚ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਇਕ ਅਧਿਆਪਕ ਨੇ 400 ਰੁਪਏ ਚੋਰੀ ਕਰਨ ਦੇ ਸ਼ੱਕ ਹੇਠ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਕੁੱਟਣ ਦੇ ਨਾਲ-ਨਾਲ ਉਸ ਤੋਂ ਆਪਣੇ ਬੂਟਾਂ ਦੇ ਤਸਮੇ ਬੰਨ੍ਹਵਾ ਕੇ ਉਸ ਨੂੰ ਜਨਤਕ ਤੌਰ 'ਤੇ ਅਪਮਾਨਿਤ ਕੀਤਾ। 
* 14 ਜੁਲਾਈ ਨੂੰ ਹੀ ਫਤੇਹਾਬਾਦ ਦੇ ਪਿੰਡ ਭਿਰਡਾਨਾ ਦੇ ਸਰਕਾਰੀ ਸਕੂਲ ਵਿਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਹੋਮਵਰਕ ਨਾ ਕਰਨ ਦੀ ਸਜ਼ਾ ਵਜੋਂ ਅਧਿਆਪਕ ਨੇ ਉਸ ਦੀ ਕੂਹਣੀ ਨੇੜਲੀ ਹੱਡੀ ਤੋੜ ਦਿੱਤੀ। 
* 15 ਜੁਲਾਈ ਨੂੰ ਬੰਗਾਲ ਦੇ ਮੁਰਸ਼ਿਦਾਬਾਦ ਵਿਚ ਸ਼ਕਤੀਪੁਰ ਦੇ ਇਕ ਸਕੂਲ ਦੇ ਪਿੰ੍ਰਸੀਪਲ ਨੇ 'ਜੈ ਸ਼੍ਰੀ ਰਾਮ' ਦਾ ਨਾਅਰਾ ਲਾਉਣ 'ਤੇ 11ਵੀਂ ਜਮਾਤ ਦੇ 4 ਵਿਦਿਆਰਥੀਆਂ ਨੂੰ ਕੁੱਟ ਦਿੱਤਾ। 
* 16 ਜੁਲਾਈ ਨੂੰ ਰਾਜਸਥਾਨ 'ਚ ਦੌਸਾ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਮਿਡ-ਡੇ ਮੀਲ ਵਿਚ ਵਿਦਿਆਰਥੀਆਂ ਨੂੰ ਸਿਰਫ ਦਾਲ ਦਿੱਤੀ ਗਈ ਅਤੇ ਜਦੋਂ ਵਿਦਿਆਰਥੀਆਂ ਨੇ ਰੋਟੀ ਵੀ ਮੰਗੀ ਤਾਂ ਸਕੂਲ ਦੇ ਪਿੰ੍ਰਸੀਪਲ ਕੈਲਾਸ਼ ਗੁਪਤਾ ਨੇ ਬੱਚਿਆਂ ਨੂੰ 'ਮੁਰਗਾ' ਬਣਾ ਕੇ ਬੇਰਹਿਮੀ ਨਾਲ ਕੁੱਟਿਆ। ਇਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ 4 ਵਿਦਿਆਰਥੀਆਂ ਨੂੰ ਫਸਟਏਡ ਤੋਂ ਬਾਅਦ ਬਾਂਦੀਕੁਈ ਰੈਫਰ ਕੀਤਾ ਗਿਆ।  
ਇਹ ਤਾਂ ਅਧਿਆਪਕਾਂ ਵਲੋਂ ਵਿਦਿਆਰਥੀਆਂ-ਵਿਦਿਆਰਥਣਾਂ 'ਤੇ ਕੀਤੇ ਜਾਣ ਵਾਲੇ ਅੱਤਿਆਚਾਰ ਦੇ ਕੁਝ ਨਮੂਨੇ ਮਾਤਰ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣੇ ਨਹੀਂ ਆ ਸਕੀਆਂ। ਅਧਿਆਪਕਾਂ-ਅਧਿਆਪਕਾਵਾਂ ਵਲੋਂ ਮਾਸੂਮ ਵਿਦਿਆਰਥੀਆਂ-ਵਿਦਿਆਰਥਣਾਂ ਨਾਲ ਮਾਰ-ਕੁਟਾਈ ਤੋਂ ਇਲਾਵਾ ਉਨ੍ਹਾਂ ਦੇ ਯੌਨ ਸ਼ੋਸ਼ਣ ਵਰਗੇ ਅਪਰਾਧ ਇਸ ਆਦਰਸ਼ ਪੇਸ਼ੇ 'ਤੇ ਇਕ ਘਿਨਾਉਣਾ ਧੱਬਾ ਅਤੇ ਅਧਿਆਪਕ ਵਰਗ ਵਿਚ ਵੀ ਵਧ ਰਹੀ ਨੈਤਿਕ ਗਿਰਾਵਟ ਦਾ ਸਿੱਟਾ ਹੈ। ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕਾਂ-ਅਧਿਆਪਕਾਵਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਵੇ, ਤਾਂ ਕਿ ਇਹ ਕੁਚੱਕਰ ਰੁਕੇ।    
—ਵਿਜੇ ਕੁਮਾਰ


Vijay Kumar Chopra

Chief Editor

Related News