2000 ਦੇ ਨੋਟ ਬਦਲਣਾ ਵੀ ਬਣਿਆ ‘ਵਪਾਰ’, 10 ਤੋਂ 15 ਫ਼ੀਸਦੀ ਕਮਿਸ਼ਨ ਲੈਣ ਲੱਗੇ ‘ਦੁਕਾਨਦਾਰ’

Sunday, May 28, 2023 - 04:43 AM (IST)

2000 ਦੇ ਨੋਟ ਬਦਲਣਾ ਵੀ ਬਣਿਆ ‘ਵਪਾਰ’, 10 ਤੋਂ 15 ਫ਼ੀਸਦੀ ਕਮਿਸ਼ਨ ਲੈਣ ਲੱਗੇ ‘ਦੁਕਾਨਦਾਰ’

ਭਾਰਤੀ ਰਿਜ਼ਰਵ ਬੈਂਕ ਨੇ 19 ਮਈ ਨੂੰ 2000 ਰੁਪਏ ਦਾ ਨੋਟਾਂ ’ਤੇ ਰੋਕ ਲਾ ਦਿਤੀ ਹੈ ਅਤੇ ਇਸ ਨੂੰ ਬਦਲਣ ਜਾਂ ਬੈਂਕਾਂ ’ਚ ਜਮ੍ਹਾ ਕਰਨ ਦੀ ਮਿਆਦ 23 ਮਈ ਤੋਂ 30 ਸਤੰਬਰ ਕਰ ਦਿੱਤੀ ਪਰ ਲੋਕਾਂ ਨੇ ਬੈਂਕਾਂ ’ਚ ਨੋਟ ਬਦਲਵਾਉਣ ਅਤੇ ਜਮ੍ਹਾ ਕਰਵਾਉਣ ਤੋਂ ਇਲਾਵਾ ਆਪਣੇ ਆਪਣੇ ਤਰੀਕੇ ਨਾਲ ਇਨ੍ਹਾਂ ਨੂੰ ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹੀ ਨਹੀਂ, ਲੋਕਾਂ ’ਚ ਸੋਨਾ ਖਰੀਦਣ ਦੀ ਵੀ ਦੌੜ ਜਿਹੀ ਲੱਗ ਗਈ ਹੈ। ਪੈਟਰੋਲ ਅਤੇ ਰਸੋਈ ਗੈਸ ਆਦਿ ਖਰੀਦਣ ਲਈ ਵੀ ਲੋਕ 2000 ਰੁਪਏ ਦੇ ਨੋਟਾਂ ਨਾਲ ਅਦਾਇਗੀ ਕਰਨ ਲੱਗੇ ਹਨ।

* ਫੂਡ ਡਲਿਵਰੀ ਕੰਪਨੀ ‘ਜ਼ੋਮੈਟੋ’ ਮੁਤਾਬਕ 2000 ਰੁਪਏ ਦੇ ਨੋਟਾਂ ਬਾਰੇ ਫੈਸਲਾ ਆਉਣ ਪਿੱਛੋਂ ਕੈਸ਼ ਆਨ ਡਲਿਵਰੀ 70 ਫੀਸਦੀ ਵਧ ਗਈ ਹੈ।

* ਨੋਟ ਖਪਾਉਣ ਦੇ ਜੁਗਾੜ ’ਚ ਕਈਆਂ ਨੇ ਤਾਂ ਪੂਰੇ ਇਕ ਇਕ ਮਹੀਨੇ ਦੀ ਖਪਤ ਦੇ ਬਰਾਬਰ ਸ਼ਰਾਬ ਖਰੀਦ ਲਈ ਹੈ ਿਕਉਂਕਿ ਉੱਥੇ 2000 ਦੇ ਨੋਟ ਲੈ ਲਏ ਜਾਂਦੇ ਹਨ।

* ਜੈਪੁਰ ਦੇ ਇਕ ਵਿਅਕਤੀ ਨੇ ਬੈਂਕ ਤੋਂ 2000 ਰੁਪਏ ਦੇ ਨੋਟ ਬਦਲਵਾਉਣ ਦੀ ਬਜਾਏ ਕਾਰ ਖਰੀਦ ਲਈ ਜੋ ਉਸ ਨੇ ਅਜੇ ਨਹੀਂ ਖਰੀਦਣੀ ਸੀ।

* ਕਈ ਥਾਵਾਂ ’ਤੇ ਦੁਕਾਨਦਾਰਾਂ ਨੇ ਇਨ੍ਹਾਂ ਨੋਟਾਂ ਨੂੰ ਬਦਲਣ ਦੇ ਬਦਲੇ ’ਚ 10 ਤੋਂ 15 ਫੀਸਦੀ ਤੱਕ ਕਮਿਸ਼ਨ ਵਸੂਲ ਕਰਨੀ ਸ਼ੁਰੂ ਕਰ ਦਿੱਤੀ ਹੈ।

* 20 ਮਈ ਨੂੰ ਹਿਮਾਚਲ ਦੇ ਜਵਾਲਾਮੁਖੀ ’ਚ ਕੋਈ ਭਗਤ ਮੰਦਰ ’ਚ 2000 ਰੁਪਏ ਦੇ 400 ਨੋਟਾਂ ਦੇ ਰੂਪ ’ਚ 8 ਲੱਖ ਰੁਪਏ ਚੜ੍ਹਾ ਿਗਆ ਜਦੋਂ ਕਿ 22 ਮਈ ਸ਼ਾਮ ਤੱਕ ਇਕ ਹੋਰ ਮੰਦਰ ’ਚ 2000 ਰੁਪਏ ਵਾਲੇ 357 ਨੋਟ ਚੜ੍ਹਾਏ ਜਾ ਚੁੱਕੇ ਸਨ।

* 23 ਮਈ ਨੂੰ ਸੋਸ਼ਲ ਮੀਡੀਆ ’ਤੇ ਇਕ ਲਾੜੇ ਦੀ ਤਸਵੀਰ ਵਾਇਰਲ ਹੋਈ ਜਿਸ ’ਚ ਉਸ ਨੂੰ ਪਹਿਨਾਈ ਗਈ 2000 ਰੁਪਏ ਦੇ ਨੋਟਾਂ ਦੀ ਭਾਰੀ ਮਾਲਾ ਵੇਖ ਕੇ ਲੋਕ ਕਹਿ ਰਹੇ ਸਨ ਕਿ ਵਿਆਹ ਤੋਂ ਬਾਅਦ ਇਨ੍ਹਾਂ ਨੂੰ ਬਦਲਵਾਉਣ ਲਈ ਉਹ ਸਿੱਧਾ ਬੈਂਕ ’ਚ ਜਾਵੇਗਾ।

* 23 ਮਈ ਨੂੰ ਜਾਲੌਨ ਵਿਖੇ ਇਕ ਪੈਟਰਲ ਪੰਪ ਦੇ ਮੁਲਾਜ਼ਮਾਂ ਨੇ ਇਕ ਸਕੂਟੀ ਸਵਾਰ ਨੂੰ ਪੂਰੀ ਟੈਂਕੀ ਤੋਂ ਘੱਟ ਪੈਟਰੋਲ ਦੇਣ ਤੋਂ ਨਾਂਹ ਕਰ ਦਿੱਤੀ। ਕਈ ਥਾਈਂ ਪੈਟਰੋਲ ਪੰਪ ਵਾਲੇ ਪੂਰੇ 2000 ਰੁਪਏ ਦਾ ਪੈਟਰੋਲ ਭਰਵਾਉਣ ’ਤੇ ਹੀ ਇਹ ਨੋਟ ਲੈ ਰਹੇ ਹਨ।

* 25 ਮਈ ਤੱਕ 3 ਦਿਨਾਂ ਦੇ ਅੰਦਰ ਹੀਰਾ ਨਗਰੀ ਸੂਰਤ ’ਚ 800 ਕਰੋੜ ਰੁਪਏ ਦੀ ਕੀਮਤ ਦੇ 2000 ਦੇ ਨੋਟ ਬਦਲਵਾਏ ਜਾ ਚੁੱਕੇ ਸਨ। ਬੈਂਕਾਂ ਕੋਲ 500 ਰੁਪਏ ਦੇ ਨੋਟਾਂ ਦਾ ਫਲੋਅ ਘੱਟ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਥਿਤੀ ਵਿਗੜ ਸਕਦੀ ਹੈ।

* 25 ਮਈ ਨੂੰ ਜਲੰਧਰ ’ਚ 2000 ਰੁਪਏ ਦਾ ਨੋਟ ਨਾ ਲੈਣ ਕਾਰਨ ਹੋਏ ਮਾਮੂਲੀ ਵਿਵਾਦ ’ਚ ਇਕ ਫੈਕਟਰੀ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸਕ੍ਰੈਪ ਵਪਾਰੀ ਦੇ ਘਰ ’ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉਸ ਦੀ ਮਾਂ ਨੂੰ ਵੀ ਥੱਪੜ ਮਾਰੇ।

2000 ਰੁਪਏ ਦੇ ਨੋਟਾਂ ਨੂੰ ਲੈ ਕੇ ਦੇਸ਼ ’ਚ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ 30 ਸਤੰਬਰ ਤੱਕ ਸਾਹਮਣੇ ਆਉਂਦੀਆਂ ਹੀ ਰਹਿਣਗੀਆਂ।

- ਵਿਜੇ ਕੁਮਾਰ


author

Anmol Tagra

Content Editor

Related News