ਪੰਜਾਬ ਦੀਆਂ ਜੇਲਾਂ ’ਚ ਵਿਦੇਸ਼ੀ ਅਪਰਾਧੀਆਂ ਨੂੰ ਸਥਾਨਕ ਕੈਦੀਆਂ ਨਾਲੋਂ ਵੱਖਰੇ ਰੱਖਣ ਦਾ ਸ਼ਲਾਘਾਯੋਗ ਫੈਸਲਾ

12/06/2018 5:51:52 AM

ਸਾਡੀਆਂ ਜੇਲਾਂ ਵਰ੍ਹਿਆਂ ਤੋਂ ਘੋਰ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਹਨ। ਇਹ ਕਿਰਿਆਤਮਕ ਤੌਰ ’ਤੇ ਅਪਰਾਧੀ ਅਨਸਰਾਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਸਰਕਾਰੀ ਹੈੱਡਕੁਆਰਟਰ ਬਣ ਕੇ ਰਹਿ ਗਈਆਂ ਹਨ ਅਤੇ ਜੇਲਾਂ ’ਚ ਬੰਦ ਕੈਦੀਆਂ ਨੇ ਜੇਲਾਂ ’ਚ ਨਸ਼ੇ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਲਿਆਉਣ ਤੇ ਆਪਣਾ ਧੰਦਾ ਚਲਾਉਣ ਦੇ ਸਾਰੇ ਤਰੀਕੇ ਲੱਭ ਲਏ ਹਨ।
ਇਹੋ ਨਹੀਂ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਤੇ ਹੋਰ ਅਪਰਾਧਾਂ ’ਚ ਸ਼ਾਮਲ ਵਿਦੇਸ਼ੀ ਸਮੱਗਲਰ ਤੇ ਹੋਰ ਅਪਰਾਧੀ ਵੀ ਪੰਜਾਬ ਦੀਆਂ ਜੇਲਾਂ ’ਚ ਵੱਡੀ ਗਿਣਤੀ ਵਿਚ ਬੰਦ ਹਨ ਅਤੇ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਜੇਲਾਂ ਅੰਦਰ ਰਹਿੰਦੇ ਹੋਏ ਵੀ ਇਹ ਸਥਾਨਕ ਕੈਦੀਆਂ ਦੀ ਮਿਲੀਭੁਗਤ ਅਤੇ ਉਨ੍ਹਾਂ ਦੇ ‘ਸੰਪਰਕਾਂ’ ਦੀ ਸਹਾਇਤਾਂ ਨਾਲ ਆਪਣਾ ਨਾਜਾਇਜ਼ ਧੰਦਾ ਜੇਲਾਂ ’ਚੋਂ ਹੀ ਸਫਲਤਾਪੂਰਵਕ ਚਲਾ ਰਹੇ ਹਨ। 
ਜੇਲਾਂ ’ਚ ਬੰਦ ਲਗਭਗ 60 ਫੀਸਦੀ ਵਿਦੇਸ਼ੀ ਆਪਣੇ ਕੋਲ ਨਸ਼ੇ ਵਾਲੇ ਪਦਾਰਥ ਰੱਖਣ ਜਾਂ ਉਨ੍ਹਾਂ ਦੀ ਸਮੱਗਲਿੰਗ ’ਚ ਸ਼ਾਮਲ ਹਨ ਤੇ ਜੇਲਾਂ ਸਥਾਨਕ ਕੈਦੀਆਂ ਨਾਲ ਉਨ੍ਹਾਂ ਦੇ ਮਿਲਣ ਲਈ ਬਿਹਤਰੀਨ ਜਗ੍ਹਾ ਸਿੱਧ ਹੋ ਰਹੀਆਂ ਹਨ। 
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਇਸੇ ਨੂੰ ਦੇਖਦਿਆਂ ਨਾ ਸਿਰਫ ਅਧਿਕਾਰੀਆਂ ਨੇ ਇਨ੍ਹਾਂ ਵਿਦੇਸ਼ੀ ਕੈਦੀਆਂ ਨੂੰ ਸਥਾਨਕ ਕੈਦੀਆਂ ਨਾਲੋਂ ਅੱਡ ਕੋਠੜੀਆਂ ’ਚ ਬੰਦ ਕਰਨ ਦਾ ਫੈਸਲਾ ਕੀਤਾ ਹੈ ਸਗੋਂ ਇਨ੍ਹਾਂ ਦਾ ‘ਆਊਟ ਟਾਈਮ’ ਵੀ ਦੂਜੇ ਕੈਦੀਆਂ ਨਾਲੋਂ ਵੱਖਰਾ ਰੱਖਿਆ ਜਾਵੇਗਾ ਤਾਂ ਕਿ ਇਨ੍ਹਾਂ ਦਾ ਆਪਸ ’ਚ ਮੇਲ ਨਾ ਹੋ ਸਕੇ।
ਜੇਲਾਂ ’ਚ ਸਥਾਨਕ ਅਤੇ ਵਿਦੇਸ਼ੀ ਅਪਰਾਧੀਆਂ ਦਾ ਗੱਠਜੋੜ ਤੋੜਣ ਦੇ ਉਦੇਸ਼ ਨਾਲ ਇਹ ਚੰਗਾ ਫੈਸਲਾ ਹੈ, ਜਿਸ ਨਾਲ ਨਸ਼ੇ ਦੇ ਧੰਦੇ ਨੂੰ ਰੋਕਣ ’ਚ ਸਹਾਇਤਾ ਮਿਲੇਗੀ।
ਇਸ ਦੇ ਨਾਲ ਹੀ ਜੇਲਾਂ ’ਚ ਕੈਦੀਆਂ ਦੀ ਭੀੜ ਘੱਟ ਕਰਨ ਦੇ ਉਪਾਅ ਵੀ ਕਰਨੇ ਚਾਹੀਦੇ ਹਨ। ਇਸੇ ਕੜੀ ’ਚ ਹੋਲੀ, ਦੀਵਾਲੀ, ਈਦ ਜਾਂ ਗੁਰਪੁਰਬ ਆਦਿ ਖਾਸ ਮੌਕਿਆਂ ’ਤੇ ਚੰਗੇ ਚਾਲ-ਚਲਨ ਵਾਲੇ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾ  ਸਕਦਾ ਹੈ। 
ਸੁਪਰੀਮ ਕੋਰਟ ਨੇ ਵੀ ਦੇਸ਼ ਦੀਆਂ ਜੇਲਾਂ ’ਚ ਸਮਰੱਥਾ ਨਾਲੋਂ ਜ਼ਿਆਦਾ ਕੈਦੀ ਅਤੇ ਇਨ੍ਹਾਂ ’ਚ ਵੀ 67 ਫੀਸਦੀ ਤਕ ਵਿਚਾਰ-ਅਧੀਨ ਕੈਦੀ ਹੋਣ ’ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਦੇ ਮੁਕੱਦਮਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਫੌਰਨ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਇਸ ਹੁਕਮ ਦੀ ਸਖਤੀ ਨਾਲ ਪਾਲਣਾ ਕਰਨ ਨਾਲ ਵੀ ਕੈਦੀਆਂ ਦੀ ਭੀੜ ਘਟਾ ਕੇ ਜੇਲਾਂ ’ਚ ਹੋਣ ਵਾਲੇ ਅਪਰਾਧ ਰੋਕਣ ’ਚ ਕੁਝ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।                                              


Related News