ਦੇਸ਼ ’ਚ ਫੈਲਿਆ ਰਿਸ਼ਵਤਖੋਰੀ ਦਾ ਮਹਾਰੋਗ ਪਟਵਾਰੀ ਵੀ ਕੰਮ ਦੇ ਬਦਲੇ ਲੈ ਰਹੇ ‘ਰਿਸ਼ਵਤ’

02/09/2024 5:35:04 AM

ਦੇਸ਼ ’ਚ ਰਿਸ਼ਵਤਖੋਰੀ ਦਾ ਰੋਗ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਇਸ ’ਚ ਹੇਠੋਂ ਉਪਰ ਤੱਕ ਦੇ ਕਈ ਮੁਲਾਜ਼ਮ ਅਤੇ ਅਧਿਕਾਰੀ ਸ਼ਾਮਲ ਹਨ। ਇੱਥੋਂ ਤੱਕ ਕਿ ਕੁਝ ਪਟਵਾਰੀ ਅਤੇ ਉਨ੍ਹਾਂ ਦੇ ਕਰਿੰਦੇ ਵੀ ਇਸ ਕੰਮ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 9 ਅਕਤੂਬਰ, 2023 ਨੂੰ ਅੰਬਾਲਾ (ਹਰਿਆਣਾ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਪਟਵਾਰੀ ਜਗਦੀਸ਼ ਨੂੰ ਸ਼ਿਕਾਇਤਕਰਤਾ ਤੋਂ ਇਕ ਜ਼ਮੀਨ ਦਾ ਮਾਲਕਾਨਾ ਹੱਕ ਬਦਲਣ ਦੇ ਇਵਜ਼ ’ਚ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ।

* 22 ਨਵੰਬਰ, 2023 ਨੂੰ ਫਰੀਦਾਬਾਦ (ਹਰਿਆਣਾ) ਵਿਜੀਲੈਂਸ ਵਿਭਾਗ ਦੀ ਟੀਮ ਨੇ ਬੱਲਭਗੜ੍ਹ ਤਹਿਸੀਲ ’ਚ ਤਾਇਨਾਤ ਪਟਵਾਰੀ ਸਹਿਦੇਵ ਦੇ ਨਿੱਜੀ ਸਹਾਇਕ ਨਵੀਨ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 11 ਫਰਵਰੀ, 2024 ਨੂੰ ਸਿਵਨੀ (ਮੱਧ ਪ੍ਰਦੇਸ਼) ’ਚ ਲੋਕਾਯੁਕਤ ਟੀਮ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੇ ਬਟਵਾਰੇ ਦੇ ਨਾਂ ’ਤੇ ਉਸ ਕੋਲੋਂ 8,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਸ਼ੁਭਮ ਰਾਏ ਨੂੰ ਰੰਗੇ ਹੱਥੀਂ ਕਾਬੂ ਕੀਤਾ।

* 22 ਜਨਵਰੀ, 2024 ਨੂੰ ਸਾਗਰ (ਮੱਧ ਪ੍ਰਦੇਸ਼) ’ਚ ਲੋਕਾਯੁਕਤ ਟੀਮ ਨੇ ਪਟਵਾਰੀ ‘ਅਲੰਕ੍ਰਿਤ’ ਨੂੰ ਸ਼ਿਕਾਇਤਕਰਤਾ ਦੀ ਜ਼ਮੀਨ ਦੇ ਰਿਕਾਰਡ ’ਚ ਸੋਧ ਕਰਨ ਦੇ ਬਦਲੇ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 30 ਜਨਵਰੀ, 2024 ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਸ਼ਿਕਾਇਤਕਰਤਾ ਦੀ 20 ਵਿੱਘੇ ਜ਼ਮੀਨ ਦੇ ਮਾਲਕੀ ਸਬੰਧੀ ਰਿਕਾਰਡ ’ਚ ਸੋਧ ਦੇ ਬਦਲੇ 35,000 ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਸ਼ੈਲੇਂਦਰ ਸਿੰਘ ਪਰਿਹਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 10,000 ਰੁਪਏ ਉਹ ਪਹਿਲਾਂ ਵੀ ਲੈ ਚੁੱਕਾ ਸੀ।

* 1 ਫਰਵਰੀ, 2024 ਨੂੰ ਫਿਰੋਜ਼ਪੁਰ (ਪੰਜਾਬ) ’ਚ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਕੋਲੋਂ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਸੁਭਾਸ਼ ਚੰਦਰ ਵਿਰੁੱਧ ਕੇਸ ਦਰਜ ਕੀਤਾ।

* 2 ਫਰਵਰੀ, 2024 ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਲੋਕਾਯੁਕਤ ਦੀ ਟੀਮ ਨੇ ਨਰਮਦਾਪੁਰਮ ’ਚ ਪਟਵਾਰੀ ਦੇਵੇਂਦਰ ਸਹਾਰੀਆ ਨੂੰ ਸ਼ਿਕਾਇਤਕਰਤਾ ਦੀ ਦੁਕਾਨ ਦਾ ਕਬਜ਼ਾ ਦਿਵਾਉਣ ਦੇ ਬਦਲੇ ’ਚ 9,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।

* 4 ਫਰਵਰੀ, 2024 ਨੂੰ ਗੁਨਾ (ਮੱਧ ਪ੍ਰਦੇਸ਼) ਦੇ ‘ਬਦਰਵਾਸ’ ਪਿੰਡ ਦੇ ਪਟਵਾਰੀ ਵੱਲੋਂ ਰਾਮਕਿਸ਼ਨ ਲੋਧੀ ਤੋਂ ਜ਼ਮੀਨ ਦੇ ਇੰਤਕਾਲ ਦੇ ਨਾਂ ’ਤੇ 90,000 ਰੁਪਏ ਰਿਸ਼ਵਤ ਲੈਣ ਦੇ ਬਾਵਜੂਦ, ਜ਼ਮੀਨ ਦਾ ਇੰਤਕਾਲ ਉਸ ਦੇ ਨਾਂ ਨਾ ਕਰਨ ਤੋਂ ਦੁਖੀ ਹੋ ਕੇ ਰਾਮਕਿਸ਼ਨ ਲੋਧੀ ਨੇ ਟ੍ਰੈਫਿਕ ਸਿਗਨਲ ਦੇ ਖੰਭੇ ’ਤੇ ਚੜ੍ਹ ਕੇ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ।

* 7 ਫਰਵਰੀ, 2024 ਨੂੰ ਰਾਮਟੇਕ (ਮਹਾਰਾਸ਼ਟਰ) ’ਚ ਖੇਤ ਦਾ ਇੰਤਕਾਲ ਦਰਜ ਕਰਨ ਦੇ ਇਵਜ਼ ’ਚ ਸ਼ਿਕਾਇਤਕਰਤਾ ਕੋਲੋਂ 4000 ਰੁਪਏ ਰਿਸ਼ਵਤ ਲੈਂਦਿਆਂ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ‘ਕਾਚੁਰਵਾਹੀ’ ਦੇ ਪਟਵਾਰੀ ਮੁਕੇਸ਼ ਨੂੰ ਗ੍ਰਿਫਤਾਰ ਕੀਤਾ।

* 7 ਫਰਵਰੀ, 2024 ਨੂੰ ਹੀ ਫਿਰੋਜ਼ਪੁਰ (ਪੰਜਾਬ) ਦੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦਾ ਮਾਲਕਾਨਾ ਹੱਕ ਬਦਲਣ ਦੇ ਸਬੰਧ ’ਚ ਮਾਲੀਆ ਹਲਕਾ ‘ਫਿਰੋਜ਼ਸ਼ਾਹ’ ’ਚ ਤਾਇਨਾਤ ਪਟਵਾਰੀ ਸੰਨੀ ਸ਼ਰਮਾ ਵਿਰੁੱਧ 3000 ਰੁਪਏ ਰਿਸ਼ਵਤ ਲੈਣ ਅਤੇ ਪੇਟੀਐੱਮ ਐਪ ਰਾਹੀਂ 2000 ਰੁਪਏ ਹੋਰ ਮੰਗਣ ਦੇ ਦੋਸ਼ ’ਚ ਕੇਸ ਦਰਜ ਕੀਤਾ।

* 8 ਫਰਵਰੀ, 2024 ਨੂੰ ਮੰਡੀ (ਹਿਮਾਚਲ ਪ੍ਰਦੇਸ਼) ’ਚ ਇਕ ਪਟਵਾਰੀ ਵਿਰੁੱਧ ਆਫਤ ਰਾਹਤ ਰਕਮ ਜਾਰੀ ਕਰਨ ਦੇ ਬਦਲੇ ’ਚ ਇਕ ਪ੍ਰਭਾਵਿਤ ਪਰਿਵਾਰ ਦੀ ਔਰਤ ਕੋਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਜਦਕਿ ਪ੍ਰਭਾਵਿਤ ਪਰਿਵਾਰ ਇਕ ਮਹੀਨਾ ਪਹਿਲਾਂ ਹੀ ਉਸ ਨੂੰ 50,000 ਰੁਪਏ ਦੇ ਚੁੱਕਾ ਸੀ।

* 8 ਫਰਵਰੀ, 2024 ਨੂੰ ਹੀ ਸਾਰੰਗਪੁਰ (ਮੱਧ ਪ੍ਰਦੇਸ਼) ’ਚ ਨਾਂ ਬਦਲਣ ਦੇ ਇਕ ਕੇਸ ’ਚ ਰਿਸ਼ਵਤ ਦੀ ਰਕਮ ਲੈਣ ਦੇ ਦੋਸ਼ ’ਚ ਪਟਵਾਰੀ ‘ਦੁਲੇ ਸਿੰਘ ਭਿਲਾਲਾ’ ਨੂੰ ਸਸਪੈਂਡ ਕੀਤਾ ਗਿਆ।

ਪਟਵਾਰੀਆਂ ਵੱਲੋਂ ਰਿਸ਼ਵਤਖੋਰੀ ਦੀਆਂ ਇਹ ਤਾਂ ਕੁਝ ਕੁ ਉਦਾਹਰਣਾਂ ਹਨ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਪਟਵਾਰੀਆਂ ਦਾ ਇਕ ਵਰਗ ਕਿਸ ਤਰ੍ਹਾਂ ਰਿਸ਼ਵਤਖੋਰੀ ਦੇ ਮਹਾਰੋਗ ਦੀ ਲਪੇਟ ’ਚ ਆ ਚੁੱਕਾ ਹੈ। ਇਸ ਨੂੰ ਦੂਰ ਕਰਨ ਲਈ ਦੋਸ਼ੀਆਂ ਦੇ ਵਿਰੁੱਧ ਤੁਰੰਤ ਸਖਤ ਕਾਰਵਾਈ ਦੀ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News