ਆਖਰੀ ਦਿਲਚਸਪੀਆਂ ਵੋਟਿੰਗ ਦਾ ਆਖਰੀ ਗੇੜ ਸੰਪੰਨ ਹੁਣ ਚੋਣ ਨਤੀਜਿਆਂ ਦੀ ਉਡੀਕ ਸ਼ੁਰੂ

03/09/2017 8:23:46 AM

ਦੇਸ਼ ਵਿਚ 5 ਸੂਬਿਆਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ''ਚ ਵੋਟਿੰਗ ਦਾ ਆਖਰੀ ਗੇੜ 8 ਮਾਰਚ ਨੂੰ ਸੰਪੰਨ ਹੋ ਗਿਆ। ਇਸ ਦੇ ਤਹਿਤ ਯੂ. ਪੀ. ''ਚ 40 ਅਤੇ ਮਣੀਪੁਰ ''ਚ 22 ਸੀਟਾਂ ਲਈ ਵੋਟਿੰਗ ਹੋਈ। ਹੇਠਾਂ ਦਰਜ ਹਨ ਇਨ੍ਹਾਂ ਚੋਣਾਂ ਲਈ ਵੋਟਿੰਗ ਦਾ ਆਖਰੀ ਗੇੜ ਖਤਮ ਹੋਣ ਤਕ ਦੀਆਂ ਕੁਝ ਖਾਸ ਗੱਲਾਂ :
* ਪੰਜਾਂ ਸੂਬਿਆਂ ''ਚ ਪ੍ਰਚਾਰ ਮੁਹਿੰਮ ਦੌਰਾਨ ਸਭ ਤੋਂ ਵੱਧ ਜ਼ੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਣਸੀ ''ਤੇ ਲਗਾਇਆ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇਕਰ ਇਥੇ ਭਾਜਪਾ ਹਾਰੀ ਤਾਂ ਨਰਿੰਦਰ ਮੋਦੀ ਦੇ ਵੱਕਾਰ ਨੂੰ ਭਾਰੀ ਸੱਟ ਵੱਜੇਗੀ। ਇਹੋ ਵਜ੍ਹਾ ਹੈ ਕਿ ਮੋਦੀ ਨੇ ਤਿੰਨ ਦਿਨਾਂ ''ਚ ਧੂੰਆਂਧਾਰ ਯਾਤਰਾਵਾਂ ਕਰਦਿਆਂ ਉਥੇ 24 ਰੈਲੀਆਂ ਨੂੰ ਸੰਬੋਧਨ ਕੀਤਾ।
* ਭਾਜਪਾ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਤੋਂ ਇਲਾਵਾ ਵਾਰਾਣਸੀ ਅਤੇ ਆਸ-ਪਾਸ ਦੇ ਵਿਧਾਨ ਸਭਾ ਹਲਕਿਆਂ ''ਚ ਚੋਣ ਪ੍ਰਚਾਰ ਲਈ ਭਾਜਪਾ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਆਪਣੇ ਕੇਂਦਰੀ ਮੰਤਰੀਆਂ ਦੀ ਪੂਰੀ ਫੌਜ ਝੋਕ ਦਿੱਤੀ ਅਤੇ ਉਥੇ ਘੱਟੋ-ਘੱਟ 19 ਕੇਂਦਰੀ ਮੰਤਰੀਆਂ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
* ਇਨ੍ਹਾਂ ਚੋਣਾਂ ''ਚ ਵੀ ਕੁਝ ਦਿਲਚਸਪ ਕਿਸਮ ਦੇ ਉਮੀਦਵਾਰ ਚੋਣਾਂ ਲੜ ਰਹੇ ਹਨ। ਇਨ੍ਹਾਂ ਵਿਚੋਂ ਹੀ ਇਕ ਹਨ ਫੌਜਦਾਰੀ ਮੁਕੱਦਮਿਆਂ ਦੇ ਵਕੀਲ ਅਤੇ ਕਵੀ ਨਰਿੰਦਰ ਨਾਥ ਦੂਬੇ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ''ਅਡਿਗ'' ਕਹਿ ਕੇ ਬੁਲਾਉਂਦੇ ਹਨ।
1984 ਤੋਂ ਚੋਣਾਂ ਲੜਦੇ ਆ ਰਹੇ ਸ਼੍ਰੀ ''ਅਡਿਗ'' ਵਿਧਾਨ ਸਭਾ, ਵਿਧਾਨ ਪ੍ਰੀਸ਼ਦ ਅਤੇ ਸੰਸਦੀ ਚੋਣਾਂ ਸਮੇਤ ਲਗਭਗ ਹਰੇਕ ਚੋਣ ਲੜ ਕੇ ਹਾਰ ਚੁੱਕੇ ਹਨ ਤੇ ਹਰ ਵਾਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ, ''''ਮੈਂ ਇਸ ਗੱਲ ਦਾ ਕੋਈ ਹਿਸਾਬ ਨਹੀਂ ਰੱਖਿਆ ਕਿ ਕਿੰਨੀ ਵਾਰ ਹਾਰ ਚੁੱਕਾ ਹਾਂ ਪਰ ਮੈਂ ਆਸ਼ਾਵਾਦੀ ਹਾਂ।''''
ਉਨ੍ਹਾਂ ਦੀ ਪਾਰਟੀ ਦਾ ਨਾਂ ਹੈ ''ਰਾਸ਼ਟਰੀ ਮਾਨਵ ਅਧਿਕਾਰ ਰੱਖਿਆ ਸਮਿਤੀ'' ਅਤੇ ਇਸ ਵਾਰ ਉਹ ''ਰਾਮ ਰਾਜ ਪਾਰਟੀ'' ਦੇ ਸਮਰਥਨ ਨਾਲ ਵਾਰਾਣਸੀ ਉੱਤਰੀ ਅਤੇ ਵਾਰਾਣਸੀ ਦੱਖਣੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ।
* ਅਖਿਲੇਸ਼ ਯਾਦਵ ਨੇ ਆਪਣਾ ਚੋਣ ਪ੍ਰਚਾਰ ''ਰੱਥ'' ਚੰਡੀਗੜ੍ਹ ਤੋਂ ਬਣਵਾਇਆ ਹੈ ਜਿਸ ''ਚ ਵੱਖ-ਵੱਖ ਯੁੱਧ ਨਾਇਕਾਂ ਅਤੇ ਰਵਾਇਤੀ ਰੱਥਾਂ ਆਦਿ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਹ ਰੱਥ ਅਸਲ ''ਚ ਇਕ ''ਮਰਸੀਡੀਜ਼ ਬੈਂਜ਼'' ਬੱਸ ਹੈ। ਇਸ ''ਰੱਥ'' ਵਿਚ ਵੱਖ-ਵੱਖ ਤਰ੍ਹਾਂ ਦੇ ਆਧੁਨਿਕ ਯੰਤਰਾਂ ਤੋਂ ਇਲਾਵਾ 10 ਫੁੱਟ ਦੀ ਇਕ ਹਾਈਡ੍ਰੋਲਿਕ ਲਿਫਟ ਵੀ ਲੱਗੀ ਹੋਈ ਹੈ ਜਿਸ ਦੀ ਸਹਾਇਤਾ ਨਾਲ ਉਹ ਇਕੱਠੀ ਹੋਈ ਭੀੜ ਦਾ ਬਿਹਤਰ ਜਾਇਜ਼ਾ ਲੈ ਸਕਦੇ ਹਨ।
ਇਸ ਰੱਥ ''ਚ  15 ਵਿਅਕਤੀਆਂ ਦੇ ਬੈਠਣਯੋਗ ਇਕ ਮੰਚ ਵੀ ਬਣਾਇਆ ਗਿਆ ਹੈ। ਛੇ ਮਹੀਨੇ ਪਹਿਲਾਂ ਇਸ ਬੱਸ ਦੇ ਲਖਨਊ ਪਹੁੰਚਣ ਤੋਂ  ਬਾਅਦ ਅਖਿਲੇਸ਼ ਇਸ ''ਚ ਸਵਾਰ ਹੋ ਕੇ ਅੱਧਾ ਦਰਜਨ ਤੋਂ ਜ਼ਿਆਦਾ ਰੋਡ ਸ਼ੋਅ ਕਰ ਚੁੱਕੇ ਹਨ।
ਅਖਿਲੇਸ਼ ਇਸ ਨੂੰ ਆਪਣੇ ਲਈ ਬਹੁਤ ''ਲੱਕੀ'' ਮੰਨਦੇ ਹਨ ਤੇ ਉਨ੍ਹਾਂ ਮੁਤਾਬਿਕ , ''''ਇਹ ਰੱਥ ਬਣਾਉਣ ਵਾਲੇ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਜਿਸ ਦਾ ਵੀ ਰੱਥ ਬਣਾਉਂਦਾ ਹੈ, ਸਰਕਾਰ ਉਸੇ ਦੀ ਹੀ ਬਣਦੀ ਹੈ। ਮੈਂ 2012 ''ਚ ਵੀ ਉਸੇ ਤੋਂ ਹੀ ਰੱਥ ਬਣਵਾਇਆ ਸੀ।''''
* ਚੋਣਾਂ ਦੌਰਾਨ ਬੇਹਿਸਾਬੀਆਂ ਰਕਮਾਂ ਜ਼ਬਤ ਹੋਣ ਤੇ ਵੋਟਰਾਂ ਨੂੰ ਤੋਹਫੇ ਤੇ ਨਕਦੀ ਵੰਡਣ ਦਾ ਸਿਲਸਿਲਾ ਵੋਟਿੰਗ ਦੇ ਆਖਰੀ ਗੇੜ ਤਕ ਜਾਰੀ ਰਿਹਾ। ਯੂ. ਪੀ. ਦੇ ਭਦੋਹੀ ''ਚ 7 ਮਾਰਚ ਨੂੰ ਵੀ ਭਾਜਪਾ ਉਮੀਦਵਾਰ ਰਵਿੰਦਰ ਨਾਥ ਤ੍ਰਿਪਾਠੀ ਨੂੰ ਵੋਟਰਾਂ ਨੂੰ ਪੈਸੇ ਵੰਡਦਿਆਂ ਫੜਿਆ ਗਿਆ।
* ਇਨ੍ਹਾਂ ਚੋਣਾਂ ''ਚ ਜਿਥੇ ਸਾਰੀਆਂ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਉਥੇ ਹੀ ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਇਨ੍ਹਾਂ ਚੋਣਾਂ ''ਚ ਸਪਾ ਤੇ ਭਾਜਪਾ ਦੋਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਨ੍ਹਾਂ ਚੋਣਾਂ ''ਚ ''ਨੋਟਬੰਦੀ'' ਇਕ ਵੱਡਾ ਮੁੱਦਾ ਰਿਹਾ ਅਤੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ ਦੀ ਕੇਂਦਰ ਸਰਕਾਰ ਦੇ ਅੱਧੇ ਕਾਰਜਕਾਲ ''ਤੇ ਦੇਸ਼ ਦੇ ਇਕ ਵੱਡੇ ਹਿੱਸੇ ਦੇ ਵੋਟਰਾਂ ਵੱਲੋਂ ਫਤਵੇ ਦੇ ਰੂਪ ''ਚ ਦੇਖਿਆ ਜਾਵੇਗਾ ਅਤੇ ਇਸ ''ਚ ਭਾਜਪਾ ਫੇਲ ਹੋਵੇਗੀ ਜਾਂ ਪਾਸ, ਇਹ ਤਾਂ 11 ਮਾਰਚ ਨੂੰ ਹੀ ਪਤਾ ਲੱਗੇਗਾ।              

—ਵਿਜੇ ਕੁਮਾਰ


Vijay Kumar Chopra

Chief Editor

Related News