ਨਹੀਂ ਰੁਕ ਰਹੀ ਕੀਟਨਾਸ਼ਕਾਂ ਦੀ ਦੁਰਵਰਤੋਂ

10/05/2015 8:30:16 AM

ਵਿਗਿਆਨੀ ਕਾਫੀ ਸਮੇਂ ਤੋਂ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਖੇਤੀ ''ਚ ਵਰਤੇ ਜਾਣ ਵਾਲੇ ਖ਼ਤਰਨਾਕ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਦੁਰਵਰਤੋਂ ਇਨਸਾਨਾਂ ਅਤੇ ਪਸ਼ੂ-ਪੰਛੀਆਂ ਲਈ ਆਮ ਤੌਰ ''ਤੇ ਬਹੁਤ ਖ਼ਤਰਨਾਕ ਹੈ। ਹੁਣ ਹਾਲ ਹੀ ਵਿਚ ਹੋਏ ਇਕ ਅਧਿਐਨ ਨੇ ਸਾਬਿਤ ਕਰ ਦਿੱਤਾ ਹੈ ਕਿ ਕੀਟਨਾਸ਼ਕਾਂ ਦੇ ਇਨਸਾਨਾਂ ਦੇ ਭੋਜਨ-ਚੱਕਰ ਤਕ ਪਹੁੰਚਣ ਦੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ। 
ਇਸ ਅਧਿਐਨ ''ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੇ ਅਨਾਜਾਂ ਨੂੰ ਉਗਾਉਣ ''ਚ ਜੈਵਿਕ ਖਾਦ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਦੀ ਪੈਦਾਵਾਰ ''ਚ ਕਿਸੇ ਕਿਸਮ ਦੇ ਰਸਾਇਣਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ, ਉਨ੍ਹਾਂ ''ਚ ਵੀ ਖ਼ਤਰਨਾਕ ਪੱਧਰ ''ਤੇ ਕੀਟਨਾਸ਼ਕ ਪਾਏ ਗਏ ਹਨ। 
ਵਿੱਤੀ ਸਾਲ 2014-15 ਦੌਰਾਨ ਜਮ੍ਹਾ ਇਨ੍ਹਾਂ ਨਮੂਨਿਆਂ ਦੀ ਜਾਂਚ ਦੇਸ਼ ਭਰ ਦੀਆਂ 25 ਪ੍ਰਯੋਗਸ਼ਾਲਾਵਾਂ ''ਚ ਕੀਤੀ ਗਈ। ਇਨ੍ਹਾਂ ਵਿਚ ਐਸੀਫੇਟ, ਬਾਈਫੇਂਥ੍ਰੀਨ, ਐਸੀਟਾਮਿਪ੍ਰਿਡ, ਟ੍ਰਾਈਜੋਫੋਸ, ਮੈਟਲੈਕਜਿਲ, ਮੈਲੇਥੀਅਨ, ਐਸੀਟੈਮੀਪ੍ਰਿਡ, ਕਾਬਰੇਸਲਫਾਨ, ਪ੍ਰੋਫੇਨੋਫੋਸ ਅਤੇ ਹੈਕਸਾਕੋਨਾਜੋਲ ਆਦਿ ਸਰੀਰ ਲਈ ਹਾਨੀਕਾਰਕ ਪਦਾਰਥਾਂ ਦੇ ਅੰਸ਼ ਪਾਏ ਗਏ। 
ਮੰਤਰਾਲੇ ਦੇ ਅਧਿਕਾਰੀਆਂ ਨੇ ਪ੍ਰਚੂਨ ਬਾਜ਼ਾਰਾਂ ''ਚੋਂ ਸਬਜ਼ੀਆਂ ਦੇ 8342 ਨਮੂਨੇ ਜਮ੍ਹਾ ਕੀਤੇ ਸਨ। ਇਨ੍ਹਾਂ ''ਚ ਬੈਂਗਣ, ਟਮਾਟਰ, ਬੰਦਗੋਭੀ, ਫੁੱਲਗੋਭੀ, ਹਰੇ ਮਟਰ, ਸ਼ਿਮਲਾ ਮਿਰਚ, ਖੀਰਾ, ਲੌਕੀ, ਹਰਾ ਧਨੀਆ ਆਦਿ ਸ਼ਾਮਿਲ ਸਨ। 
ਇਨ੍ਹਾਂ ''ਚੋਂ 2.7 ਫੀਸਦੀ ਨਮੂਨਿਆਂ ''ਚ ਕੀਟਨਾਸ਼ਕਾਂ ਦੇ ਅੰਸ਼ ਵੱਧ ਤੋਂ ਵੱਧ ਨਿਰਧਾਰਿਤ ਹੱਦ ਤੋਂ ਜ਼ਿਆਦਾ ਮਿਲੇ। ਇੰਨਾ ਹੀ ਨਹੀਂ, ਖੇਤਾਂ ਤੋਂ ਇਕੱਠੇ ਕੀਤੇ ਗਏ 3.7 ਫੀਸਦੀ ਅਤੇ ਜੈਵਿਕ ਖੁਰਾਕੀ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੇ 2 ਫੀਸਦੀ ਨਮੂਨਿਆਂ ਵਿਚ ਵੀ ਰਸਾਇਣਾਂ ਦਾ ਪੱਧਰ ਵੱਧ ਤੋਂ ਵੱਧ ਨਿਰਧਾਰਿਤ ਹੱਦ ਤੋਂ ਜ਼ਿਆਦਾ ਪਾਇਆ ਗਿਆ। 
ਇਸੇ ਤਰ੍ਹਾਂ ਸੇਬ, ਕੇਲੇ, ਆੜੂ, ਅੰਗੂਰ, ਸੰਤਰੇ, ਅਨਾਰ, ਅੰਬ ਆਦਿ ਫਲਾਂ ਦੇ ਕੁਲ 2239 ਨਮੂਨਿਆਂ ਵਿਚ 18.8 ਫੀਸਦੀ ''ਚ ਰਸਾਇਣਾਂ ਦੇ ਅੰਸ਼ ਪਾਏ ਗਏ, ਜਦਕਿ 1.8 ਫੀਸਦੀ ਨਮੂਨਿਆਂ ''ਚ ਇਨ੍ਹਾਂ ਦਾ ਪੱਧਰ ਨਿਰਧਾਰਿਤ ਵੱਧ ਤੋਂ ਵੱਧ ਹੱਦ ਤੋਂ ਜ਼ਿਆਦਾ ਸੀ। ਇਸ ਤਰ੍ਹਾਂ ਕਣਕ, ਚੌਲ, ਮਸਾਲਿਆਂ ਤੋਂ ਲੈ ਕੇ ਚਾਹਪੱਤੀ ਤਕ ਦੇ ਕਈ ਨਮੂਨਿਆਂ ਵਿਚ ਰਸਾਇਣਾਂ ਤੇ ਕੀਟਨਾਸ਼ਕਾਂ ਦਾ ਪੱਧਰ ਕਾਫੀ ਜ਼ਿਆਦਾ ਪਾਇਆ ਗਿਆ। 
ਕੀਟਨਾਸ਼ਕਾਂ ਦੇ ਸਿਹਤ ''ਤੇ ਪੈਣ ਵਾਲੇ ਪ੍ਰਭਾਵ ਸੰਬੰਧੀ ਅਧਿਐਨਾਂ ''ਚ ਪਾਇਆ ਗਿਆ ਹੈ ਕਿ ਇਨ੍ਹਾਂ ਨਾਲ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਅਤੇ ਦਿਮਾਗੀ ਰਚਨਾ ''ਚ ਵਿਕਾਰ ਆ ਸਕਦਾ ਹੈ। ਇਹ ਕੈਂਸਰ ਪੈਦਾ ਕਰਨ, ਦਿਮਾਗ ਦੀਆਂ ਕੋਸ਼ਿਕਾਵਾਂ ਦੀ ਗਿਣਤੀ ''ਚ ਗਿਰਾਵਟ, ਤੰਤੂ ਤੰਤਰ ''ਚ ਖਰਾਬੀ ਪੈਦਾ ਕਰਨ, ਹਾਰਮੋਨ ਸੰਬੰਧੀ ਵਿਕਾਰਾਂ ਅਤੇ ਬੱਚਿਆਂ ਦੀ ਸਿੱਖਣ, ਧਿਆਨ ਕੇਂਦ੍ਰਿਤ ਕਰਨ ਤੋਂ ਲੈ ਕੇ ਵਤੀਰੇ ਤਕ ''ਤੇ ਬਹੁਤ ਖਰਾਬ ਅਸਰ ਪਾਉਂਦੇ ਹਨ। ਗਰਭ ਵਿਚਲੇ ਬੱਚੇ ਤਕ ਇਨ੍ਹਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। 
ਇਹੀ ਕਾਰਨ ਹੈ ਕਿ ਕੀਟਨਾਸ਼ਕਾਂ ਦੇ ਬਚੇ ਅਵਸ਼ੇਸ਼ਾਂ ਦੀ ਵੱਧ ਤੋਂ ਵੱਧ ਰਹਿੰਦ-ਖੂੰਹਦ ਦੀ ਹੱਦ, ਭਾਵ ਐੱਮ. ਆਰ. ਐੱਲ. ਤੈਅ ਕੀਤੀ ਜਾਂਦੀ ਹੈ। ਇਹ ਕੀਟਨਾਸ਼ਕਾਂ ਦੀ ਉਸ ਮਾਤਰਾ ਨੂੰ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦੇ ਪੈਦਾ ਹੋਣ ਤੋਂ ਬਾਅਦ ਵੀ ਦੁੱਧ, ਫਲ, ਸਬਜ਼ੀਆਂ, ਅਨਾਜ ਅਤੇ ਮਾਸ ''ਚ ਬਚੀ ਰਹਿੰਦੀ ਹੈ, ਜਦਕਿ ਇਨ੍ਹਾਂ ''ਚ ਇਹ ਮਾਤਰਾ ਓਨੀ ਹੀ ਹੋਣੀ ਚਾਹੀਦੀ ਹੈ, ਜਿੰਨੀ ਨਾਲ ਇਨਸਾਨ ਦੀ ਸਿਹਤ ''ਤੇ ਉਲਟ ਅਸਰ ਨਾ ਪਵੇ। 
ਇਸ ਲਈ ਵਰਤੋਂ ਦੀ ਇਕ ਸਮਾਂ ਹੱਦ ਤੈਅ ਹੁੰਦੀ ਹੈ। ਜਦੋਂ ਤਕ ਇਹ ਸਮਾਂ ਹੱਦ, ਭਾਵ ਐੱਮ. ਆਰ. ਐੱਲ. ਦੀ ਮਿਆਦ ਬੀਤ ਨਹੀਂ ਜਾਂਦੀ, ਉਦੋਂ ਤਕ ਕਿਸੇ ਵੀ ਉਤਪਾਦ ਨੂੰ ਵਰਤੋਂ ''ਚ ਲਿਆਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਪਰ ਪੈਦਾਵਾਰ ਨੂੰ ਬਾਜ਼ਾਰ ਵਿਚ ਲਿਜਾਣ ਦੀ ਜਲਦਬਾਜ਼ੀ ''ਚ ਦੇਸ਼ ਵਿਚ ਕੋਈ ਇਸ ਮਿਆਦ ਦਾ ਧਿਆਨ ਰੱਖਦਾ ਹੋਵੇਗਾ, ਇਹ ਨਾਮੁਮਕਿਨ ਜਿਹਾ ਹੀ ਲੱਗਦਾ ਹੈ। 
ਇਸ ਰਿਪੋਰਟ ''ਚ ਖ਼ਤਰਨਾਕ ਪੱਧਰ ਤਕ ਕੀਟਨਾਸ਼ਕਾਂ ਦੇ ਅਵਸ਼ੇਸ਼ ਪਾਏ ਜਾਣ ਦੇ ਇੰਕਸ਼ਾਫ ਤੋਂ ਬਾਅਦ ਮੰਤਰਾਲੇ ਨੇ ਕਿਸਾਨਾਂ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਪ੍ਰਾਜੈਕਟ ਕੋਆਰਡੀਨੇਟਿੰਗ ਸੈੱਲ ਦੇ ਡਾਕਟਰ ਕੇ. ਕੇ. ਸ਼ਰਮਾ ਅਨੁਸਾਰ, ''''ਅਸੀਂ ਕੀਟਨਾਸ਼ਕਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਸੰਬੰਧ ਵਿਚ ਕਿਸਾਨਾਂ ''ਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਤਾਂ ਕਿ ਉਹ ਕੀਟਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ ਦੇ ਵਾਤਾਵਰਣ ਤੇ ਇਨਸਾਨਾਂ ''ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਸਮਝ ਸਕਣ। ਜਦੋਂ ਅਸੀਂ ਜੈਵਿਕ ਉਤਪਾਦਾਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ''ਚ ਕੀਟਨਾਸ਼ਕ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਕਿਉਂਕਿ ਉਨ੍ਹਾਂ ਨੂੰ ''ਜੈਵਿਕ ਖੁਰਾਕੀ ਪਦਾਰਥ'' ਹੋਣ ਦਾ ਦਾਅਵਾ ਕਰਕੇ ਵੇਚਿਆ ਜਾਂਦਾ ਹੈ।''''
ਕੁਝ ਲੋਕ ਆਪਣੇ ਨਿੱਜੀ ਸੁਆਰਥ ਜਾਂ    ਅਗਿਆਨਤਾ  ਕਾਰਨ  ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਪੂਰੇ ਸਮਾਜ ਦੀ ਸਿਹਤ ਨੂੰ ਸੰਕਟ ''ਚ ਪਾ ਰਹੇ ਹਨ। ਇਹ ਵਿਅਕਤੀ ਭੁੱਲ ਰਹੇ ਹਨ ਕਿ ਜ਼ਿਆਦਾ ਮੁਨਾਫਾ ਕਮਾਉਣ ਲਈ ਜੋ ਜਾਲ ਉਹ ਫੈਲਾ ਰਹੇ ਹਨ, ਉਸੇ ਜਾਲ ''ਚ ਉਹ ਖ਼ੁਦ ਵੀ ਫਸ ਸਕਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

Chief Editor

Related News