ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਪੰਜਾਬ ਪੁਲਸ ਦੇ ਪਹਿਲੇ ਅਧਿਕਾਰੀ ਦੀ ਬਰਖਾਸਤਗੀ
Thursday, Apr 20, 2023 - 01:26 AM (IST)
![ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਪੰਜਾਬ ਪੁਲਸ ਦੇ ਪਹਿਲੇ ਅਧਿਕਾਰੀ ਦੀ ਬਰਖਾਸਤਗੀ](https://static.jagbani.com/multimedia/2023_4image_01_26_1429404326.jpg)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 17 ਅਪ੍ਰੈਲ ਨੂੰ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਅਤੇ ਪੀ. ਪੀ. ਐੱਸ. ਅਧਿਕਾਰੀ ਰਾਜਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਉਸ ਵਲੋਂ ਕਥਿਤ ਤੌਰ ’ਤੇ ਚਿੱਟਾ ਵੇਚ ਕੇ ਕਮਾਈ ਗਈ ਜਾਇਦਾਦ ਦੀ ਜਾਂਚ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ।
ਨਸ਼ਾ ਸਮੱਗਲਿੰਗ, ਨਸ਼ਾ ਸਮੱਗਲਰਾਂ ਨਾਲ ਗੰਢਤੁੱਪ, ਬੇਕਸੂਰ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਤੇ ਜਬਰੀ ਵਸੂਲੀ ਰੈਕੇਟ ਚਲਾਉਣ ਦੇ ਦੋਸ਼ ਹੇਠ ਬਰਖਾਸਤ ਕੀਤਾ ਜਾਣ ਵਾਲਾ ਰਾਜਜੀਤ ਸਿੰਘ ਪਹਿਲਾ ਪੰਜਾਬ ਪੁਲਸ ਦਾ ਐੱਸ. ਐੱਸ. ਪੀ. ਰੈਂਕ ਦਾ ਅਧਿਕਾਰੀ ਹੈ।
ਪੰਜਾਬ ਵਿਚ ਨਸ਼ਾ ਸਮੱਗਲਰਾਂ ਅਤੇ ਪੁਲਸ ਅਧਿਕਾਰੀਆਂ ਦੇ ਸੰਬੰਧਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਐੱਸ. ਟੀ. ਐੱਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਂਚ ਕੀਤੀ ਸੀ, ਜਿਸ ’ਤੇ ਰਾਜਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹਰਪ੍ਰੀਤ ਸਿੱਧੂ ’ਤੇ ਮਾੜੀ ਭਾਵਨਾ ਨਾਲ ਉਸ ਵਿਰੁੱਧ ਕਾਰਵਾਈ ਕਰਨ ਦਾ ਦੋਸ਼ ਲਾਇਆ ਸੀ।
ਇਸ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ’ਤੇ 15 ਦਸੰਬਰ, 2017 ਨੂੰ ਰਾਜਜੀਤ ਸਿੰਘ ਅਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਸੰਬੰਧਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਗਠਿਤ ਕੀਤੀ ਗਈ ਸੀ। ਇਸ ਦੀਆਂ 3 ਰਿਪੋਰਟਾਂ ਹਾਈ ਕੋਰਟ ਨੇ 8 ਮਾਰਚ, 2023 ਨੂੰ ਅੱਗੇ ਦੀ ਕਾਰਵਾਈ ਲਈ ਸੀਲਬੰਦ ਲਿਫਾਫਿਆਂ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸੌਂਪੀਆਂ ਸਨ।
ਇਨ੍ਹਾਂ ਹੀ ਰਿਪੋਰਟਾਂ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੀ ਰਿਪੋਰਟ ਦੇ ਉਹ ਅੰਸ਼ ਵੀ ਮਿਲ ਗਏ ਹਨ, ਜਿਨ੍ਹਾਂ ਵਿਚ ਰਾਜਜੀਤ ਦੀਆਂ ਸਰਗਰਮੀਆਂ ਅਤੇ ਸਮੱਗਲਰਾਂ ਦੇ ਨਾਲ ਉਸ ਦੇ ਸੰਬੰਧਾਂ ਦਾ ਜ਼ਿਕਰ ਹੈ।
ਇਸ ਦੇ ਅਨੁਸਾਰ 2013 ਤੋਂ ਬਾਅਦ ਰਾਜਜੀਤ ਸਿੰਘ ਦੀਆਂ ਜਾਇਦਾਦਾਂ ਵਧਦੀਆਂ ਚਲੀਆਂ ਗਈਆਂ ਅਤੇ 3 ਜਨਵਰੀ, 2013 ਤੋਂ 27 ਅਕਤੂਬਰ, 2017 ਦਰਮਿਆਨ ਰਾਜਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ 6 ਜਾਇਦਾਦਾਂ ਖਰੀਦੀਆਂ।
ਜਾਂਚ ਦੌਰਾਨ ਵਿਜੀਲੈਂਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਰਾਜਜੀਤ ਨੇ ਪਹਿਲਾਂ ਤੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਦੇ ਨਾਲ ਮਿਲ ਕੇ ਸੂਬੇ ਵਿਚ ਨਸ਼ੇ ਦੇ ਸਮੱਗਲਰਾਂ ਅਤੇ ਵੇਚਣ ਵਾਲਿਆਂ ਦੀ ਮਦਦ ਕੀਤੀ।
ਪੁਲਸ ਮੁਤਾਬਕ ਇੰਸਪੈਕਟਰ ਇੰਦਰਜੀਤ ਸਿੰਘ ਕੋਲ ਕੇਸ ਦਰਜ ਕਰਨ ਦਾ ਅਧਿਕਾਰ ਨਾ ਹੋਣ ਦੇ ਬਾਵਜੂਦ ਰਾਜਜੀਤ ਸਿੰਘ ਨੇ ਉਸ ਨੂੰ ਖੁੱਲ੍ਹੀ ਛੋਟ ਦੇ ਰੱਖੀ ਸੀ ਅਤੇ ਉਹ ਲੋਕਾਂ ਵਿਰੁੱਧ ਨਸ਼ੇ ਦੇ ਕੇਸ ਦਰਜ ਕਰਦਾ ਰਿਹਾ।
ਇਨ੍ਹਾਂ ਨੇ ਨਿੱਜੀ ਲਾਭ ਲਈ ਕਾਨੂੰਨ ਦੀ ਦੁਰਵਰਤੋਂ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਕਾਨੂੰਨ ਦੀ ਰੱਖਿਆ ਕਰਨ ਦੀ ਬਜਾਏ ਨਸ਼ੇ ਦੇ 50 ਤੋਂ ਵੱਧ ਸੈਂਪਲ ਫੇਲ ਕਰਵਾ ਕੇ 150 ਤੋਂ ਵੱਧ ਨਸ਼ਾ ਸਮੱਗਲਰਾਂ ਨੂੰ ਅਦਾਲਤਾਂ ਤੋਂ ਬਰੀ ਕਰਵਾ ਕੇ ਸਮੱਗਲਰਾਂ ਨੂੰ ਛੁਡਵਾਉਣ ਲਈ ਕਾਨੂੰਨ ਦੀ ਦੁਰਵਰਤੋਂ ਕੀਤੀ।
ਇਸ ਦੌਰਾਨ ਰਾਜਜੀਤ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ‘ਸਪੈਸ਼ਲ ਟਾਸਕ ਫੋਰਸ’ ਨੇ ‘ਲੁਕ ਆਊਟ ਸਰਕੂਲਰ’ (ਐੱਲ. ਓ. ਸੀ.) ਜਾਰੀ ਕਰ ਦਿੱਤਾ ਹੈ।
ਭਗਵੰਤ ਮਾਨ ਦੀ ਸਰਕਾਰ ਨੇ ਨਸ਼ੇ ਦੀ ਬੁਰਾਈ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਗੁਲਾਮ ਬਣ ਕੇ ਆਪਣੀ ਸਿਹਤ ਨਸ਼ਟ ਕਰ ਰਹੇ ਹਨ, ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਘੱਟ ਹੀ ਹੋਵੇਗੀ।
ਸਿਰਫ ਗਿਣਤੀ ਦੇ ਕੁਝ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਨਾਲ ਗੱਲ ਨਹੀਂ ਬਣੇਗੀ। ਨਸ਼ਿਆਂ ਦੇ ਇਸ ਸਾਗਰ ਵਿਚ ਹੋਰ ਵੀ ਕਈ ਵੱਡੀਆਂ-ਛੋਟੀਆਂ ਮੱਛੀਆਂ ਮੌਜੂਦ ਹਨ, ਜਿਨ੍ਹਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਛੇਤੀ ਤੋਂ ਛੇਤੀ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਖੜਗਭੁਜਾ ਕਹਾਉਣ ਵਾਲੇ ਇਸ ਸਰਹੱਦੀ ਸੂਬੇ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
–ਵਿਜੇ ਕੁਮਾਰ