ਕਸ਼ਮੀਰ ’ਚ ਦੇਸ਼ ਵਿਰੋਧੀ ਕਰਮਚਾਰੀਆਂ ਦੀ ਬਰਖ਼ਾਸਤਗੀ ਤੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ

Tuesday, Oct 18, 2022 - 12:53 AM (IST)

ਕਸ਼ਮੀਰ ’ਚ ਦੇਸ਼ ਵਿਰੋਧੀ ਕਰਮਚਾਰੀਆਂ ਦੀ ਬਰਖ਼ਾਸਤਗੀ ਤੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਅਨਸਰਾਂ ਨੂੰ ਸ਼ਹਿ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਕੱਢਣ ਦੀ ਮੁਹਿੰਮ ਚਲਾਈ ਹੋਈ ਹੈ। ਇਸੇ ਲੜੀ ’ਚ 30 ਮਾਰਚ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਪ੍ਰਸ਼ਾਸਨ ਨ 2 ਕਾਂਸਟੇਬਲਾਂ, ਇਕ ਕੰਪਿਊਟਰ ਆਪ੍ਰੇਟਰ, ਇਕ ਅਧਿਆਪਕ ਅਤੇ ਇਕ ਅਰਦਲੀ ਸਮੇਤ 5 ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕੀਤਾ। ਇਸੇ ਸਿਲਸਿਲੇ ’ਚ 13 ਅਕਤੂਬਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 36 ਪੁਲਸ ਕਰਮਚਾਰੀਆਂ ਨੂੰ ਅਪਰਾਧਿਕ ਅਤੇ ਭ੍ਰਿਸ਼ਟ ਆਚਰਣ ’ਚ ਸ਼ਾਮਲ ਪਾਏ ਜਾਣ ਦੇ ਦੋਸ਼ ’ਚ ਸਮੇਂ ਤੋਂ ਪਹਿਲਾਂ ਰਿਟਾਇਰ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਉਪਰੋਕਤ ਕਰਮਚਾਰੀਆਂ ’ਤੇ ਲੰਬੀ ਮਿਆਦ ਤਕ ਬਿਨਾਂ ਛੁੱਟੀ ਲਏ ਡਿਊਟੀ ਤੋਂ ਗੈਰ-ਹਾਜ਼ਰ ਰਹਿਣ, ਡਿਊਟੀ ਨਿਭਾਉਣ ’ਚ ਲਾਪ੍ਰਵਾਹੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੇ ਅਪਰਾਧਿਕ ਆਚਰਣ ’ਚ ਸ਼ਾਮਲ ਪਾਏ ਜਾਣ ਤੋਂ ਇਲਾਵਾ ਇਨ੍ਹਾਂ ਦੀ ਵਫ਼ਾਦਾਰੀ ਸ਼ੱਕੀ ਹੋਣ ਦੇ ਦੋਸ਼ ਹਨ
ਅਤੇ ਹੁਣ 15 ਅਕਤੂਬਰ ਨੂੰ ਜੰਮੂ-ਕਸ਼ਮੀਰ ਸਰਕਾਰ ਦੇ 5 ਕਰਮਚਾਰੀਆਂ ਨੂੰ ਅੱਤਵਾਦੀਆਂ ਨਾਲ ਸੰਬੰਧ ਰੱਖਣ, ਨਾਰਕੋ ਟੈਰਰ ਸਿੰਡੀਕੇਟ ਚਲਾਉਣ ਅਤੇ ਨਾਜਾਇਜ਼ ਗਿਰੋਹਾਂ ਨੂੰ ਅੱਤਵਾਦੀ ਹਮਲੇ ਕਰਨ ’ਚ ਮਦਦ ਦੇਣ ਦੇ ਦੋਸ਼ ਹੇਠ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ’ਚ ਜੰਮੂ-ਕਸ਼ਮੀਰ ਪੁਲਸ  ਕਾਂਸਟੇਬਲ ਤਨਵੀਰ ਸਲੀਮ ਡਾਰ, ਗ੍ਰਾਮੀਣ ਵਿਕਾਸ ਵਿਭਾਗ ਦੇ ਸਈਦ ਇਫਤਿਖਾਰ ਅੰਦਰਾਬੀ, ਜਲ ਸ਼ਕਤੀ ਵਿਭਾਗ ’ਚ ਅਰਦਲੀ ਇਰਸ਼ਾਦ ਅਹਿਮਦ ਖਾਨ, ਬਾਰਾਮੂਲਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦਾ ਮੈਨੇਜਰ ਅਫਾਕ ਅਹਿਮਦ ਵਾਨੀ ਅਤੇ ਪੀ. ਐੱਚ. ਈ. ਸਬ ਡਵੀਜ਼ਨਲ ਹੰਦਵਾੜਾ ’ਚ ਸਹਾਇਕ ਲਾਈਨਮੈਨ ਅਬਦੁਲ ਮੋਮਿਨ ਮੀਰ ਸ਼ਾਮਲ ਹਨ। ਵਾਦੀ  ’ਚ ਅੱਤਵਾਦ ਅਤੇ ਭ੍ਰਿਸ਼ਟਾਚਾਰ ਖਤਮ ਕਰ ਕੇ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਦੀ ਦਿਸ਼ਾ ’ਚ ਇਹ ਸਹੀ ਕਦਮ ਹਨ। ਇਨ੍ਹਾਂ ’ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਅਜਿਹੇ ਹੀ ਕਦਮ ਦੇਸ਼ ਦੇ ਅੱਤਵਾਦ ਪੀੜ੍ਹਤ ਉੱਤਰੀ-ਪੂਰਬੀ ਸੂਬਿਆਂ ’ਚ ਵੀ ਉਠਾਉਣੇ ਚਾਹੀਦੇ ਹਨ। 

 –ਵਿਜੇ ਕੁਮਾਰ


author

Mandeep Singh

Content Editor

Related News