ਸਰਕਾਰੀ ਦਾਅਵਿਆਂ ਦੇ ਬਾਵਜੂਦ ''ਬੇਰੋਜ਼ਗਾਰੀ ਦੇ ਫੈਲ ਰਹੇ ਡਰਾਉਣੇ ਪੰਜੇ''

07/19/2017 2:02:09 AM

ਦੇਸ਼ 'ਚ ਲਗਾਤਾਰ ਬੇਰੋਜ਼ਗਾਰੀ ਵਧ ਰਹੀ ਹੈ। ਸਾਲ 2011-12 'ਚ ਇਸ ਦੀ ਵਾਧਾ ਦਰ 3.8 ਫੀਸਦੀ, 2012-13 'ਚ 4.7 ਅਤੇ 2013-14 'ਚ 4.9 ਸੀ, ਜੋ 2015-16 ਵਿਚ ਵਧ ਕੇ 5 ਫੀਸਦੀ ਹੋ ਗਈ ਹੈ। ਇਹ ਬੇਰੋਜ਼ਗਾਰੀ ਦਾ ਪਿਛਲੇ 5 ਸਾਲਾਂ ਦਾ ਸਰਵਉੱਚ ਪੱਧਰ ਸੀ ਅਤੇ ਹੁਣ ਵੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ ਹੈ। 
* 2015 'ਚ ਉੱਤਰ ਪ੍ਰਦੇਸ਼ ਸਕੱਤਰੇਤ ਵਿਚ ਲੇਖਾਪਾਲਾਂ ਅਤੇ ਚਪੜਾਸੀਆਂ ਦੀਆਂ 13,684  ਆਸਾਮੀਆਂ ਲਈ 50 ਲੱਖ ਬਿਨੈਕਾਰਾਂ 'ਚੋਂ 2 ਲੱਖ ਤੋਂ ਵੱਧ ਬਿਨੈਕਾਰ ਘੱਟੋ-ਘੱਟ ਲੋੜੀਂਦੀ ਯੋਗਤਾ ਤੋਂ ਵੱਧ ਯੋਗਤਾ ਪ੍ਰਾਪਤ ਪੀ. ਐੱਚ. ਡੀ., ਗ੍ਰੈਜੂਏਟ ਆਦਿ ਸਨ। 
* ਸਾਲ 2016 'ਚ ਬਠਿੰਡਾ ਕਚਹਿਰੀ ਵਿਚ 8ਵੀਂ ਜਮਾਤ ਪਾਸ ਵਿੱਦਿਅਕ ਯੋਗਤਾ ਵਾਲੇ ਚਪੜਾਸੀ ਦੀਆਂ 18 ਆਸਾਮੀਆਂ ਲਈ ਬਿਨੈ ਕਰਨ ਵਾਲੇ ਲੱਗਭਗ 8000 ਨੌਜਵਾਨਾਂ 'ਚ 50 ਬੀ. ਟੈੱਕ. ਸਨ ਅਤੇ ਕੁਝ ਹੋਰ ਐੱਮ. ਫਿਲ. ਕਰ ਚੁੱਕੇ ਸਨ।
ਬੇਰੋਜ਼ਗਾਰੀ ਦਾ ਇਹ ਸਿਲਸਿਲਾ ਅਜੇ ਵੀ ਲਗਾਤਾਰ ਜਾਰੀ ਹੈ ਅਤੇ ਘੱਟ ਯੋਗਤਾ ਵਾਲੀਆਂ ਆਸਾਮੀਆਂ ਲਈ ਕਿਤੇ ਉੱਚੀ ਯੋਗਤਾ ਵਾਲੇ ਉਮੀਦਵਾਰਾਂ ਵਲੋਂ ਬਿਨੈ ਕਰਨ ਦੀਆਂ ਉਦਾਹਰਣਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। 
* ਇਸੇ ਸਾਲ ਜੂਨ ਵਿਚ ਹਰਿਆਣਾ ਸਥਿਤ ਮਹਾਰਿਸ਼ੀ ਦਇਆਨੰਦ ਵਿਸ਼ਵ ਵਿਦਿਆਲਿਆ ਵਲੋਂ ਇਸ਼ਤਿਹਾਰਤ ਚਪੜਾਸੀਆਂ ਦੀਆਂ 92 ਆਸਾਮੀਆਂ ਲਈ 22,000 ਅਰਜ਼ੀਆਂ ਪ੍ਰਾਪਤ ਹੋਈਆਂ। 
8ਵੀਂ ਜਮਾਤ ਪਾਸ ਲੋੜੀਂਦੀ ਯੋਗਤਾ ਵਾਲੀਆਂ ਇਨ੍ਹਾਂ ਆਸਾਮੀਆਂ ਲਈ ਬਿਨੈਕਾਰਾਂ 'ਚ ਉੱਚ ਯੋਗਤਾ ਪ੍ਰਾਪਤ ਐੱਮ. ਬੀ. ਏ., ਬੀ. ਐੱਡ., ਜੇ. ਬੀ. ਟੀ. ਅਤੇ ਐੱਮ. ਏ. ਉਮੀਦਵਾਰ ਵੀ ਸ਼ਾਮਿਲ ਸਨ। ਇਕ ਉਮੀਦਵਾਰ ਨੇ ਬੀ. ਫਾਰਮੇਸੀ ਦਾ ਕੋਰਸ ਵੀ ਕੀਤਾ ਹੋਇਆ ਸੀ। 
* ਇਸੇ ਮਹੀਨੇ ਮੈਸੂਰ ਵਿਚ 'ਬੈਕਵਰਡ ਕਮਿਊਨਿਟੀ ਹੋਸਟਲਾਂ' ਲਈ 58 ਕੁੱਕਾਂ ਅਤੇ 92 ਅਸਿਸਟੈਂਟ ਕੁੱਕਾਂ ਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਹੋਸਟਲਾਂ 'ਚ 32 ਕੁੱਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਗਿਆ। 
ਗਰੁੱਪ-ਡੀ ਦੀ ਇਸ ਆਸਾਮੀ ਲਈ ਘੱਟੋ-ਘੱਟ ਯੋਗਤਾ ਹਾਈ ਸਕੂਲ ਪਾਸ ਰੱਖੀ ਗਈ ਸੀ ਪਰ ਬਿਨੈਕਾਰਾਂ ਅਤੇ ਲਿਖਤੀ ਪ੍ਰੀਖਿਆ 'ਚ ਬੈਠਣ ਵਾਲਿਆਂ 'ਚ ਉਮੀਦਵਾਰਾਂ ਦੀ 70 ਫੀਸਦੀ ਬਹੁਗਿਣਤੀ ਲੋੜੀਂਦੀ ਯੋਗਤਾ ਤੋਂ ਕਿਤੇ ਵੱਧ ਉੱਚ ਸਿੱਖਿਅਤ ਸੀ, ਜਿਨ੍ਹਾਂ ਵਿਚ 5 ਇੰਜੀਨੀਅਰ, 40 ਪੋਸਟ ਗ੍ਰੈਜੂਏਟ ਅਤੇ 70 ਗ੍ਰੈਜੂਏਟ ਉਮੀਦਵਾਰ ਸਨ। 
ਜੁਲਾਈ ਮਹੀਨੇ 'ਚ ਬੰਗਾਲ ਦੇ ਮਾਲਦਾ ਮੈਡੀਕਲ ਕਾਲਜ ਵਿਚ 'ਲੈਬਾਰਟਰੀ ਅਟੈਂਡੈਂਟ' ਦੀਆਂ ਗਰੁੱਪ-ਡੀ ਦੀਆਂ 2 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ। ਇਨ੍ਹਾਂ ਲਈ ਬਿਨੈ ਕਰਨ ਵਾਲੇ 300 ਤੋਂ ਵੱਧ ਉਮੀਦਵਾਰਾਂ 'ਚ ਹਰ ਤੀਸਰਾ ਉਮੀਦਵਾਰ ਗ੍ਰੈਜੂਏਟ ਤੋਂ ਵੱਧ ਸਿੱਖਿਆ ਪ੍ਰਾਪਤ ਸੀ। ਇਨ੍ਹਾਂ 'ਚ ਐੱਮ. ਫਿਲ. ਡਿਗਰੀਧਾਰਕ, ਪੀ. ਐੱਚ. ਡੀ. ਵਿਦਿਆਰਥੀ ਤੇ ਡਬਲ ਐੱਮ. ਏ. ਕਰ ਚੁੱਕੇ ਉਮੀਦਵਾਰ ਸ਼ਾਮਿਲ ਸਨ।
ਬੀਤੀ 7 ਜੁਲਾਈ ਨੂੰ ਕਾਲਜ ਦੇ ਪ੍ਰਬੰਧਕਾਂ ਨੇ ਅਰਜ਼ੀਆਂ ਦਾ ਪੁਲੰਦਾ ਖੋਲ੍ਹਿਆ ਤਾਂ ਉਹ ਉੱਚ ਸਿੱਖਿਅਤਾਂ ਦੀਆਂ ਅਰਜ਼ੀਆਂ ਦੇਖ ਕੇ ਹੈਰਾਨ ਰਹਿ ਗਏ। ਪਹਿਲਾਂ ਤਾਂ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਨੇ ਕੋਈ ਗਲਤ ਪੈਕੇਟ ਖੋਲ੍ਹ ਲਿਆ ਹੈ ਅਤੇ ਇਹ ਅਰਜ਼ੀਆਂ ਕਿਸੇ ਹੋਰ ਆਸਾਮੀ ਲਈ ਹਨ ਪਰ ਜਲਦ ਹੀ ਉਹ ਜਾਣ ਗਏ ਕਿ ਉਨ੍ਹਾਂ ਨੇ ਗਲਤ ਪੈਕੇਟ ਨਹੀਂ ਖੋਲ੍ਹਿਆ ਸੀ, ਸਗੋਂ ਇਹ ਅਰਜ਼ੀਆਂ ਗਰੁੱਪ-ਡੀ ਦੀਆਂ 2 ਆਸਾਮੀਆਂ ਲਈ ਹੀ ਸਨ। 
ਗਰੁੱਪ-ਡੀ ਦੀਆਂ ਇਨ੍ਹਾਂ ਆਸਾਮੀਆਂ 'ਚ ਹੋਰਨਾਂ ਕੰਮਾਂ ਤੋਂ ਇਲਾਵਾ ਕਾਲਜ 'ਚ ਮੈਡੀਕਲ ਦੇ ਵਿਦਿਆਰਥੀਆਂ ਲਈ ਲਗਾਈਆਂ ਜਾਣ ਵਾਲੀਆਂ ਐਨਾਟੋਮੀ  (ਸਰੀਰ ਰਚਨਾ ਵਿਗਿਆਨ)  ਦੀਆਂ ਜਮਾਤਾਂ ਲਈ ਲਾਸ਼ਾਂ ਤੇ ਉਨ੍ਹਾਂ ਦੇ ਕੱਟੇ-ਵੱਢੇ ਅੰਗਾਂ ਨੂੰ ਸੰਭਾਲਣਾ ਵੀ ਸ਼ਾਮਿਲ ਹੈ। 
ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਨਾ ਮਿਲ ਸਕਣੀ ਇਕ ਸਰਾਪ ਹੈ ਅਤੇ ਸਾਡੀ ਸ਼ਾਸਨ ਪ੍ਰਣਾਲੀ ਦੀ ਅਸਫਲਤਾ ਹੀ ਮੰਨੀ ਜਾਵੇਗੀ। ਕਈ ਬਦਕਿਸਮਤ ਨੌਜਵਾਨ ਤਾਂ ਅਜਿਹੇ ਵੀ ਹਨ, ਜੋ ਦਰਜਨਾਂ ਵਾਰ ਵੱਖ-ਵੱਖ ਆਸਾਮੀਆਂ ਲਈ ਬਿਨੈ ਕਰਨ ਦੇ ਬਾਵਜੂਦ ਨੌਕਰੀ ਲਈ ਤਰਸਦੇ ਹੀ ਰਹਿ ਗਏ। 
ਇਸ ਤੋਂ ਇਹ ਸਪੱਸ਼ਟ ਹੈ ਕਿ ਦੇਸ਼ 'ਚ ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਬੇਰੋਜ਼ਗਾਰੀ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ, ਜਿਸ ਨਾਲ ਉਨ੍ਹਾਂ ਵਿਚ ਬਹੁਤ ਨਿਰਾਸ਼ਾ ਵੀ ਪੈਦਾ ਹੋ ਰਹੀ ਹੈ। ਉਂਝ ਤਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਪਰ ਜੇਕਰ ਉੱਚ ਯੋਗਤਾ ਪ੍ਰਾਪਤ ਲੋਕਾਂ ਨੂੰ ਘੱਟ ਯੋਗਤਾ ਵਾਲੇ ਅਹੁਦਿਆਂ 'ਤੇ ਕੰਮ ਕਰਨ ਲਈ ਮਜਬੂਰ ਹੋਣਾ ਪਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਹਾਲਤ ਕਿੰਨੀ ਗੰਭੀਰ ਹੈ। 
ਇਹ ਸਮੱਸਿਆ ਸਮੁੱਚੇ ਦੇਸ਼ ਦੀ ਹੈ, ਜਿਸ ਤੋਂ ਬਚਣ ਲਈ ਦੇਸ਼ 'ਚ ਚੀਨੀ ਸਾਮਾਨ ਦੀ ਆਮਦ ਕਾਰਨ ਠੱਪ ਹੋ ਚੁੱਕੇ ਉਦਯੋਗਾਂ ਨੂੰ ਮੁੜ ਜ਼ਿੰਦਾ ਕਰਨ ਲਈ ਦੇਸ਼ 'ਚ ਚੀਨੀ ਸਾਮਾਨ ਦੀ ਦਰਾਮਦ 'ਤੇ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਛੋਟੇ ਉਦਯੋਗ ਲਾਉਣ ਲਈ ਆਰਥਿਕ ਸਹਾਇਤਾ ਦੇ ਕੇ ਸਵੈ-ਰੋਜ਼ਗਾਰ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਬਹੁਤ ਹੀ ਜ਼ਿਆਦਾ ਲੋੜ ਹੈ। 
ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਨਾ ਮਿਲਣ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਉਹ ਆਪਣਾ ਸਹੀ ਰਸਤਾ ਛੱਡ ਕੇ ਜੁਰਮਾਂ ਦੇ ਰਾਹ 'ਤੇ ਹੀ ਚੱਲ ਪੈਣ। 
—ਵਿਜੇ ਕੁਮਾਰ


Vijay Kumar Chopra

Chief Editor

Related News