ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਮੌਤ ਨੂੰ ਸੱਦਾ
Tuesday, Jan 24, 2017 - 06:19 AM (IST)
ਮੋਬਾਈਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ। ਇਹ ਛੋਟਾ ਜਿਹਾ ਯੰਤਰ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਕੇ ਅੱਜ ਦੁਨੀਆ ''ਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਣ ਵਾਲਾ ਯੰਤਰ ਬਣ ਗਿਆ ਹੈ।
ਬਿਨਾਂ ਸ਼ੱਕ ਮੋਬਾਈਲ ਫੋਨ ਦੇ ਅਣਗਿਣਤ ਲਾਭ ਹਨ। ਇਹ ਐਮਰਜੈਂਸੀ ''ਚ ਡਾਕਟਰ ਅਤੇ ਪੁਲਸ ਨੂੰ ਬੁਲਾਉਣ, ਘਰੋਂ ਬਾਹਰ ਹੋਣ ''ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣ, ਕਿਸੇ ਨੂੰ ਫੌਰਨ ਅਹਿਮ ਸੰਦੇਸ਼ ਪਹੁੰਚਾਉਣ, ਕਿਸੇ ਹਾਦਸੇ ਦੀ ਫੋਟੋ ਖਿੱਚਣ ਆਦਿ ਵਰਗੇ ਕੰਮਾਂ ''ਚ ਬਹੁਤ ਉਪਯੋਗੀ ਸਿੱਧ ਹੁੰਦੇ ਹਨ ਪਰ ਅਣਗਿਣਤ ਲਾਭਾਂ ਦੇ ਨਾਲ-ਨਾਲ ਇਨ੍ਹਾਂ ਦੇ ਕੁਝ ਨੁਕਸਾਨ ਵੀ ਹਨ।
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ''ਚ ਪਿਛਲੇ ਕੁਝ ਸਮੇਂ ਦੌਰਾਨ ਹੈੱਡਫੋਨ ਲਗਾ ਕੇ ਸੜਕਾਂ ''ਤੇ ਘੁੰਮਣਾ, ਰੇਲਵੇ ਟਰੈਕ ਪਾਰ ਕਰਨਾ ਜਾਂ ਦੋਪਹੀਆ ਤੇ ਚੌਪਹੀਆ ਗੱਡੀ, ਇਥੋਂ ਤਕ ਕਿ ਸਾਈਕਲ ਤੇ ਰਿਕਸ਼ਾ ਚਲਾਉਣਾ ਫੈਸ਼ਨ ਬਣ ਗਿਆ ਹੈ।
ਕੁਝ ਸਮਾਂ ਪਹਿਲਾਂ ਇਕ ਅਧਿਐਨ ''ਚ ਦੱਸਿਆ ਗਿਆ ਸੀ ਕਿ ਭਾਰਤ ''ਚ ਹਰੇਕ 10 ''ਚੋਂ ਤਿੰਨ ਵਿਅਕਤੀ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ''ਤੇ ਗੱਲਾਂ ਕਰਦੇ ਤੇ ਗਾਣੇ ਸੁਣਦੇ ਹਨ, ਜਿਸ ਕਾਰਨ ਅਕਸਰ ਲੋਕ ਹਾਦਸੇ ਦਾ ਸ਼ਿਕਾਰ ਹੋ ਕੇ ਮਾਰੇ ਜਾਂਦੇ ਹਨ ਜਾਂ ਅਪਾਹਜ ਹੋ ਜਾਂਦੇ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 29 ਮਈ 2016 ਨੂੰ ਮੱਧ ਪ੍ਰਦੇਸ਼ ''ਚ ਬਿਲਾਸਪੁਰ ਰੇਲਵੇ ਸਟੇਸ਼ਨ ''ਤੇ ਮੋਬਾਈਲ ਫੋਨ ''ਤੇ ਗੱਲ ਕਰਦਿਆਂ ਰੇਲ ਗੱਡੀ ''ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਇੰਜੀਨੀਅਰ ਪ੍ਰਦੀਪ ਤਿਵਾੜੀ ਦੀ ਪੈਰ ਤਿਲਕ ਕੇ ਡਿੱਗ ਜਾਣ ਨਾਲ ਮੌਤ ਹੋ ਗਈ।
* 17 ਜੁਲਾਈ ਨੂੰ ਸੰਤ ਕਬੀਰ ਨਗਰ ''ਚ ਮੋਬਾਈਲ ਫੋਨ ''ਤੇ ਗੱਲ ਕਰਦਿਆਂ ਰੇਲ ਪਟੜੀ ਨੇੜਿਓਂ ਲੰਘ ਰਹੇ ਦੋ ਨੌਜਵਾਨਾਂ ਨੂੰ ਪਿੱਛਿਓਂ ਆ ਰਹੀ ਮਾਲਗੱਡੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਗੱਡੀ ਦੀ ਲਪੇਟ ''ਚ ਆਉਣ ਨਾਲ ਦੋਹਾਂ ਦੀ ਮੌਤ ਹੋ ਗਈ।
* 25 ਜੁਲਾਈ 2016 ਨੂੰ ਉੱਤਰ ਪ੍ਰਦੇਸ਼ ਦੇ ਭਦੋਹੀ ''ਚ ਇਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਤੋਂ ਲੰਘਦਿਆਂ ਆਪਣੇ ਕੰਨਾਂ ''ਤੇ ਈਅਰਫੋਨ ਲਗਾ ਕੇ ਗਾਣੇ ਸੁਣ ਰਹੇ ਇਕ ਬੱਸ ਡਰਾਈਵਰ ਨੂੰ ਰੇਲਗੱਡੀ ਆਉਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਰੇਲਗੱਡੀ ਵਲੋਂ ਬੱਸ ਨੂੰ ਟੱਕਰ ਮਾਰ ਦੇਣ ਨਾਲ ਬੱਸ ''ਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ।
* 05 ਅਗਸਤ ਨੂੰ ਨਜ਼ਫਗੜ੍ਹ ''ਚ ਫੋਨ ''ਤੇ ਗੱਲ ਕਰਦਿਆਂ ਤੇਜ਼ ਰਫਤਾਰ ਨਾਲ ਕਾਰ ਚਲਾ ਰਹੀ ਦਿੱਲੀ ਯੂਨੀਵਰਸਿਟੀ ਦੀ ਲੈਕਚਰਾਰ ਅਨੁਪਮਾ ਅਗਰਵਾਲ ਨੇ ਸੜਕ ''ਤੇ ਸਾਈਕਲ ''ਤੇ ਜਾ ਰਹੇ ਇਕ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 09 ਸਤੰਬਰ ਨੂੰ ਓਡਿਸ਼ਾ ਦੇ ''ਅੰਗੁਲ'' ਵਿਚ ਇਕ ਬੱਸ ਹਾਦਸੇ ''ਚ 19 ਵਿਅਕਤੀ ਮਾਰੇ ਗਏ। ਹਾਦਸੇ ਸਮੇਂ ਬੱਸ ਦਾ ਡਰਾਈਵਰ ਮੋਬਾਈਲ ਫੋਨ ''ਤੇ ਗੱਲ ਕਰ ਰਿਹਾ ਸੀ।
* 06 ਅਕਤੂਬਰ ਨੂੰ ਛੱਤੀਸਗੜ੍ਹ ਦੇ ਰਾਏਪੁਰ ''ਚ ਈਅਰਫੋਨ ਲਗਾ ਕੇ ਗਾਣੇ ਸੁਣਦੇ ਆ ਰਹੇ ਬਾਈਕ ਸਵਾਰ ਵਲੋਂ ਸਿਟੀ ਬੱਸ ਵਿਚ ਟੱਕਰ ਮਾਰ ਦੇਣ ਨਾਲ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ ਅਤੇ ਬੱਸ ''ਚੋਂ ਉਤਰ ਰਿਹਾ ਇਕ ਨੌਜਵਾਨ ਜ਼ਖਮੀ ਹੋ ਗਿਆ।
* 05 ਨਵੰਬਰ ਨੂੰ ਅਲੀਗੜ੍ਹ ਨੇੜੇ ਅਤਰੌਲੀ ''ਚ ਇਕ ਬੱਸ ਹਾਦਸੇ ''ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਮੋਬਾਈਲ ''ਤੇ ਗੱਲ ਕਰਦਿਆਂ ਬੱਸ ਡਰਾਈਵਰ ਵਲੋਂ ਤੇਜ਼ ਰਫਤਾਰ ''ਚ ਇਕ ਹੱਥ ਨਾਲ ਬੱਸ ਮੋੜਨ ''ਚ ਨਾਕਾਮ ਰਹਿਣ ਕਾਰਨ ਇਹ ਹਾਦਸਾ ਹੋਇਆ।
* 13 ਦਸੰਬਰ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ''ਚ ਰੇਲ ਪੱਟੜੀਆਂ ''ਤੇ ਬੈਠ ਕੇ ਮੋਬਾਈਲ ''ਤੇ ਈਅਰਫੋਨ ਲਗਾ ਕੇ ਗਾਣੇ ਸੁਣਨ ''ਚ ਮਗਨ ਦੋ ਨੌਜਵਾਨਾਂ ਦੀ ਡੀ. ਐੱਮ. ਯੂ. ਦੇ ਹੇਠਾਂ ਆ ਕੇ ਮੌਤ ਹੋ ਗਈ।
ਤੇ ਹੁਣ 21 ਜਨਵਰੀ ਨੂੰ ਮੋਗਾ ਨੇੜੇ ਸਕੂਟੀ ''ਤੇ ਜਾ ਰਹੀ ਇਕ ਅਧਿਆਪਿਕਾ ਕੰਨਾਂ ''ਚ ਈਅਰਫੋਨ ਲੱਗਾ ਹੋਣ ਕਾਰਨ ਪਿੰਡ ਰੋਡੇ ਨੇੜੇ ਪਿੱਛਿਓਂ ਆ ਰਹੀ ਬੱਸ ਦਾ ਹਾਰਨ ਨਾ ਸੁਣ ਸਕਣ ਕਰਕੇ ਬੱਸ ਹੇਠਾਂ ਕੁਚਲੀ ਗਈ।
ਖਾਸ ਕਰਕੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਉਹ ਹੈੱਡਫੋਨ ਲਗਾ ਕੇ ਜ਼ਿਆਦਾ ਫੈਸ਼ਨਪ੍ਰਸਤ ਬਣ ਰਹੇ ਹਨ ਜਾਂ ਮਲਟੀ ਟਾਸਕਿੰਗ ਦੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਨਾਲ ਹੋਣ ਵਾਲੇ ਉਕਤ ਹਾਦਸਿਆਂ ਤੋਂ ਸਪੱਸ਼ਟ ਹੈ ਕਿ ਕੰਨਾਂ ''ਚ ਮੋਬਾਈਲ ਦਾ ਈਅਰਫੋਨ ਲਗਾ ਕੇ ਜਾਂ ਮੋਬਾਈਲ ''ਤੇ ਗੱਲ ਕਰਦਿਆਂ ਸੜਕ ''ਤੇ ਨਿਕਲਣਾ ਵੱਡੀ ਭੁੱਲ ਹੈ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਮੋਬਾਈਲ ਫੋਨ ਦੀ ਸਹੀ ਵਰਤੋਂ ਹੀ ਕੀਤੀ ਜਾਵੇ ਅਤੇ ਇਸ ਨੂੰ ਸਰਾਪ ਦੀ ਬਜਾਏ ਵਰਦਾਨ ਹੀ ਬਣਿਆ ਰਹਿਣ ਦਿੱਤਾ ਜਾਵੇ। ਇਸ ਦੇ ਲਈ ਜ਼ਰੂਰੀ ਹੈ ਕਿ ਦੋਪਹੀਆ ਗੱਡੀਆਂ ''ਤੇ ਸਵਾਰੀ ਲਈ ਹੈਲਮਟ ਪਹਿਨਣਾ ਲਾਜ਼ਮੀ ਕੀਤੇ ਜਾਣ ਵਾਂਗ ਹੀ ਗੱਡੀ ਚਲਾਉਂਦੇ ਸਮੇਂ ਮੋਬਾਈਲ ''ਤੇ ਗੱਲ ਕਰਨ ਜਾਂ ਹੈੱਡਫੋਨ ਦਾ ਇਸਤੇਮਾਲ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
—ਵਿਜੇ ਕੁਮਾਰ
