‘ਕ੍ਰਿਪਟੋਕਰੰਸੀ’ ਨੇ ਉਡਾਈ ਸਰਕਾਰਾਂ ਅਤੇ ਕੇਂਦਰੀ ਬੈਂਕਾਂ ਦੀ ਨੀਂਦ

06/14/2021 3:00:33 AM

ਜੇਕਰ ਤੁਸੀਂ ‘ਕ੍ਰਿਪਟੋਕਰੰਸੀ’ ਦੇ ਬਾਰੇ ’ਚ ਸੁਣਿਆ ਹੈ ਤਾਂ ਸੰਭਾਵਨਾ ਹੈ ਕਿ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਬਿਟਕਾਈਨ, ਐਥੇਰੀਅਮ, ਲਾਈਟਕਾਈਨ, ਕਾਰਡਾਨੋ, ਸਟੇਰਲ ਆਦਿ ਕੀ ਹੈ। ਜ਼ਿਆਦਾ ਸੰਭਾਵਨ ਹੈ ਕਿ ਤੁਸੀਂ ਨੌਜਵਾਨ ਹੋ, ਕੰਪਿਊਟਰ ਵਿਗਿਆਨ ਦੇ ਜਾਣਕਾਰ, ਨਿਵੇਸ਼ਕ/ਵਪਾਰੀ ਹੋ ਜਾਂ ਸਰਕਾਰ ’ਚ ਆਰਥਿਕ ਅਪਰਾਧ ਵਿਭਾਗ ’ਚ ਕੰਮ ਕਰਦੇ ਹੋ ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਵਰਤਮਾਨ ’ਚ ਮੁੱਲ ਟ੍ਰੈਕਿੰਗ ਵੈੱਬਸਾਈਟ ‘ਕਾਈਨ ਮਾਰਕੀਟ ਕੈਪ’ ’ਤੇ ਲਗਭਗ 4000 ਕ੍ਰਿਪਟੋਕਰੰਸੀਆਂ ਸੂਚੀਬੱਧ ਹਨ।

ਕਰੰਸੀ ਜਾਂ ਮੁਦਰਾ ਦਾ ਰੂਪ ਅਤੇ ਕਾਰਜ ਪਿਛਲੇ 3000 ਸਾਲਾਂ ’ਚ ਬਦਲਦਾ ਰਿਹਾ ਹੈ। ਆਮ ਤੌਰ ’ਤੇ ਚਾਰ ਸ਼੍ਰੇਣੀਆਂ ’ਚ ਹੁਣ ਤੱਕ ਮੁਦਰਾ ਦੀ ਪ੍ਰਣਾਲੀ ਬਦਲਦੀ ਰਹੀ ਹੈ।

ਪਹਿਲੀ ਕਮੋਡਿਟੀ ਮੁਦਰਾ-ਜ਼ਿਆਦਾਤਰ ਖੇਤੀਬਾੜੀ ਸਮਾਜਾਂ ’ਚ ਕਣਕ ਜਾਂ ਪਸ਼ੂਆਂ ਨੂੰ ਅਕਸਰ ਮੁਦਰਾ ਦੇ ਰੂਪ ’ਚ ਵਰਤਿਆ ਜਾਂਦਾ ਸੀ। ਇਸ ਦਾ ਮੁੱਲ ਸ਼ਾਇਦ ਹੀ ਕਦੀ ਉਸ ਸੱਭਿਆਚਾਰ ਦੀਆਂ ਹੱਦਾਂ ਤੋਂ ਪਰ੍ਹੇ ਹੁੰਦਾ ਸੀ ਜੋ ਇਸ ਦੀ ਵਰਤੋਂ ਕਰਦੀਆਂ ਸਨ।

ਫਿਰ ਆਏ ਸੋਨੇ ਜਾਂ ਚਾਂਦੀ ਦੇ ਸਿੱਕੇ, ਇਸ ਦੇ ਬਾਅਦ ਕਾਗਜ਼ ਦੇ ਪੈਸੇ ਭਾਵ ਕਾਗਜ਼ ਦਾ ਇਕ ਟੁਕੜਾ ਜੋ ਅਸਲ ’ਚ ਉਸ ਸਰਕਾਰ ਦੇ ਬੈਂਕ ਦਾ ਇਕ ਵਾਅਦਾ ਹੈ ਜਿਸ ਨੇ ਇਸ ਨੂੰ ਜਾਰੀ ਕੀਤਾ ਹੈ ਕਿ ਉਹ ਇਸ ਦੇ ਧਾਰਕ ਨੂੰ ਆਪਣੇ ਭੰਡਾਰ ’ਚੋਂ ਉਸ ’ਤੇ ਲਿਖਤੀ ਮੁੱਲ ਅਦਾ ਕਰੇਗਾ।

ਭਾਵ ਸਰਕਾਰੀ ਮੁਦਰਾ ਦੇ ਪਿੱਛੇ ਉਸ ਦੇਸ਼ ਦੀ ਸਰਕਾਰ ਦਾ ਸਮਰਥਨ ਹੈ ਜਦਕਿ ਇਸ ਯੁੱਗ ’ਚ ਆਈ ਕ੍ਰਿਪਟੋਕਰੰਸੀ ਦੇ ਨਾਲ ਅਜਿਹਾ ਨਹੀਂ ਹੈ।

2006 ’ਚ ਸ਼ੁਰੂ ਹੋਈ ਬਿਟਕਾਈਨ ਦੇ ਕੋਲ ਕ੍ਰਿਪਟੋਕਰੰਸੀ ਬਾਜ਼ਾਰ ਪੂੰਜੀਵਾਦ ਦਾ 2 ਟ੍ਰਿਲੀਅਨ ਡਾਲਰ ਹੈ ਅਤੇ ਇਹ ਸਭ ਤੋਂ ਵੱਡੀ ਕਰੰਸੀ ਹੈ। ਪਿਛਲੇ ਸਾਲ ਇਸ ਦੀ ਕੀਮਤ ’ਚ ਖੂਬ ਉਛਾਲ ਆਇਆ ਅਤੇ ਜਦੋਂ ‘ਟੈਸਲਾ’ ਦੇ ਮਾਲਕ ਐਲਨ ਮਸਕ ਨੇ ਇਹ ਐਲਾਨ ਕੀਤਾ ਕਿ ਉਹ ਆਪਣੀਆਂ ਇਲੈਕਟ੍ਰਿਕ ਕਾਰਾਂ ਵੇਚਣ ਲਈ ਬਿਟਕਾਈਨ ਨੂੰ ਪ੍ਰਵਾਨ ਕਰਨਗੇ, ਇਸ ਦੀ ਕੀਮਤ ਅਾਸਮਾਨ ਤੱਕ ਪਹੁੰਚ ਗਈ।

ਬਿਟਕਾਈਨ ਨੂੰ ‘ਡਿਜੀਟਲ ਗੋਲਡ’ ਵੀ ਕਿਹਾ ਜਾਂਦਾ ਹੈ। ਨਿਵੇਸ਼ਕ ਇਸ ’ਚ ਰੁਚੀ ਲੈ ਰਹੇ ਹਨ ਕਿਉਂਕਿ ਸੋਨੇ ਦੇ ਵਾਂਗ ਹੀ ਇਹ ਬੇਹੱਦ ਦੁਰਲੱਭ ਹੈ (ਕੇਵਲ 18.7 ਮਿਲੀਅਨ ਬਿਟਕਾਈਨ ਹੀ ਸਰਕੁਲੇਸ਼ਨ ’ਚ ਹਨ ਅਤੇ ਟ੍ਰੇਡਿੰਗ ਦੇ ਲਈ 21 ਮਿਲੀਅਨ ਬਿਟਕਾਈਨ ਉਪਲੱਬਧ ਹਨ) ਅਤੇ ਇਸ ਨੂੰ ਹੈਕ ਵੀ ਨਹੀਂ ਕੀਤਾ ਜਾ ਸਕਦਾ। ਇਸ ਦਾ ਸਿਹਰਾ ਇਸ ਦੀ ਸੁਰੱਖਿਅਤ ‘ਬਲਾਕਚੇਨ’ ਤਕਨਾਲੋਜੀ ਨੂੰ ਜਾਂਦਾ ਹੈ, ਜਿਸ ’ਚ ‘ਬਿਟਕਾਈਨ’ ਦੇ ਲੈਣ-ਦੇਣ ਨੂੰ ਤਸਦੀਕ ਕਰਨ, ਜਿਸ ਨੂੰ ‘ਪਰੂਫ ਆਫ ਵਰਕ’ ਕਹਿੰਦੇ ਹਨ, ਦੇ ਲਈ ‘ਮਾਈਨਰਸ’ ਵੱਲੋਂ ਬਹੁਤ ਪਾਵਰਫੁੱਲ ਕੰਪਿਊਟਰ ਤਕਨੀਕਾਂ ਦੀ ਵਰਤੋਂ ਹੁੰਦੀ ਹੈ ਜਿਸ ’ਚ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਹੈ।

ਇਸੇ ਕਾਰਨ ਕੁਝ ਦਿਨ ਪਹਿਲਾਂ ਜਦੋਂ ਮਸਕ ਨੇ ਕਿਹਾ ਕਿ ਉਹ ਬਿਜਲੀ ਦੀ ਜ਼ਿਆਦਾ ਖਪਤ ਦੇ ਕਾਰਨ ਵਾਤਾਵਰਣ ਨੂੰ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਬਿਟਕਾਈਨ ਨੂੰ ਪ੍ਰਵਾਨ ਕਰਨ ਦੀ ਯੋਜਨਾ ਤੋਂ ਪਿੱਛੇ ਹਟ ਰਹੇ ਹਨ ਅਤੇ ਚੀਨ ਨੇ ਵੀ ਆਪਣੇ ਇੱਥੇ ਕ੍ਰਿਪਟੋ ਕਰੰਸੀ ਦੀ ਵਰਤੋਂ ’ਤੇ ਲਗਾਮ ਕੱਸਣ ਲਈ ਕਦਮ ਚੁੱਕੇ ਤਾਂ ਬਿਟਕਾਈਨ ਦੇ ਮੁੱਲ ’ਚ ਬਹੁਤ ਤੇਜ਼ੀ ਨਾਲ ਗਿਰਾਵਟ ਦਰਜ ਹੋਈ।

ਹਾਲਾਂਕਿ, ਵੀਰਵਾਰ ਨੂੰ ਹੀ ਅਮਰੀਕਾ ਦੇ ਸੈਂਟਰਲ ਬੈਂਕ ਨੇ ਕਿਹਾ ਕਿ ਉਹ ਕ੍ਰਿਪਟੋਕਰੰਸੀ ’ਤੇ ਪਾਬੰਦੀ ਨਹੀਂ ਲਗਾਉਣਗੇ ਸਗੋਂ ਉਸ ਨੂੰ ਕੰਟਰੋਲ ਕਰਨਗੇ। ਇਸ ਕਾਰਨ ਕ੍ਰਿਪਟੋਕਰੰਸੀ ਇਕ ਦਮ ਮੁੜ ਤੋਂ ਵਧਣ ਲੱਗੀ ਹੈ। ਓਧਰ ਅਲ ਸਾਲਵਾਡੋਰ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ।

ਹਾਲਾਂਕਿ, ਕ੍ਰਿਪਟੋਕਰੰਸੀ ਅਸਲ ’ਚ ਧਨ ਨਾਲੋਂ ਜੁਦਾ ਹੈ ਅਤੇ ਇਸ ਦਾ ਲੈਣ-ਦੇਣ ਇਕ ਜਟਿਲ ਪ੍ਰਣਾਲੀ ’ਤੇ ਆਧਾਰਿਤ ਹੁੰਦਾ ਹੈ ਜਿਸ ਨੂੰ ‘ਬਲਾਕਚੇਨ’ ਦੇ ਰੂਪ ’ਚ ਮੰਨਿਆ ਜਾਂਦਾ ਹੈ ਜੋ ਇਕ ਕਿਸਮ ਦਾ ਡਿਜੀਟਲ ਵਹੀਖਾਤਾ ਹੈ।

ਕ੍ਰਿਪਟੋਕਰੰਸੀ ਦੀ ਪ੍ਰਸਿੱਧੀ ਨੂੰ ਦੇਖੀਏ ਤਾਂ ਇਹ ਕਿਤੇ ਜਾ ਨਹੀਂ ਰਹੀ ਹੈ ਕਿਉਂਕਿ ਇਹ ਲੈਣ-ਦੇਣ ’ਚ ਬੈਂਕ ਅਤੇ ਸਰਕਾਰਾਂ ਵਰਗੇ ਰਵਾਇਤੀ ‘ਵਿਚੋਲਿਆਂ’ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਿੱਤ ਜਗਤ ’ਚ ਪੂਰੀ ਤਰ੍ਹਾਂ ਕ੍ਰਾਂਤੀ ਲਿਆਉਣ ਦਾ ਦਾਅਵਾ ਕਰ ਰਹੀ ਹੈ।

ਇਸ ਦੀ ਪ੍ਰਸਿੱਧੀ ਦਾ ਇਕ ਕਾਰਨ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਆਨਲਾਈਨ ਪੈਸੇ ਟਰਾਂਸਫਰ ਕਰਦੇ ਹੋ ਤਾਂ ਵੀ ਬੈਂਕਾਂ ਦੀ ਇਸ ’ਚ ਦਖਲਅੰਦਾਜ਼ੀ ਹੁੰਦੀ ਹੈ ਅਤੇ ਸਰਕਾਰਾਂ ਦੇ ਨਿਯਮਾਂ ਦਾ ਧਿਆਨ ਰੱਖਣਾ ਹੁੰਦਾ ਹੈ ਪਰ ਕ੍ਰਿਪਟੋਕਰੰਸੀ ਦੇ ਨਾਲ ਅਜਿਹਾ ਨਹੀਂ ਹੈ। ਇਸ ਨਾਲ ਤੁਸੀਂ ਕਿਸੇ ਨੂੰ ਵੀ ਤੁਰੰਤ ਸਿੱਧਾ ਟਰਾਂਸਫਰ ਕਰ ਸਕਦੇ ਹੋ।

ਬੇਸ਼ੱਕ ਇਸ ਦੇ ਲੈਣ-ਦੇਣ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ ਪਰ ਅਜੇ ਤੱਕ ਵਧੇਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੀ ਤਕਨੀਕ ਨੂੰ ਸਮਝਣ ’ਤੇ ਨਾ ਤਾਂ ਧਿਆਨ ਦਿੱਤਾ ਹੈ ਅਤੇ ਨਾ ਹੀ ਨਿਵੇਸ਼ ਕੀਤਾ ਹੈ। ਇਨ੍ਹਾਂ ਅਤਿਆਧੁਨਿਕ ਅਤੇ ਬੇਹੱਦ ਨਵੀਆਂ ਤਕਨੀਕਾਂ ਨੂੰ ਸਮਝਣ ਦੇ ਲਈ ਕਾਫੀ ਪੈਸਾ ਚਾਹੀਦਾ ਹੈ।       

ਕ੍ਰਿਪਟੋਕਰੰਸੀ ਨਾਲ ਤਿੰਨ ਖੇਤਰਾਂ ’ਤੇ ਸਭ ਤੋਂ ਵੱਧ ਅਸਰ ਹੋ ਰਿਹਾ ਹੈ-ਇੰਸ਼ੋਰੈਂਸ, ਬੈਂਕ ਅਤੇ ਸਰਕਾਰਾਂ। ਸਰਕਾਰਾਂ ਦੇ ਇਸ ਦੇ ਵਿਰੁੱਧ ਹੋਣ ਦੇ ਕਈ ਕਾਰਨ ਹਨ। ਇਕ ਕਾਰਨ ਤਾਂ ਇਹੀ ਹੈ ਕਿ ਕ੍ਰਿਪਟੋ ਕ੍ਰਾਈਮ ਹੋ ਰਹੇ ਹਨ। ਇਸ ਦੀ ਵਰਤੋਂ ਡਰੱਗ ਮਨੀ ਲੁਕਾਉਣ, ਮਨੀ ਲਾਂਡਰਿੰਗ, ਬੱਚਿਆਂ ਦੇ ਸੈਕਸ ਸ਼ੋਸ਼ਣ ਤੋਂ ਲੈ ਕੇ ਅੱਤਵਾਦ ਦੇ ਵਿੱਤ ਪੋਸ਼ਣ ਤੱਕ ’ਚ ਹੋ ਰਹੀ ਹੈ। ਇਸ ਦੇ ਲਈ ‘ਡਾਰਕ ਵੈੱਬ’ (ਇੰਟਰਨੈੱਟ ਦਾ ਉਹ ਹਿੱਸਾ ਜਿਸ ਦੀ ਵਰਤੋਂ ਸਾਈਬਰ ਕ੍ਰਾਈਮ ਕਰਨ ਵਾਲੇ ਕਰਦੇ ਹਨ) ’ਚ ਵਰਤੋਂ ਹੋ ਰਹੀ ਹੈ।

ਸਰਕਾਰਾਂ ਦੇ ਕ੍ਰਿਪਟੋਕਰੰਸੀ ਦੇ ਵਿਰੁੱਧ ਹੋਣ ਦੇ ਹੋਰ ਕਾਰਨ ਹਨ ਕਿਉਂਕਿ ਉਨ੍ਹਾਂ ਦੀਆਂ 3 ਪ੍ਰਮੁੱਖ ਜ਼ਿੰਮੇਵਾਰੀਆਂ ਹਨ-ਪਹਿਲੀ ਦੇਸ਼ ਦੀ ਸੁਰੱਖਿਆ, ਦੂਸਰੀ ਅਰਥਵਿਵਸਥਾ, ਤੀਸਰੀ ਅੰਦਰੂਨੀ ਕਾਨੂੰਨ ਵਿਵਸਥਾ। ਜੇਕਰ ਕ੍ਰਿਪਟੋਕਰੰਸੀ ’ਚ ਹੀ ਸਾਰੇ ਲੈਣ-ਦੇਣ ਕਰਨ ਲੱਗਣ ਤਾਂ ਉਨ੍ਹਾਂ ਦੇ ਹੱਥਾਂ ’ਚੋਂ ਅਰਥਵਿਵਸਥਾ ਨਿਕਲ ਜਾਵੇਗੀ।

ਹਰ ਦੇਸ਼ ਦੇ ਆਪਣੇ ਵਿੱਤੀ ਕਾਨੂੰਨ ਹਨ, ਭਾਵੇਂ ਉਹ ਅਮਰੀਕਾ ਹੋਵੇ ਜਾਂ ਚੀਨ ਵਰਗਾ ਬਸਤੀਵਾਦੀ ਦੇਸ਼, ਸਾਰਿਆਂ ਨੇ ਆਪਣੇ ਵੱਖਰੇ ਨਿਯਮ ਤੈਅ ਕਰ ਕੇ ਰੱਖੇ ਹਨ ਤਾਂ ਕਿ ਉਨ੍ਹਾਂ ਦੀ ਆਪਣੀ ਅਰਥਵਿਵਸਥਾ ’ਤੇ ਪੂਰਾ ਕੰਟਰੋਲ ਰਹੇ। ਜੇਕਰ ਇਹੀ ਨਹੀਂ ਪਤਾ ਹੋਵੇਗਾ ਕਿ ਕਿਨ੍ਹਾਂ ਦੇ ਦਰਮਿਆਨ ਲੈਣ-ਦੇਣ ਹੋ ਰਿਹਾ ਹੈ ਤਾਂ ਉਹ ਟੈਕਸ ਕਿੱਥੋਂ ਲੈਣਗੇ ਤੇ ਅਜਿਹੇ ’ਚ ਉਨ੍ਹਾਂ ਦੀ ਆਮਦਨ ਕਿਥੋਂ ਹੋਵੇਗੀ। ਕ੍ਰਿਪਟੋਕਰੰਸੀ ਇਸ ਮਾਮਲੇ ’ਚ ਇਕ ਵੱਡਾ ਖਤਰਾ ਹੈ।

ਇਸੇ ਨੂੰ ਦੇਖਦੇ ਹੋਏ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ ਬਿਟਕਾਈਨ ਵਰਗੀ ਕ੍ਰਿਪਟੋਕਰੰਸੀ ਦੀ ਥਾਂ ’ਤੇ ‘ਸਟੇਬਲ ਕਾਈਨ’ ਕੱਢਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਕ੍ਰਿਪਟੋਕਰੰਸੀ ਵਰਗੀਆਂ ਹੀ ਹੋਣਗੀਆਂ ਪਰ ਇਨ੍ਹਾਂ ਦੇ ਪਿੱਛੇ ਸਰਕਾਰਾਂ ਅਤੇ ਸਥਾਨਕ ਮੁਦਰਾ ਦਾ ਸਮਰਥਨ ਹੋਵੇਗਾ। ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਦੇ ਇਕ ਸਰਵੇਖਣ ’ਚ ਪਾਇਆ ਗਿਆ ਕਿ 80 ਫੀਸਦੀ ਦੇਸ਼ ਇਸ ਸਮੇਂ ਸਟੇਬਲ ਕਾਈਨ ’ਤੇ ਗੌਰ ਕਰ ਰਹੇ ਹਨ। ਇਨ੍ਹਾਂ ਨੂੰ ‘ਸੈਂਟਰਲ ਬੈਂਕ ਡਿਜੀਟਲ ਕਰੰਸੀ’ (ਸੀ. ਬੀ. ਡੀ. ਟੀਜ਼) ਵੀ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੀ ਅਗਵਾਈ ਚੀਨ ਅਤੇ ਸਵਿਟਜ਼ਰਲੈਂਡ ਕਰ ਰਹੇ ਹਨ।

ਬੈਂਕ ਵੀ ਕ੍ਰਿਪਟੋਕਰੰਸੀ ਤੋਂ ਮਿਲ ਰਹੀ ਚੁਣੌਤੀ ਨੂੰ ਦੇਖਦੇ ਹੋਏ ਬਲਾਕਚੇਨ ਤਕਨੀਕ ’ਚ ਨਿਵੇਸ਼ ਕਰ ਰਹੇ ਹਨ। ਆਪਣੀ ਫੀਸ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੀਆਂ ਸ਼ਾਖਾਵਾਂ ਅਤੇ ਕਰਮਚਾਰੀ ਵੀ ਘੱਟ ਕਰ ਰਹੇ ਹਨ ਤਾਂ ਕਿ ਆਪਣੇ ਕੰਮ ਨੂੰ ਵੱਧ ਤੋਂ ਵੱਧ ਡਿਜੀਟਲ ਕਰ ਸਕਣ ਜਿਸ ਨਾਲ ਉਨ੍ਹਾਂ ਦੇ ਚਾਰਜ ਘੱਟ ਹੋ ਸਕਣ।


Bharat Thapa

Content Editor

Related News