‘ਭਿਆਨਕ ਰੂਪ ਧਾਰਨ ਕਰ ਰਿਹਾ’ ‘ਦੇਸ਼ ’ਚ ਜਾਅਲੀ ਕਰੰਸੀ ਦਾ ਧੰਦਾ’
Sunday, Mar 28, 2021 - 03:44 AM (IST)

ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ, 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਕੇ ਉਨ੍ਹਾਂ ਦੀ ਥਾਂ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ।
ਦੇਸ਼ ’ਚ ਕਿੰਨੀ ਵੱਡੀ ਗਿਣਤੀ ’ਚ ਨਕਲੀ ਕਰੰਸੀ ਫੜੀ ਜਾ ਰਹੀ ਹੈ ਇਹ ਇਸੇ ਮਹੀਨੇ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 01 ਮਾਰਚ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ’ਚ ਐੱਸ. ਟੀ. ਐੱਫ. ਨੇ 500 ਅਤੇ 2000 ਰੁਪਏ ਦੇ ਜਾਅਲੀ ਨੋਟ ਛਾਪਣ ਵਾਲੇ ਗਿਰੋਹ ਦੇ 5 ਮੈਂਬਰਾਂ ਮਹਿਮੂਦ, ਸਦਾਮ, ਨਈਮ, ਗੋਵਰਧਨ ਅਤੇ ਸੰਤੋਸ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 13.35 ਲੱਖ ਰੁਪਏ ਤੋਂ ਵੱਧ ਦੇ ਨਕਲੀ ਨੋਟ ਫੜੇ। ਇਹ ਲੋਕ ਸਿਰਫ 500 ਅਤੇ 2000 ਰੁਪਏ ਦੇ ਜਾਅਲੀ ਨੋਟ ਛਾਪਦੇ ਸਨ ਜਦਕਿ 30,000 ਰੁਪਏ ਦੇ ਅਸਲੀ ਨੋਟਾਂ ਦੇ ਬਦਲੇ ਖਰੀਦਦਾਰ ਨੂੰ 1 ਲੱਖ ਰੁਪਏ ਦੇ ਨਕਲੀ ਨੋਟ ਦੇ ਦਿੰਦੇ ਸਨ।
* 04 ਮਾਰਚ ਨੂੰ ਓਡਿਸ਼ਾ ’ਚ ਕੋਰਾਪੁਟ ਪੁਲਸ ਨੇ 3 ਮੁਲਜ਼ਮਾਂ ਨੂੰ ਵਿਸ਼ਾਖਾਪਟਨਮ ਲਿਜਾਏ ਜਾ ਰਹੇ 7.90 ਕਰੋੜ ਰੁਪਏ ਦੇ ਨਕਲੀ ਨੋਟਾਂ ਦੇ ਨਾਲ ਫੜਿਆ।
* 15 ਮਾਰਚ ਨੂੰ ਪਾਤੜਾਂ ’ਚ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 1.12. ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਫੜਿਆ।
* 16 ਮਾਰਚ ਨੂੰ ਦਿੱਲੀ ਪੁਲਸ ਨੇ ਨਕਲੀ ਕਰੰਸੀ ਦੇ 2 ਸਮੱਗਲਰਾਂ ਮੁਹੰਮਦ ਸ਼ਾਹਿਦ ਅਤੇ ਸਈਅਦ ਹੁਸੈਨ ਕੋਲੋਂ 50 ਲੱਖ ਰੁਪਏ ਮੁੱਲ ਦੀ ਨਕਲੀ ਕਰੰਸੀ ਫੜੀ।
* 19 ਮਾਰਚ ਨੂੰ ਉੱਤਰਾਖੰਡ ਦੇ ਲਕਸਰ ’ਚ ਪੁਲਸ ਨੇ ਸ਼ੋਏਬ ਮੁਰਾਸਲੀਨ ਅਤੇ ਅਫਜ਼ਲ ਸ਼ਮਸ਼ਾਦ ਨੂੰ ਜਾਅਲੀ ਕਰੰਸੀ ਬਣਾਉਣ ਦੇ ਦੋਸ਼ ’ਚ ਫੜ ਕੇ ਉਨ੍ਹਾਂ ਦੇ ਕਬਜ਼ੇ ’ਚੋਂ 45,000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।
* 20 ਮਾਰਚ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ’ਚ ਇਕ ਮਕਾਨ ’ਤੇ ਛਾਪੇਮਾਰੀ ਦੌਰਾਨ 33 ਹਜ਼ਾਰ ਰੁਪਏ ਦੇ ਜਾਅਲੀ ਨੋਟ ਜ਼ਬਤ ਕੀਤੇ ਗਏ।
* 23 ਮਾਰਚ ਨੂੰ ਮੁੰਬਈ ’ਚ ਰਾਹੁਲ ਚਡਵਾ ਨਾਂ ਦੇ ਇਕ ਵਿਅਕਤੀ ਕੋਲੋਂ 1.05 ਰੁਪਏ ਦੀ ਨਕਲੀ ਕਰੰਸੀ ਫੜੀ ਗਈ। ਬਾਅਦ ’ਚ ਪੁਲਸ ਨੇ ਉਸ ਦੇ ਮਕਾਨ ਦੀ ਤਲਾਸ਼ੀ ’ਚ ਹੋਰ 30,000 ਰੁਪਏ ਦੇ ਨਕਲੀ ਨੋਟ, ਕੰਪਿਊਟਰ, ਰੰਗੀਨ ਪ੍ਰਿੰਟਰ, ਸਕੈਨਰ ਤੇ ਸਕਿਓਰਿਟੀ ਥਰੈੱਡ ਦੇ ਰੂਪ ’ਚ ਵਰਤੀ ਜਾਣ ਵਾਲੀ ਪਤਲੀ ਤਾਰ ਜ਼ਬਤ ਕੀਤੀ।
* 24 ਮਾਰਚ ਨੂੰ ਉੱਤਰ ਪ੍ਰਦੇਸ਼ ਅੱਤਵਾਦ ਰੋਕੂ ਦਸਤਾ (ਯੂ. ਪੀ. ਏ. ਟੀ. ਐੱਸ.) ਨੇ ਜਾਅਲੀ ਨੋਟਾਂ ਦੀ ਸਮੱਗਲਿੰਗ ਦੇ ਮਾਮਲੇ ’ਚ ਲੋੜੀਂਦੇ ਸਦਰ ਅਲੀ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਜਦਕਿ ਉਸ ਦੀ ਪਤਨੀ ਮੁਮਤਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੇ ਦੌਰਾਨ ਉਸ ਨੇ ਦੱਸਿਆ ਕਿ ਪਾਕਿਸਤਾਨ ’ਚ ਬਣੇ ਜਾਅਲੀ ਨੋਟਾਂ ਨੂੰ ਬੰਗਲਾਦੇਸ਼ ਦੇ ਰਾਹੀਂ ਭਾਰਤ ’ਚ ਸਪਲਾਈ ਕੀਤਾ ਜਾਂਦਾ ਸੀ।
* 25 ਮਾਰਚ ਨੂੰ ਪੰਜਾਬ ਪੁਲਸ ਨੇ ‘ਪੋਂਜੀ ਸਕੀਮ’ ਦੇ ਨਾਂ ’ਤੇ ਨਕਲੀ ਕਰੰਸੀ ਦੇ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਜ਼ੀਰਕਪੁਰ ਦੇ ਇਕ ਹੋਟਲ ’ਚ ਛਾਪਾ ਮਾਰ ਕੇ 21,600 ਰੁਪਏ ਦੀ ਨਕਲੀ ਕਰੰਸੀ ਦੇ ਨਾਲ ਫੜਿਆ ਜਦਕਿ ਗਿਰੋਹ ਦੀ ਸਰਗਣਾ ਅੰਜੂ ਨਾਂ ਦੀ ਔਰਤ ਫਰਾਰ ਹੋ ਗਈ।
ਇਸ ਗਿਰੋਹ ਦਾ ਨੈੱਟਵਰਕ ਪੱਛਮੀ ਬੰਗਾਲ, ਨੇਪਾਲ ਅਤੇ ਉੱਤਰ ਭਾਰਤ ’ਚ ਫੈਲਿਆ ਦੱਸਿਆ ਜਾਂਦਾ ਹੈ। ਅੰਜੂ ਨਕਲੀ ਕਰੰਸੀ ਬਣਾਉਣ ਲਈ ਕੈਮੀਕਲ ਪੱਛਮੀ ਬੰਗਾਲ ਤੋਂ ਅਤੇ ਗਾਂਧੀ ਜੀ ਦੇ ਵਾਟਰ ਮਾਰਕ ਵਾਲਾ ਕਾਗਜ਼ ਨੇਪਾਲ ਤੋਂ ਮੰਗਵਾਉਂਦੀ ਸੀ।
* 26 ਮਾਰਚ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਮੁਹੰਮਦ ਮੁਰਾਦ ਆਲਮ ਨਾਂ ਦੇ ਇਕ ਵਿਅਕਤੀ ਦੇ ਕਬਜ਼ੇ ’ਚੋਂ ਬੰਗਲਾਦੇਸ਼ ਦੇ ਰਸਤੇ ਸਮੱਗਲ ਕਰ ਕੇ ਲਿਆਂਦੇ ਗਏ 2,49,500 ਰੁਪਏ ਦੇ ਨਕਲੀ ਨੋਟਾਂ ਦੀ ਬਰਾਮਦਗੀ ਦੇ ਸਬੰਧ ’ਚ 2 ਸਮੱਗਲਰਾਂ ਤੋਸੀਫ ਆਲਮ ਅਤੇ ਸ਼ਾਹ ਨਵਾਜ਼ ਅੰਸਾਰੀ ਦੇ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ।
ਜਾਂਚ ਏਜੰਸੀਆਂ ਦੇ ਅਨੁਸਾਰ ਇਕੱਲੇ ਪੱਛਮੀ ਬੰਗਾਲ ਸਥਿਤ ਮਾਲਦਾ ਤੋਂ ਹੀ ਦੇਸ਼ ’ਚ 95 ਫੀਸਦੀ ਨਕਲੀ ਕਰੰਸੀ ਭੇਜੀ ਜਾ ਰਹੀ ਹੈ। ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ‘ਮਾਲਦਾ ਮਾਡਿਊਲ’ ਨੇ ਦੱਖਣੀ ਭਾਰਤ ਦੇ ਸੂਬਿਆਂ ਕਰਨਾਟਕ ਅਤੇ ਕੇਰਲ ’ਚ ਵੀ ਆਪਣੇ ਕੇਂਦਰ ਸਥਾਪਿਤ ਕਰ ਲਏ ਹਨ।
ਸਾਲ 2020 ’ਚ ਕੁਲ 8,34,947 ਲੱਖ ਜਾਅਲੀ ਨੋਟ ਫੜੇ ਗਏ ਜੋ ਸਾਲ 2019 ਦੇ ਮੁਕਾਬਲੇ 280 ਫੀਸਦੀ ਵੱਧ ਹਨ। ਇਸ ਨਾਲ ਰਿਜ਼ਰਵ ਬੈਂਕ ਦੀ ਚਿੰਤਾ ਵੱਧ ਗਈ ਹੈ ਕਿਉਂਕਿ ਜਾਅਲੀ ਕਰੰਸੀ ਦੀ ਇਹ ਗਿਣਤੀ ਅਜਿਹੇ ਸਮੇਂ ’ਚ ਵਧੀ ਹੈ ਜਦੋਂ ਸਰਕਾਰ ਦਾਅਵਾ ਕਰਦੀ ਹੈ ਕਿ ਹੁਣ ਵੱਧ ਸਕਿਓਰਿਟੀ ਫੀਚਰਜ਼ ਦੇ ਨਾਲ ਨੋਟ ਛਾਪੇ ਜਾ ਰਹੇ ਹਨ।
ਅੱਜ ਦੇਸ਼ ’ਚ ਜਾਅਲੀ ਨੋਟਾਂ ਦਾ ਧੰਦਾ ਭਿਆਨਕ ਰੂਪ ਧਾਰਨ ਕਰ ਕੇ ਦੇਸ਼ ਦੀ ਅਰਥਵਿਵਸਥਾ ਨੂੰ ਸੱਟ ਮਾਰ ਰਿਹਾ ਹੈ। ਇਸ ਲਈ ਜਾਅਲੀ ਕਰੰਸੀ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
-ਵਿਜੇ ਕੁਮਾਰ