ਨਹੀਂ ਰੁਕ ਰਿਹਾ - ‘ਰਿਸ਼ਵਤਖੋਰੀ ਦਾ ਸਿਲਸਿਲਾ’ ‘ਮਰਜ਼ ਬੜਤਾ ਹੀ ਗਯਾ, ਜੂੰ-ਜੂੰ ਦਵਾ ਕੀ’

02/14/2023 2:56:44 AM

ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦਾ ਮਹਾਰੋਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਜਿਸ ’ਚ ਕਈ ਛੋਟੇ-ਵੱਡੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਪਾਇਆ ਜਾ ਰਿਹਾ ਹੈ। ਇਹ ਮਹਾਰੋਗ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਇਹ ਇਸੇ ਮਹੀਨੇ ਦੇ ਇਕ ਹਫਤੇ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 2 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਭ੍ਰਿਸ਼ਟਾਚਾਰ ਰੋਕੂ ਅਤੇ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਸਿਹਤ ਸੇਵਾਵਾਂ ਨਿਰਦੇਸ਼ਕ ਅਜੇ ਕੁਮਾਰ ਗੁਪਤਾ ਨੂੰ ਕੋਵਿਡ ਮਹਾਮਾਰੀ ਦੌਰਾਨ ਮੈਡੀਕਲ ਉਪਕਰਨਾਂ ਦੀ ਖਰੀਦ ’ਚ 4.25 ਲੱਖ ਰੁਪਏ ਦੀ ਕਮਿਸ਼ਨ/ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ।

*6 ਫਰਵਰੀ ਨੂੰ ਸੀ.ਬੀ.ਆਈ. ਨੇ 2 ਕਰੋੜ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ’ਚ ਉੱਤਰ-ਪੂਰਬ ਫਰੰਟੀਅਰ ਰੇਲਵੇ ਜ਼ੋਨ ਦੇ 2 ਇੰਜੀਨੀਅਰਾਂ ਸੀਨੀਅਰ ਸੈਕਸ਼ਨ ਇੰਜੀਨੀਅਰ ਸੰਤੋਸ਼ ਕੁਮਾਰ ਅਤੇ ਡਿਪਟੀ ਚੀਫ ਇੰਜੀਨੀਅਰ ਰਾਮਪਾਲ ਸਮੇਤ ਤਿੰਨ ਵਿਅਕਤੀਆਂ ਨੂੰ ਫੜਿਆ।

* 6 ਫਰਵਰੀ ਨੂੰ ਹੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਕਰਨਾਲ ਮਾਰਕੀਟ ਕਮੇਟੀ ਦੇ ਆਕਸ਼ਨ ਰਿਕਾਰਡਰ ਰਘੂਵੀਰ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ।

* 7 ਫਰਵਰੀ ਨੂੰ ਰਾਜਸਥਾਨ ਬਿਜਲੀ ਪ੍ਰਸਾਰਨ ਨਿਗਮ ’ਚ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮਨ-ਪਸੰਦ ਵਾਲੀਆਂ ਥਾਵਾਂ ’ਤੇ ਪੋਸਟਿੰਗ ਦਿਵਾਉਣ ਦੇ ਬਦਲੇ ’ਚ ਦਲਾਲ ਰਾਹੀਂ ਰਿਸ਼ਵਤ ਲੈਣ ਵਾਲੇ ਐਕਸ.ਈ.ਐੱਨ. ਕੁੰਜ ਬਿਹਾਰੀ ਗੁਪਤਾ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ 1.25 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 7 ਫਰਵਰੀ ਨੂੰ ਹੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਾਨੀਪਤ ’ਚ ਡੀ. ਐੱਸ. ਪੀ. (ਟ੍ਰੈਫਿਕ) ਦੇ ਰੀਡਰ ਏ. ਐੱਸ. ਆਈ. ਸੁਸ਼ੀਲ ਕੁਮਾਰ ਨੂੰ ਕਥਿਤ ਰੂਪ ਨਾਲ ਦਾਜ ਦੇ ਇਕ ਮਾਮਲੇ ’ਚ ਜਬਰ-ਜ਼ਨਾਹ ਦੀ ਧਾਰਾ ਹਟਾਉਣ ਦੇ ਬਦਲੇ ’ਚ 1.1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ ਜਦੋਂ ਕਿ ਉਸ ਦੀ ਸਾਥੀ ਹੈੱਡ ਕਾਂਸਟੇਬਲ ਪ੍ਰਤਿਭਾ ਫਰਾਰ ਹੈ।

* 7 ਫਰਵਰੀ ਨੂੰ ਹੀ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਬਿਜਲੀ ਵਿਭਾਗ ਦੇ ਗੁਰੂਹਰਸਹਾਏ ਸਬ-ਡਵੀਜ਼ਨ ਦੇ ਜੂਨੀਅਰ ਇੰਜੀਨੀਅਰ ਬਖਸ਼ੀਸ਼ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ।

* 8 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਤਰਨਤਾਰਨ ਜ਼ਿਲੇ ਦੇ ਵਲਟੋਹਾ ਬਲਾਕ ’ਚ ਤਾਇਨਾਤ ਪੰਚਾਇਤ ਸਕੱਤਰ ਹਰਦਿਆਲ ਸਿੰਘ ਨੂੰ ਆਪਣੀ ਆਮਦਨ ਦੇ ਜਾਣੂ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ।

* 8 ਫਰਵਰੀ ਨੂੰ ਹੀ ਸੀ. ਬੀ. ਆਈ. ਨੇ ਮਨੀਮਾਜਰਾ ਥਾਣੇ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਬਲਕਾਰ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਲਏ ਗਏ 25,000 ਰੁਪਏ ਨਾਲ ਫੜਿਆ।

* 9 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਪੀ. ਐੱਸ. ਪੀ. ਸੀ. ਐੱਲ. ਜਲੰਧਰ ’ਚ ਤਾਇਨਾਤ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਸੁਖਵਿੰਦਰ ਸਿੰਘ ਮੁਲਤਾਨੀ ਨੂੰ 15 ਲੱਖ ਰੁਪਏ ਰਿਸ਼ਵਤ ਲੈਣ ਅਤੇ 20 ਲੱਖ ਰੁਪਏ ਹੋਰ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ।

* 9 ਫਰਵਰੀ ਨੂੰ ਸੀ. ਬੀ. ਆਈ. ਨੇ 3.71 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਜਮ੍ਹਾ ਕਰਨ ਦੇ ਮੁਲਜ਼ਮ ਸੀ. ਜੀ. ਐੱਸ. ਟੀ. ਦੇ ਸਹਾਇਕ ਕਮਿਸ਼ਨਰ ਮਹੇਸ਼ ਚੌਧਰੀ ਦੇ ਕੰਪਲੈਕਸਾਂ ’ਤੇ ਛਾਪਾ ਮਾਰ ਕੇ 42 ਲੱਖ ਰੁਪਏ ਨਕਦ, ਮਹਿੰਗੀਆਂ ਘੜੀਆਂ ਅਤੇ ਗਹਿਣਿਆਂ ਤੋਂ ਇਲਾਵਾ ਕਰੋੜਾਂ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ।

*10 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਲੇਰਕੋਟਲਾ ’ਚ ਤਾਇਨਾਤ ਫਾਰੈਸਟ ਗਾਰਡ ਮੁਨੀਸ਼ ਕੁਮਾਰ ਨੂੰ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 11 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ’ਚ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਜ਼ਿਲਾ ਉਦਯੋਗ ਕੇਂਦਰ (ਡੀ. ਆਈ. ਸੀ.) ਦੇ ਜੂਨੀਅਰ ਅਸਿਸਟੈਂਟ ਗੋਪਾਲਦਾਸ ਸ਼ਰਮਾ ਨੂੰ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 11 ਫਰਵਰੀ ਨੂੰ ਹੀ ਵਿਜੀਲੈਂਸ ਵਿਭਾਗ ਮੋਹਾਲੀ ਦੀ ਟੀਮ ਨੇ ਐੱਸ. ਏ. ਐੱਸ. ਨਗਰ ਸਥਿਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਰਵੇਅਰ ਮਨਜਿੰਦਰ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

ਸਪੱਸ਼ਟ ਹੈ ਕਿ ਅਹੁਦੇ ਦੀ ਦੁਰਵਰਤੋਂ ਕਰ ਕੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਇਕ ਵਰਗ ਵੱਡੀ ਪੱਧਰ ’ਤੇ ਰਿਸ਼ਵਤ ਅਤੇ ਹੋਰ ਬੇਲੋੜੇ ਤਰੀਕਿਆਂ ਨਾਲ ਆਪਣੀ ਆਮਦਨ ਤੋਂ ਕਿਤੇ ਵੱਧ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰ ਰਿਹਾ ਹੈ।

ਲਿਹਾਜ਼ਾ ਇਸ ਬੁਰਾਈ ’ਤੇ ਰੋਕ ਲਾਉਣ ਲਈ ਵਧੇਰੇ ਸਖਤੀ ਵਰਤਣ ਅਤੇ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਬਜਾਏ ਨੌਕਰੀ ’ਚੋਂ ਕੱਢਣ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇ ਅਯੋਗ ਕਰਾਰ ਦੇਣ ਵਰਗੇ ਸਖਤ ਕਦਮ ਚੁੱਕਣ ਦੀ ਲੋੜ ਹੈ।

–ਵਿਜੇ ਕੁਮਾਰ


Anmol Tagra

Content Editor

Related News