‘ਕੋਰੋਨਾ ਵਧ ਰਿਹਾ ਹੈ’ ‘ਡਾਕਟਰ ਅਸਤੀਫੇ ਦੇ ਰਹੇ ਹਨ’

Thursday, May 20, 2021 - 03:19 AM (IST)

‘ਕੋਰੋਨਾ ਵਧ ਰਿਹਾ ਹੈ’ ‘ਡਾਕਟਰ ਅਸਤੀਫੇ ਦੇ ਰਹੇ ਹਨ’

ਕੋਰੋਨਾ ਦੀ ਦੂਸਰੀ ਲਹਿਰ ਨੇ ਦੇਸ਼ ਦੀਆਂ ਸਿਹਤ ਸੇਵਾਵਾਂ ’ਤੇ ਦਬਾਅ ਕਈ ਗੁਣਾ ਵਧਾ ਦਿੱਤਾ ਹੈ। ਹੁਣ ਤੱਕ ਜਿੱਥੇ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ ਉੱਥੇ ਸੈਂਕੜਿਆਂ ਦੀ ਗਿਣਤੀ ’ਚ ਡਾਕਟਰ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕ ਵੀ ਇਸ ਦੀ ਲਪੇਟ ’ਚ ਆ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਚੁੱਕੇ ਹਨ।

ਭਾਰਤੀ ਮੈਡੀਕਲ ਸੰਘ (ਆਈ. ਐੱਮ. ਏ.) ਦੇ ਅਨੁਸਾਰ ਕੋਵਿਡ-19 ਦੀ ਪਹਿਲੀ ਲਹਿਰ ’ਚ 748 ਡਾਕਟਰਾਂ ਦੀ ਮੌਤ ਹੋਈ ਸੀ ਜਦਕਿ ਦੂਸਰੀ ਲਹਿਰ ’ਚ ਸਿਰਫ 2 ਮਹੀਨਿਆਂ ’ਚ 269 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਕੇ 1017 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੋਰ ਸਟਾਫ ਇਸ ਦੇ ਇਲਾਵਾ ਹੈ।

ਆਈ. ਐੱਮ. ਏ. ਦੇ ਪ੍ਰਧਾਨ ਡਾਕਟਰ ਜੇ. ਏ. ਜਯਾਲਾਲ ਦੇ ਅਨੁਸਾਰ, ‘‘ਵਿਸ਼ਵ ਪੱਧਰੀ ਮਹਾਮਾਰੀ ਦੀ ਦੂਸਰੀ ਲਹਿਰ ਸਾਰਿਆਂ ਦੇ ਲਈ ਬੇਹੱਦ ਖਤਰਨਾਕ ਸਾਬਿਤ ਹੋ ਰਹੀ ਹੈ, ਖਾਸ ਕਰ ਕੇ ਮੋਹਰਲੇ ਮੋਰਚੇ ’ਤੇ ਤਾਇਨਾਤ ਸਿਹਤ ਕਰਮਚਾਰੀਆਂ ਦੇ ਲਈ। ਕੋਵਿਡ ਦੀ ਮੌਜੂਦਾ ਲਹਿਰ ਦੇ ਇੰਨੇ ਘੱਟ ਅਰਸੇ ’ਚ ਹੀ ਅਸੀਂ ਇੰਨੇ ਜ਼ਿਆਦਾ ਡਾਕਟਰ ਗੁਆ ਦਿੱਤੇ ਹਨ।’’

ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਡਾਕਟਰਾਂ ਅਤੇ ਨਰਸਾਂ ਦੀ ਕਮੀ ਦਾ ਸਾਹਮਣਾ ਤਾਂ ਕਰਨਾ ਪੈ ਹੀ ਰਿਹਾ ਹੈ, ਇਸ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ’ਚ ਡਾਕਟਰਾਂ ਦੇ ਅਸਤੀਫੇ ਦੇਣ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਹਨ।

* 10 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਗਜਰਾਜ ਮੈਡੀਕਲ ਕਾਲਜ ਦੇ 50 ਡਾਕਟਰਾਂ ਨੇ ਕੋਰੋਨਾ ਦੇ ਡਰ ਤੋਂ ਅਸਤੀਫਾ ਦੇ ਦਿੱਤਾ।

* 10 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਜੈਪ੍ਰਕਾਸ਼ ਹਸਪਤਾਲ ’ਚ ਇਕ ਮਰੀਜ਼ ਦੀ ਮੌਤ ’ਤੇ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਸਾਬਕਾ ਮੰਤਰੀ ਪੀ. ਸੀ. ਸ਼ਰਮਾ ਵੀ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨੂੰ ਤਿੱਖੇ ਸਵਾਲ ਕੀਤੇ। ਇਸ ਹੰਗਾਮੀ ਅਤੇ ਬਦਸਲੂਕੀ ਤੋਂ ਦੁਖੀ ਹੋ ਕੇ ਡਾ. ਯੋਗੇਂਦਰ ਸ਼੍ਰੀਵਾਸਤਵ ਨੇ ਰੋਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

* 21 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਰੇਮਡੇਸਿਵਿਰ ਅਤੇ ਆਕਸੀਜਨ ਦੀ ਕਿੱਲਤ ਤੋਂ ਪ੍ਰੇਸ਼ਾਨ ਡਾ. ਵੀਰੇਨ ਸ਼ਾਹ ਨੇ ‘ਹਸਪਤਾਲ ਅਤੇ ਨਰਸਿੰਗ ਐਸੋਸੀਏਸ਼ਨ’ ਦੇ ਸੈਕਟਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

* 2 ਮਈ ਨੂੰ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਭ ਤੋਂ ਵੱਡੇ ਕੋਰੋਨਾ ਕੇਅਰ ਸੈਂਟਰ ’ਚ ਤਾਇਨਾਤ ਪ੍ਰੋਫੈਸਰ ਡਾ. ਸ਼ਾਲੀਨ ਪ੍ਰਸਾਦ ਨੇ ਆਪਣੀ ਨੌਕਰੀ ਛੱਡ ਦਿੱਤੀ।

* 5 ਮਈ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਦੋ ਸੀਨੀਅਰ ਡਾਕਟਰਾਂ-ਇੰਦੌਰ ਜ਼ਿਲੇ ਦੀ ਹੈਲਥ ਅਫਸਰ ਡਾ. ਪੂਰਣਿਮਾ ਗਡਾਰੀਆ ਅਤੇ ਮਾਨਪੁਰ ਕਮਿਊਨਿਟੀ ਹੈਲਥ ਸੈਂਟਰ ਦੇ ਡਾ. ਆਰ. ਐੱਸ. ਤੋਮਰ ਨੇ ਕਲੈਕਟਰ ਮਨੀਸ਼ ਸਿੰਘ ਅਤੇ ਐੱਸ. ਡੀ. ਐੱਮ. ਅਭਿਲਾਸ਼ ਮਿਸ਼ਰਾ ’ਤੇ ਉਨ੍ਹਾਂ ਦੇ ਨਾਲ ਘਟੀਆ ਸਲੂਕ ਕਰਨ ਦਾ ਦੋਸ਼ ਲਗਾਉਂਦੇ ਹੋਏ ਅਸਤੀਫੇ ਦੇ ਦਿੱਤੇ।

* 6 ਮਈ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਤੋਂ 4 ਡਾਕਟਰ ਇਕ ਹੀ ਦਿਨ ’ਚ ਨੌਕਰੀ ਛੱਡ ਕੇ ਚਲੇ ਗਏ ਜਿਨ੍ਹਾਂ ’ਚੋਂ 2 ਨੇ ਤਾਂ 3 ਮਹੀਨੇ ਦੀ ਐਡਵਾਂਸ ਤਨਖਾਹ ਵੀ ਸਰਕਾਰ ਕੋਲ ਜਮ੍ਹਾ ਕਰਵਾ ਦਿੱਤੀ।

* 8 ਮਈ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲੇ ਦੇ ਟੀਕਾਕਰਨ ਅਧਿਕਾਰੀ ਕਮਲੇਸ਼ ਅਹੀਰਵਾਰ ਨੇ ਅਸਤੀਫਾ ਦੇ ਦਿੱਤਾ।

* 13 ਮਈ ਨੂੰ ਉੱਤਰ ਪ੍ਰਦੇਸ਼ ਦੇ ਉੱਨਾਵ ’ਚ 16 ਸਰਕਾਰੀ ਡਾਕਟਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਦਿਹਾਤੀ ਹਸਪਤਾਲਾਂ ਦੇ ੲਿੰਚਾਰਜ ਇਨ ਡਾਕਟਰਾਂ ਨੇ ਦੋਸ਼ ਲਗਾਇਆ ਕਿ ਜ਼ਿਲੇ ’ਚ ਕੋਵਿਡ ਦੀ ਇਨਫੈਕਸ਼ਨ ਵਧਣ ’ਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਜਾ ਰਿਹਾ ਹੈ।

* 13 ਮਈ ਨੂੰ ਹੀ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੇ ਸਿਵਲ ਮੇਹਤਾਬ ਹਸਪਤਾਲ ਨਰਸਿੰਘਗੜ੍ਹ ’ਚ ਡਾ. ਵਿਸ਼ਾਲ ਸਿਸੋਦੀਆ ਨੇ ਬੀ. ਐੱਮ. ਓ. ਡਾ. ਗੌਰਵ ਤ੍ਰਿਪਾਠੀ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਅਸਤੀਫਾ ਦੇ ਦਿੱਤਾ।

* 17 ਮਈ ਨੂੰ ਭਾਰਤ ਦੇ ਟੌਪ ਵਾਇਰੋਲਾਜਿਸਟ ਸ਼ਾਹਿਦ ਜਮੀਲ ਨੇ ਕੇਂਦਰ ਸਰਕਾਰ ਦੇ ਮਹੱਤਵਪੂਰਨ ‘ਸਾਇੰਟਿਫਿਕ ਐਡਵਾਈਜ਼ਰ ਗਰੁੱਪ’ ਤੋਂ ਅਸਤੀਫਾ ਦੇ ਿਦੱਤਾ। ਉਹ ‘ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ ਗਰੁੱਪ’ ਦੇ ਮੁਖੀ ਸਨ ਅਤੇ ਉਨ੍ਹਾਂ ’ਤੇ ਵਾਇਰਸ ‘ਜੀਨੋਮ ਸਟਰੱਕਚਰ’ ਦੀ ਪਛਾਣ ਦੀ ਜ਼ਿੰਮੇਵਾਰੀ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਪਿਛਲੇ ਕੁਝ ਸਮੇਂ ਤੋਂ ਉਹ ਸਰਕਾਰ ਦੇ ਰੁਖ ਦੀ ਆਲੋਚਨਾ ਕਰ ਰਹੇ ਸਨ।

ਵਧੇਰੇ ਡਾਕਟਰਾਂ ਨੇ ਅਸਤੀਫਾ ਦੇਣ ਦੇ ਕਾਰਨ ’ਚ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਵੱਧ ਡਿਊਟੀ ਲੈਣ ਦੇ ਕਾਰਨ ਦਿਮਾਗੀ ਪ੍ਰੇਸ਼ਾਨੀ ਤੇ ਥਕਾਨ, ਪਰਿਵਾਰ ਤੋਂ ਦੂਰੀ, ਜੋਖਮਪੂਰਨ ਹਾਲਤਾਂ ’ਚ ਕੰਮ ਕਰਨ ਦੇ ਬਾਵਜੂਦ ਘਟੀਆ ਸਲੂਕ ਸਹਿਣ, ਦਵਾਈਆਂ ਅਤੇ ਹੋਰ ਮੁੱਢਲੀ ਲੋੜ ਦੀਆਂ ਵਸਤੂਆਂ ਅਤੇ ਸਹੂਲਤਾਂ ਦੀ ਘਾਟ ਅਤੇ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਆਦਿ ਦਾ ਵਰਨਣ ਕੀਤਾ ਹੈ।

ਅਜਿਹੇ ਹਾਲਾਤ ’ਚ ਜੇਕਰ ‘ਕੋਰੋਨਾ ਯੋਧਾ’ ਡਾਕਟਰਾਂ ਦਾ ਹੌਸਲਾ ਟੁੱਟ ਗਿਆ ਤਾਂ ਸਥਿਤੀ ਨੂੰ ਸੰਭਾਲਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਡਾਕਟਰਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕਰੇ।

-ਵਿਜੇ ਕੁਮਾਰ


author

Bharat Thapa

Content Editor

Related News