‘ਨਿਗਮ ਚੋਣਾਂ ’ਚ ਕਾਂਗਰਸ ਦੀ ਜਿੱਤ’ ‘ਪੰਜਾਬ ਦੇ ਵੋਟਰਾਂ ਦੇ ਮੂਡ ਦਾ ਪਤਾ ਲੱਗਾ’
Thursday, Feb 18, 2021 - 03:31 AM (IST)

ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਦੇ ਦਰਮਿਆਨ ਪੰਜਾਬ ’ਚ 8 ਨਗਰ ਨਿਗਮਾਂ ਬਠਿੰਡਾ, ਅਬੋਹਰ, ਬਟਾਲਾ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਮੋਹਾਲੀ ਅਤੇ ਪਠਾਨਕੋਟ ਅਤੇ 109 ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 14 ਫਰਵਰੀ ਨੂੰ ਹੋਈਆਂ ਜਿਨ੍ਹਾਂ ’ਚੋਂ 7 ਨਗਰ ਨਿਗਮਾਂ ਦਾ ਨਤੀਜਾ 17 ਫਰਵਰੀ ਨੂੰ ਐਲਾਨਿਆ ਗਿਆ ਜਦਕਿ ਮੋਹਾਲੀ ਦਾ ਨਤੀਜਾ 18 ਫਰਵਰੀ ਨੂੰ ਐਲਾਨਿਆ ਜਾਵੇਗਾ।
ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਕਾਂਗਰਸ ਸਰਕਾਰ ਦੇ ਲਈ ‘ਲਿਟਮਸ ਟੈਸਟ’ ਦੇ ਰੂਪ ’ਚ ਦੇਖੀਆਂ ਜਾਣ ਵਾਲੀਆਂ ਇਨ੍ਹਾਂ ਚੋਣਾਂ ’ਚ ਲਗਭਗ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਸ਼੍ਰੋਅਦ ਅਤੇ ਆਪ ਨੇ ਹਿੱਸਾ ਲਿਆ।
ਇਨ੍ਹਾਂ ਚੋਣਾਂ ’ਚ ਕਾਂਗਰਸ ਨੇ ਸ਼੍ਰੋਅਦ ਅਤੇ ਭਾਜਪਾ ਨੂੰ ਹਰਾ ਕੇ ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਬਟਾਲਾ, ਅਬੋਹਰ ਅਤੇ ਕਪੂਰਥਲਾ ਦੇ ਨਗਰ ਨਿਗਮਾਂ ’ਤੇ ਕਬਜ਼ਾ ਕਰ ਲਿਆ। ਮੋਗਾ ’ਚ ਵੀ ਕਾਂਗਰਸ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉੱਭਰੀ ਹੈ ਪਰ ਬਹੁਮਤ ਤੋਂ 6 ਸੀਟਾਂ ਪਿੱਛੇ ਰਹਿ ਗਈ ਹੈ।
ਬਠਿੰਡਾ ਨਗਰ ਨਿਗਮ ਕਾਂਗਰਸ ਦੇ ਕਬਜ਼ੇ ’ਚ 53 ਸਾਲ ਬਾਅਦ ਆਇਆ ਹੈ। ਬਠਿੰਡਾ ਲੋਕ ਸਭਾ ਸੀਟ ਦੀ ਪ੍ਰਤੀਨਿਧਤਾ ਹਰਸਿਮਰਤ ਕੌਰ ਬਾਦਲ ਕਰਦੇ ਹਨ ਜਿਨ੍ਹਾਂ ਨੇ ਸੂਬੇ ’ਚ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਖੁਦ ਨੂੰ ਸਰਕਾਰ ਨਾਲੋਂ ਕੁਝ ਸਮੇਂ ਦੇ ਬਾਅਦ ਅਲੱਗ ਕਰ ਲਿਆ ਸੀ।
ਵਰਨਣਯੋਗ ਹੈ ਕਿ ਸੂਬੇ ’ਚ ਇਹ ਚੋਣਾਂ ਅਜਿਹੇ ਸਮੇਂ ’ਚ ਕਰਵਾਈਆਂ ਗਈਆਂ ਹਨ ਜਦੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਨਵੰਬਰ ਮਹੀਨੇ ਤੋਂ ਰੋਸ ਵਿਖਾਵਾ ਕਰਦੇ ਆ ਰਹੇ ਹਨ।
ਇਸ ’ਚ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹਨ ਅਤੇ ਇਸ ਅੰਦੋਲਨ ਦੇ ਦੌਰਾਨ ਘੱਟੋ-ਘੱਟ 150 ਕਿਸਾਨਾਂ ਦੀ ਵੱਖ-ਵੱਖ ਕਾਰਨਾਂ ਨਾਲ ਮੌਤ ਵੀ ਹੋ ਚੁੱਕੀ ਹੈ।
ਆਸ ਦੇ ਅਨੁਸਾਰ ਜਿੱਥੇ ਕਾਂਗਰਸ ਨੂੰ ਇਨ੍ਹਾਂ ਕਾਨੂੰਨਾਂ ’ਚ ਕਿਸਾਨਾਂ ਦੇ ਸਮਰਥਨ ਦਾ ਫਾਇਦਾ ਮਿਲਿਆ ਉੱਥੇ ਭਾਜਪਾ, ਸ਼੍ਰੋਅਦ ਅਤੇ ਆਪ ਨੂੰ ਨੁਕਸਾਨ ਉਠਾਉਣਾ ਪਿਆ। ਪ੍ਰਚਾਰ ਮੁਹਿੰਮ ਦੇ ਦੌਰਾਨ ਵਧੇਰੇ ਥਾਵਾਂ ’ਤੇ ਭਾਜਪਾ ਅਤੇ ਸ਼੍ਰੋਅਦ ਦੇ ਉਮੀਦਵਾਰਾਂ ਅਤੇ ਉਨ੍ਹਾਂ ਦਾ ਪ੍ਰਚਾਰ ਕਰਨ ਪਹੁੰਚੇ ਨੇਤਾਵਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ’ਤੇ ਹਮਲੇ ਵੀ ਹੋਏ।
ਫਿਲਹਾਲ ਇਨ੍ਹਾਂ ਚੋਣ ਨਤੀਜਿਆਂ ਤੋਂ ਸੂਬੇ ਦੇ ਵੋਟਰਾਂ ਦੇ ਸਿਆਸੀ ਮੂਡ ਦਾ ਪਤਾ ਲੱਗਾ ਹੈ ਜੋ ਭਾਜਪਾ, ਸ਼੍ਰੋਅਦ ਅਤੇ ਆਪ ਦੇ ਲਈ ਸਬਕ ਹੈ ਅਤੇ ਇਸ ਨੇ ਕਾਂਗਰਸ ਨੂੰ ਜੋਸ਼ ਨਾਲ ਭਰ ਦਿੱਤਾ ਹੈ।
-ਵਿਜੇ ਕੁਮਾਰ