ਕਾਂਗਰਸ ''ਚ ਕਾਂਗਰਸ ਅਤੇ ਭਾਜਪਾ ''ਚ ਭਾਜਪਾ ਵਾਲੇ ''ਖਿੱਚ ਰਹੇ ਇਕ-ਦੂਸਰੇ ਦੀ ਲੱਤ''

06/04/2021 3:39:49 AM

ਕਾਂਗਰਸ 'ਚ ਇਕਜੁੱਟਤਾ ਕਾਇਮ ਰੱਖਣ ਦੇ ਲਈ ਸੋਨੀਆਂ ਗਾਂਧੀ ਨੇ 10 ਮਈ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਟਾਲਦੇ ਹੋਏ ਕਿਹਾ ਕਿ ਕਾਂਗਰਸ ਨੂੰ ਆਪਣਾ ਘਰ ਸੁਧਾਰਨ ਦੀ ਲੋੜ ਹੈ। ਜੇਕਰ ਕਾਂਗਰਸ ਇਕਜੁੱਟ ਰਹੇਗੀ ਤਦ ਹੀ ਮਜ਼ਬੂਤੀ ਨਾਲ ਸਰਕਾਰ ਦੇ ਵਿਰੁੱਧ ਲੋਕਹਿੱਤ ਦੇ ਮੁੱਦਿਆਂ 'ਤੇ ਆਵਾਜ਼ ਉਠਾ ਸਕੇਗੀ। 
ਪਰ ਸੋਨੀਆਂ ਗਾਂਧੀ ਦੀ ਇਸ ਨਸੀਅਤ ਦਾ ਪਾਰਟੀ 'ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਇਸ 'ਚ ਪੰਜਾਬ ਤੋਂ ਕੇਰਲ ਤਕ ਘਮਾਸਾਨ ਮਚਿਆ ਹੋਇਆ ਹੈ। ਕੇਰਲ 'ਚ ਤਾਂ ਚੋਣ ਨਤੀਜਿਆਂ ਦੇ ਬਾਅਦ ਪਾਰਟੀ ਦੀ ਹਾਰ ਦੇ ਕਾਰਨ ਘਮਾਸਾਨ ਸ਼ੁਰੂ ਹੋਇਆ ਪਰ ਪੰਜਾਬ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਜੰਗ ਛਿੜ ਗਈ। 
ਨੌਬਤ ਇਥੋਂ ਤਕ ਆ ਗਈ ਹੈ ਕਿ ਕੈ. ਅਮਰਿੰਦਰ ਸਿੰਘ ਅਤੇ ਅੰਮ੍ਰਿਤਸਰ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਕਾਂਗਰਸ ਨੂੰ 3 ਮੈਂਬਰਾਂ ਦੀ ਕਮੇਟੀ ਬਣਾਉਣੀ ਪਈ ਅਤੇ ਪੰਜਾਬ ਕਾਂਗਰਸ ਦੇ ਵਿਧਾਇਕ ਦਿੱਲੀ ਦੀ ਦੌੜ ਲਗਾ ਰਹੇ ਹਨ। 
ਕੈਪਟਨ ਅਮਰਿੰਦਰ ਸਿੰਘ ਵਿਰੋਧੀ ਵਿਧਾਇਕਾਂ ਦੇ ਨਾਲ-ਨਾਲ ਨਵਜੋਤ ਸਿੱਧੂ ਦੇ ਸਮਰਥਕ ਵਿਧਾਇਕਾਂ ਨੇ ਵੀ ਆਪਣੀ ਗੱਲ ਇਸ ਕਮੇਟੀ ਦੇ ਮੈਂਬਰਾਂ ਸਾਹਮਣੇ ਰੱਖੀ ਹੈ ਅਤੇ ਕਮੇਟੀ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਵੀ ਸੁਣੇਗੀ ਜੋ ਕਿ ਦਿੱਲੀ ਪਹੁੰਚੇ ਹੋਏ ਹਨ।
ਓਧਰ ਉੱਤਰ ਪ੍ਰਦੇਸ਼ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਆਪਣੀ ਸੱਤਾ ਕਾਇਮ ਰੱਖਣ ਦੇ ਲਈ ਯਤਨਸ਼ੀਲ ਯੋਗੀ ਆਦਿੱਤਿਆਨਾਥ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਕਈ ਵਿਧਾਇਕਾਂ ਨੇ ਲਿਖਿਆ ਹੈ ਕਿ ਲੋਕਾਂ 'ਚ ਭਾਜਪਾ ਦੇ ਵਿਰੁੱਧ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਰਿਹਾ ਹੈ। ਇਸ 'ਤੇ ਵਿਚਾਰ ਕੀਤਾ ਜਾਵੇ। 
ਇਸੇ ਸੰਬੰਧ 'ਚ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ (ਸੰਗਠਨ) ਬੀ. ਐੱਲ. ਸੰਤੋਸ਼ ਨੇ 1 ਜੂਨ ਨੂੰ ਲਖਨਊ 'ਚ ਬੰਦ ਕਮਰੇ 'ਚ ਹੋਈ ਬੈਠਕ 'ਚ ਸਰਕਾਰ ਦੇ ਮੰਤਰੀਆਂ ਨੂੰ ਵੱਖ-ਵੱਖ ਸੱਦ ਕੇ ਉਨ੍ਹਾਂ ਨਾਲ ਗੱਲ ਕੀਤੀ। 
ਬੈਠਕ 'ਚ ਚੋਣ ਤਿਆਰੀਆਂ 'ਚ ਕਮੀ ਬਾਰੇ ਪੁੱਛਣ 'ਤੇ ਇਕ ਮੰਤਰੀ ਨੇ ਇਥੋਂ ਤਕ ਕਿਹਾ ਕਿ, 'ਕੋਰੋਨਾ ਕਾਲ 'ਚ ਜਨਤਾ ਅਤੇ ਵਰਕਰਾਂ ਦੇ ਦਰਮਿਆਨ ਨਾਰਾਜ਼ਗੀ ਵਧੀ ਹੈ।' ਇਸੇ ਤਰ੍ਹਾਂ ਇਕ ਹੋਰ ਮੰਤਰੀ ਨੇ ਕਿਹਾ, 'ਇਸ ਸਮੇਂ ਨਾਰਾਜ਼ਗੀ ਬਹੁਤ ਜ਼ਿਆਦਾ ਹੈ ਅਤੇ ਚੋਣ ਨੂੰ ਲੈ ਕੇ ਔਕੜਾਂ ਹਨ। ਸਾਰੇ ਇੱਕਠੇ ਹੋਣਗੇ ਤਦ ਹੀ ਜਿੱਤ ਹੋਵੇਗੀ।'
ਹਾਲਾਂਕਿ 'ਸ਼੍ਰੀ ਸੰਤੋਸ਼' ਨੇ ਉਕਤ ਬੈਠਕ ਦੇ ਬਾਅਦ ਕਿਹਾ ਕਿ ਪਾਰਟੀ 'ਚ ਸਭ ਠੀਕ ਹੈ ਪਰ ਪਾਰਟੀ ਦੇ ਹੀ ਕੁਝ ਲੋਕ ਆਪਣੇ ਕਾਰਿਆਂ ਨਾਲ ਇਸ ਦੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। 
3 ਜੂਨ ਚੋਰੀ ਅਤੇ ਹੱਤਿਆ ਦੇ ਯਤਨ ਦੇ ਦੋਸ਼ 'ਚ ਫਰਾਰ ਚੱਲ ਰਹੇ ਹਿਸਟਰੀ ਸ਼ੀਟਰ ਮਨੋਜ ਸਿੰਘ ਨੂੰ ਗ੍ਰਿਫਤਾਰ ਕਰਨ ਪੁਲਸ ਕਾਨਪੁਰ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਨਾਰਾਇਣ ਭਦੌਰੀਆਂ ਦੇ ਜਨਮ ਦਿਨ ਸਮਾਗਮ 'ਚ ਪਹੁੰਚੀ, ਜਿਥੇ ਮਨੋਜ ਸਿੰਘ ਮੌਜੂਦਾ ਸੀ ਪਰ ਜਿਵੇਂ ਹੀ ਪੁਲਸ ਨੇ ਉਸ ਨੂੰ ਅਤੇ ਉਸ ਦੇ ਦੋ ਸਾਥੀਆਂ ਨੂੰ ਫੜਿਆ ਤਾਂ ਭਾਜਪਾਈਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਮਨੋਜ ਸਿੰਘ ਫਰਾਰ ਹੋ ਗਿਆ। ਹੁਣ ਪੁਲਸ ਮਨੋਜ ਦੇ ਨਾਲ-ਨਾਲ ਨਾਰਾਇਣ ਭਦੌਰੀਆ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਛਾਪੇ ਮਾਰ ਰਹੀ ਹੈ ਅਤੇ ਭਾਜਪਾ ਹਾਈਕਮਾਨ ਨੇ ਨਾਰਾਇਣ ਭਦੌਰੀਆ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀ ਹੈ ਅਤੇ ਭਾਜਪਾ ਹਾਈਕਮਾਨ ਨੇ ਨਾਰਾਇਣ ਭਦੌਰੀਆ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। 
ਬਿਹਾਰ 'ਚ ਵੀ ਕੁਝ ਆਗੂ ਪਾਰਟੀ ਦੀ ਕਿਰਕਰੀ ਕਰਵਾ ਰਹੇ ਹਨ। ਸਿਵਾਨ ਤੋਂ ਭਾਜਪਾ ਐੱਮ. ਐੱਲ. ਸੀ. ਟੁੱਨਾ ਪਾਂਡੇ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਚਾਰ ਵਾਰ ਦੇ ਸੰਸਦ ਮੈਂਬਰ ਅਤੇ ਦੋ ਵਾਰ ਦੇ ਵਿਧਾਇਕ ਰਹੇ ਸ਼ਹਾਬੂਦੀਨ ਦੀ ਸਾਜ਼ਿਸ਼ਨ ਹੱਤਿਆ 'ਚ ਪ੍ਰਤੱਖ ਜਾਂ ਲੁਕਵੇਂ ਤੌਰ 'ਤੇ ਨਿਤੀਸ਼ ਕੁਮਾਰ ਦਾ ਹੀ ਹੱਥ ਹੈ ਅਤੇ ਨਿਤੀਸ਼ ਕੁਮਾਰ ਤਿਕੜਮ ਨਾਲ ਮੁੱਖ ਮੰਤਰੀ ਬਣੇ ਹਨ। ਜਨਤਾ ਨੇ ਤਾਂ ਤੇਜਸਵੀ ਯਾਦਵ (ਰਾਜਦ) ਨੂੰ ਚੁਣਿਆ ਸੀ। 
ਟੁੱਨਾ ਪਾਂਡੇ ਇਥੇ ਨਹੀਂ ਰੁਕਿਆ। ਉਸ ਨੇ ਇਥੋਂ ਤਕ ਕਹਿ ਦਿੱਤਾ ਕਿ, 'ਨਿਤੀਸ਼ ਕੁਮਾਰ 2009 ਦੇ ਸ਼ਰਾਬ ਘਪਲੇਬਾਜ਼ ਹਨ। ਮੈਂ ਬੜੀ ਜਲਦੀ ਉਨ੍ਹਾਂ ਨੂੰ ਜੇਲ ਭਿਜਵਾਵਾਂਗਾ।' ਇਕ ਮੌਕੇ 'ਤੇ ਟੁੱਨਾ ਪਾਂਡੇ ਨੇ ਇਹ ਵੀ ਕਿਹਾ ਕਿ ਉਹ ਬਹੁਤ ਜਲਦੀ ਨਿਤੀਸ਼ ਕੁਮਾਰ ਦੀ ਪੋਲ ਖੋਲ੍ਹਣ ਵਾਲਾ ਹੈ ਜਿਸ ਨਾਲ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। 
ਬਿਹਾਰ 'ਚ ਨਿਤੀਸ਼ ਕੁਮਾਰ ਵਾਲੀ ਜਦ (ਯੂ) ਸਰਕਾਰ 'ਚ ਭਾਜਪਾ ਭਾਈਵਾਲ ਹੈ ਅਤੇ ਜਦ (ਯੂ) ਨੇ ਭਾਜਪਾ ਲੀਡਰਸ਼ਿਪ ਨਾਲ ਟੁੱਨਾ ਪਾਂਡੇ ਦੇ ਉਕਤ ਬਿਆਨ 'ਤੇ ਸਖਤ ਬਿਆਨ ਪ੍ਰਗਟ ਕੀਤਾ ਹੈ ਜਿਸ 'ਤੇ ਪਾਰਟੀ (ਭਾਜਪਾ) ਨੇ ਉਸ ਨੂੰ ਨੋਟਿਸ ਭੇਜਿਆ ਹੈ।
ਵਰਣਨਯੋਗ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਤ੍ਰਿਣਮੂਲ ਕਾਂਗਰਸ ਛੱਡ ਕੇ ਆਏ ਨੇਤਾਵਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਨੂੰ ਲੈ ਕੇ ਵੀ ਪਾਰਟੀ ਦੇ ਸੀਨੀਅਰ ਨੇਤਾ ਤਥਾਗਤ ਰਾਏ ਸਮੇਤ ਕਈ ਨੇਤਾ ਇਸ ਦਾ ਵਿਰੋਧ ਕਰ ਚੁੱਕੇ ਹਨ। 
ਦੋਵੇਂ ਹੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਭਾਵੇਂ ਸੱਤਾਂ 'ਚ ਰਹਿਣ ਜਾਂ ਵਿਰੋਧੀ ਧਿਰ 'ਚ, ਦੇਸ਼ ਦੇ ਵਿਕਾਸ ਲਈ ਇਨ੍ਹਾਂ ਦੋਵਾਂ ਦਾ ਹੀ ਮਜ਼ਬੂਤ ਹੋਣਾ ਅਤੇ ਇਨ੍ਹਾਂ ਦੇ ਮੈਂਬਰਾਂ ਦਾ ਇਕ-ਦੂਸਰੇ ਦੀ ਲੱਤ ਖਿੱਚਣ ਦੀ ਬਜਾਏ ਪਾਰਟੀ 'ਚ ਆਪਣੇ ਮੱਤ-ਭੇਦ ਭੁਲਾ ਕੇ ਆਪਸੀ ਮੇਲ-ਮਿਲਾਪ ਨਾਲ ਚੱਲਣਾ ਜ਼ਰੂਰੀ ਹੈ। ਇਸ ਲਈ ਦੋਵੇਂ ਹੀ ਪਾਰਟੀਆਂ ਦੇ ਕੇਂਦਰੀ ਨੇਤਾਵਾਂ ਨੂੰ ਇਸ ਸੰਬੰਧ 'ਚ ਨੋਟਿਸ ਲੈਂਦੇ ਹੋਏ ਆਪਣੇ ਕਾਡਰ ਨੂੰ ਸਮਝਾ ਕੇ ਸਹੀ ਰਸਤੇ  'ਤੇ ਲਿਆਉਣ ਦੀ ਲੋੜ ਹੈ ਤਾਂ ਕਿ ਉਹ ਇਕ-ਦੂਸਰੇ ਦੇ ਵਿਰੁੱਧ ਪੁੱਠੀ-ਸਿੱਧੀ ਬਿਆਨਬਾਜ਼ੀ ਕਰਨ ਦੀ ਬਜਾਏ ਆਪਸ 'ਚ ਮਿਲ ਕੇ ਇਕ ਆਦਰਸ਼ ਤੇ ਮਜ਼ਬੂਤ ਭਾਰਤ ਦੇ ਨਿਰਮਾਣ 'ਚ ਯੋਗਦਾਨ ਦੇ ਸਕਣ। 
-ਵਿਜੇ ਕੁਮਾਰ 
 


Bharat Thapa

Content Editor

Related News