ਭਾਰਤ ’ਚ ਚਿੰਤਾਜਨਕ ਹੱਦ ਤਕ ਫੈਲ ਰਹੇ ਕੈਂਸਰ ਦੇ ਪੰਜੇ

02/06/2020 1:33:11 AM

ਕੈਂਸਰ ਅੱਜ ਵਿਸ਼ਵ ਭਰ ’ਚ ਇਕ ਭਿਆਨਕ ਅਤੇ ਚਿੰਤਾਜਨਕ ਰੋਗ ਦਾ ਰੂਪ ਧਾਰਨ ਕਰ ਗਿਆ ਹੈ। ਸਰੀਰ ’ਚ ਪੈਦਾ ਇਹ ਗੈਰ-ਸਾਧਾਰਨ ਵਿਕਾਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਨਾਲ ਸਰੀਰ ਦਾ ਰੱਖਿਆਤੰਤਰ ਪ੍ਰਭਾਵਿਤ ਹੋਣ ਲੱਗਦਾ ਹੈ। ਨਾ ਸਿਰਫ ਇਹ ਇਕ ਅਤਿਅੰਤ ਗੁੰਝਲਦਾਰ ਰੋਗ ਹੈ ਸਗੋਂ ਇਸ ਦਾ ਇਲਾਜ ਵੀ ਬਹੁਤ ਮਹਿੰਗਾ ਹੈ ਅਤੇ ਇਸ ਦੀ ਪਛਾਣ ਕਰਨਾ ਵੀ ਇਕ ਚੁਣੌਤੀ ਤੋਂ ਘੱਟ ਨਹੀਂ ਹੈ। ਦੇਸ਼ ’ਚ ਇਹ ਰੋਗ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ’ਚ ਸਰਵਾਈਕਲ, ਪੇਟ, ਮੂੰਹ ਦੇ ਕੈਂਸਰ ਤੋਂ ਇਲਾਵਾ ਮਹਿਲਾਵਾਂ ਦੀਆਂ ਛਾਤੀਆਂ ਦਾ ਕੈਂਸਰ ਆਦਿ ਮੁੱਖ ਹਨ। ‘ਨੈਸ਼ਨਲ ਹੈਲਥ ਪ੍ਰੋਫਾਈਲ 2019’ ਅਨੁਸਾਰ ਭਾਰਤ ’ਚ 2017 ਤੋਂ 2018 ਦੇ ਵਿਚਾਲੇ ਕੈਂਸਰ ਦੇ ਮਾਮਲਿਆਂ ’ਚ 300 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ‘ਵਰਲਡ ਕੈਂਸਰ’ ਰਿਪੋਰਟ ਅਨੁਸਾਰ ਭਾਰਤ ’ਚ 2018 ਵਿਚ ਕੈਂਸਰ ਦੇ ਲੱਗਭਗ 11.6 ਲੱਖ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 7,84,800 ਲੋਕਾਂ ਦੀ ਮੌਤ ਹੋ ਗਈ। ਖੇਤੀ ਉਪਜ ਵਧਾਉਣ ਲਈ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਹੱਦ ਤੋਂ ਵੱਧ ਵਰਤੋਂ, ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ’ਚ ਬਦਲਾਅ, ਮੋਟਾਪਾ, ਪ੍ਰਦੂਸ਼ਣ, ਸਰੀਰਕ ਕਿਰਤ ਨਾ ਕਰਨ ਅਤੇ ਡੱਬਾਬੰਦ ਅਤੇ ਪ੍ਰੋਸੈੱਸਡ ਖੁਰਾਕ ਸਮੱਗਰੀ ਦੀ ਵਰਤੋਂ ਕੈਂਸਰ ਵਧਣ ਦੇ ਕੁਝ ਕਾਰਣ ਹਨ। ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 4 ਫਰਵਰੀ ਨੂੰ ਮਨਾਏ ਜਾਣ ਵਾਲੇ ‘ਵਿਸ਼ਵ ਕੈਂਸਰ ਦਿਵਸ’ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਉਸ ਦੇ ਨਾਲ ਕੰਮ ਕਰਨ ਵਾਲੀ ‘ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ’ ਨੇ ਭਾਰਤ ਨੂੰ ਲੈ ਕੇ ਦੋ ਚਿੰਤਾਜਨਕ ਰਿਪੋਰਟਾਂ ਜਾਰੀ ਕੀਤੀਆਂ ਹਨ। ਇਕ ਰਿਪੋਰਟ ’ਚ 10 ਭਾਰਤੀਆਂ ’ਚੋਂ ਇਕ ਨੂੰ ਆਪਣੇ ਜੀਵਨ ’ਚ ਕੈਂਸਰ ਹੋਣ ਅਤੇ ਦੂਸਰੀ ’ਚ 15 ’ਚੋਂ ਇਕ ਦੀ ਇਸ ਨਾਲ ਮੌਤ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਦੇ ਨਾਲ ਹੀ ਉਕਤ ਰਿਪੋਰਟਾਂ ’ਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਰੋਕਥਾਮ ਅਤੇ ਦੇਖਭਾਲ ਸੇਵਾਵਾਂ ’ਚ ਨਿਵੇਸ਼ ਦੀ ਕਮੀ ਦੇ ਮੱਦੇਨਜ਼ਰ 2040 ਤਕ ਕੈਂਸਰ ਦੇ ਮਾਮਲੇ 81 ਫੀਸਦੀ ਵਧਣ ਦਾ ਖਦਸ਼ਾ ਜਤਾਇਆ ਹੈ। ਇਸ ਨੂੰ ਦੇਖਦੇ ਹੋਏ ਭਾਰਤ ’ਚ ਆਮ ਸਿਹਤ ਸੇਵਾਵਾਂ ਦੇ ਨਾਲ-ਨਾਲ ਕੈਂਸਰ ਦੇ ਇਲਾਜ ਲਈ ਮੌਜੂਦਾ ਸਮੇਂ ’ਚ ਮੁਹੱਈਆ ਸਹੂਲਤਾਂ ’ਚ ਬਹੁਤ ਜ਼ਿਆਦਾ ਵਿਸਤਾਰ ਕਰਨ ਦੀ ਲੋੜ ਹੈ। ਤ੍ਰਾਸਦੀ ਇਹ ਹੈ ਕਿ ਸਿਹਤ ਸੇਵਾਵਾਂ ’ਚ ਸੁਧਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਵੀ ਵੱਡੀ ਗਿਣਤੀ ’ਚ ਲੋਕਾਂ ਨੂੰ ਸਸਤੀਆਂ ਅਤੇ ਸੰਤੋਸ਼ਜਨਕ ਸਿਹਤ ਸੇਵਾਵਾਂ ਸਰਕਾਰੀ ਹਸਪਤਾਲਾਂ ’ਚ ਮੁਹੱਈਆ ਨਹੀਂ ਹਨ। ਮਜਬੂਰੀਵੱਸ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਜਾਣਾ ਪੈਂਦਾ ਹੈ, ਜਿਥੇ ਇਲਾਜ ਇਕ ਮਿਸ਼ਨ ਨਾ ਹੋ ਕੇ ਕਾਰੋਬਾਰ ਬਣ ਕੇ ਰਹਿ ਗਿਆ ਹੈ।

–ਵਿਜੇ ਕੁਮਾਰ\\\


Bharat Thapa

Content Editor

Related News