ਬਸਪਾ ਵਿਚ ''ਧਮਾਕੇ ''ਤੇ ਧਮਾਕਾ'' ਮਾਇਆਵਤੀ ਤੋਂ ਨਾਰਾਜ਼ ਨੇਤਾਵਾਂ ''ਚ ਪਾਰਟੀ ਛੱਡਣ ਦੀ ''ਦੌੜ''

08/24/2016 2:26:37 AM

ਚੋਣਾਂ ਦਾ ਮੌਸਮ ਆਉਂਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ''ਚ ਦਲ-ਬਦਲੀ ਕਰਨ ਦੀ ਖੇਡ ਸ਼ੁਰੂ ਹੋ ਜਾਂਦੀ ਹੈ ਅਤੇ ਇਨ੍ਹੀਂ ਦਿਨੀਂ ਇਹੋ ਹੋ ਰਿਹਾ ਹੈ। ਯੂ. ਪੀ. ''ਚ ਸਪਾ ਅਤੇ ਬਸਪਾ ਵਿਚਾਲੇ ਭਾਰੀ ਉਥਲ-ਪੁਥਲ ਜਾਰੀ ਹੈ। ਸਪਾ ਜਿਥੇ ''ਯਾਦਵ ਪਰਿਵਾਰ'' ਵਿਚ ਪੈਦਾ ਹੋਏ ਅੰਦਰੂਨੀ ਕਲੇਸ਼ ਨੂੰ ਲੈ ਕੇ ਚਰਚਾ ''ਚ ਹੈ, ਉਥੇ ਹੀ ਬਸਪਾ ਦੇ ਨੇਤਾਵਾਂ ''ਚ ਪਾਰਟੀ ਲੀਡਰਸ਼ਿਪ ਵਿਰੁੱਧ ਨਾਰਾਜ਼ਗੀ ਵਜੋਂ ਇਸ ਨੂੰ ਛੱਡ ਕੇ ਜਾਣ ਦੀ ਦੌੜ ਜਿਹੀ ਲੱਗੀ ਹੋਈ ਹੈ।
22 ਜੂਨ ਨੂੰ ਬਸਪਾ ਦੇ ਸੂਬਾ ਪ੍ਰਧਾਨ ਸਵਾਮੀ ਪ੍ਰਸਾਦ ਮੌਰਿਆ ਨੇ ਪਾਰਟੀ ਵਿਚ ''ਘੁਟਨ'' ਮਹਿਸੂਸ ਕਰਦਿਆਂ ਅਸਤੀਫਾ ਦੇ ਦਿੱਤਾ ਅਤੇ ਮਾਇਆਵਤੀ ਨੂੰ ''ਦਲਿਤ'' ਦੀ ਨਹੀਂ, ''ਦੌਲਤ ਦੀ ਬੇਟੀ'' ਦੱਸਦਿਆਂ ਉਨ੍ਹਾਂ ''ਤੇ ਪਾਰਟੀ ਟਿਕਟਾਂ ਦੀ ''ਨਿਲਾਮੀ'' ਕਰਨ, ਵਰਕਰਾਂ ਨੂੰ ''ਗੁੰਮਰਾਹ'' ਕਰਨ ਅਤੇ ''ਗੁਲਾਮ'' ਬਣਾਉਣ ਦਾ ਦੋਸ਼ ਲਾਇਆ।
ਇਸ ਤੋਂ ਬਾਅਦ 30 ਜੂਨ ਨੂੰ ਸੂਬਾਈ ਬਸਪਾ ਦੇ ਇਕ ਹੋਰ ਪ੍ਰਮੁੱਖ ਨੇਤਾ ਆਰ. ਕੇ. ਚੌਧਰੀ ਨੇ ਪਾਰਟੀ ਛੱਡ ਦਿੱਤੀ ਅਤੇ ਮਾਇਆਵਤੀ ''ਤੇ ਧਨ ਉਗਰਾਹੁਣ ਦਾ ਦੋਸ਼ ਲਾਉਂਦਿਆਂ ਕਿਹਾ, ''''ਉਹ ਪਾਰਟੀ ''ਚ ਟਿਕਟਾਂ ਵੰਡਣ ਨੂੰ ਲੈ ਕੇ ਖੂਬ ਰੁਪਿਆਂ ਦੀ ਲੁੱਟ-ਖਸੁੱਟ ਕਰਦੀ ਹੈ ਤੇ ਬਸਪਾ ਇਕ ''ਰੀਅਲ ਅਸਟੇਟ ਕੰਪਨੀ'' ਬਣ ਕੇ ਰਹਿ ਗਈ ਹੈ।''''
ਬਸਪਾ ''ਚ ਤੀਜਾ ਧਮਾਕਾ 3 ਜੁਲਾਈ ਨੂੰ ਹੋਇਆ, ਜਦੋਂ ਬਸਪਾ ਦੀ ਸੂਬਾਈ ਲੀਡਰਸ਼ਿਪ ਤੋਂ ਦੁਖੀ ਹੋ ਕੇ ਪੰਜਾਬ ਬਸਪਾ ਦੇ ਜਨਰਲ ਸਕੱਤਰ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਬਲਦੇਵ ਸਿੰਘ ਖਹਿਰਾ ਨੇ ਪਾਰਟੀ  ਤੋਂ ਅਸਤੀਫਾ ਦੇ ਦਿੱਤਾ।
ਇਸ ਤੋਂ ਇਕ ਹਫਤੇ ਬਾਅਦ ਹੀ 12 ਜੁਲਾਈ ਨੂੰ ਪਾਰਟੀ ਦੇ ਕੌਮੀ ਸਕੱਤਰ ਅਤੇ ਬੰਗਾਲ ਤੇ ਝਾਰਖੰਡ ਦੇ ਇੰਚਾਰਜ ਰਹੇ ਪਰਮਦੇਵ ਯਾਦਵ ਤੇ ਸੀਤਾਪੁਰ ਦੇ ਬਸਪਾ ਆਗੂ ਇੰਦਰਪਾਲ ਰਾਜਵੰਸ਼ੀ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਛੱਡ ਦਿੱਤੀ।
ਪਰਮਦੇਵ ਯਾਦਵ ਨੇ ਦੋਸ਼ ਲਾਇਆ ਕਿ ''''32 ਸਾਲਾਂ ਤੱਕ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਰਿਹਾ ਪਰ ਅੱਜ ਮੈਨੂੰ ਮਾਇਆਵਤੀ ਨੂੰ ਮਿਲਣ ਲਈ ਕੋਆਰਡੀਨੇਟਰ ਤੋਂ ਸਮਾਂ ਲੈਣ ਲਈ ਕਿਹਾ ਜਾਂਦਾ ਹੈ ਅਤੇ ਉਹ ਮੈਨੂੰ ਪੁੱਛਦਾ ਹੈ ਕਿ ਮੈਂ ਪਾਰਟੀ ''ਚ ਕਿੰਨਾ ਧਨ ਜਮ੍ਹਾ ਕਰਵਾ ਰਿਹਾ ਹਾਂ?''''
''''ਬਸਪਾ ਠੇਕੇਦਾਰਾਂ, ਮਾਫੀਆ ਅਤੇ ਗੁੰਡਿਆਂ ਦੀ ਪਾਰਟੀ ਤੇ ਪ੍ਰਚੂਨ ਦੀ ਦੁਕਾਨ ਬਣ ਗਈ ਹੈ, ਜਿਥੇ ਪੰਚਾਇਤ ਮੈਂਬਰ ਤੋਂ ਵਿਧਾਨ ਸਭਾ ਮੈਂਬਰ ਤੱਕ ਲਈ ਟਿਕਟ ਦੀ ਕੀਮਤ ਚੁਕਾਉਣੀ ਪੈਂਦੀ ਹੈ। ਪਾਰਟੀ ''ਚ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।''''
ਬਸਪਾ ''ਚ ਬਗਾਵਤ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਅਤੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ, ਮਾਇਆਵਤੀ ਦੇ ਨੇੜਲੇ ਅਤੇ ''ਬਸਪਾ ਦਾ ਬ੍ਰਾਹਮਣ ਚਿਹਰਾ'' ਬ੍ਰਜੇਸ਼ ਪਾਠਕ ਬਸਪਾ ''ਚ ਭਾਰੀ ਭ੍ਰਿਸ਼ਟਾਚਾਰ ਅਤੇ ਹਫੜਾ-ਦਫੜੀ ਦਾ ਦੋਸ਼ ਲਾਉਂਦਿਆਂ ਵੱਡੀ ਗਿਣਤੀ ''ਚ ਆਪਣੇ ਸਾਥੀਆਂ ਸਮੇਤ 22 ਅਗਸਤ ਨੂੰ ਭਾਜਪਾ ''ਚ ਸ਼ਾਮਲ ਹੋ ਗਏ।
ਇਸ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮਾਇਆਵਤੀ ਦੀ ਇਕ ਰੈਲੀ ਦਾ ਪ੍ਰਬੰਧ ਕਰਦਿਆਂ ਦੇਖਿਆ ਗਿਆ ਸੀ, ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਅੱਜ ਸਿਆਸਤ ਕਿਸ ਤਰ੍ਹਾਂ ਅਨਿਸ਼ਚਿਤ ਅਤੇ ਆਦਰਸ਼ਾਂ, ਸਿਧਾਂਤਾਂ ਤੋਂ ਕੋਰੀ ਹੋ ਚੁੱਕੀ ਹੈ।
ਕੱਲ ਤੱਕ ਜਿਹੜੇ ਮਾਇਆਵਤੀ ਦਾ ਗੁਣਗਾਨ ਕਰਦੇ ਰਹੇ, ਹੁਣ ਉਹੀ ਉਨ੍ਹਾਂ ਦੀ ਕੱਟੜ ਵਿਰੋਧੀ ਵਿਚਾਰਧਾਰਾ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰਦਿਆਂ ਕਹਿ ਰਹੇ ਹਨ, ''''ਸਿਰਫ ਉਨ੍ਹਾਂ ਦਾ ਵਿਕਾਸ ਮਾਡਲ ਹੀ ਹੁਣ ਯੂ. ਪੀ. ਨੂੰ ਬਚਾ ਸਕਦਾ ਹੈ।''''
ਮਾਇਆਵਤੀ ਵਲੋਂ ਰਾਜ ਸਭਾ ''ਚ ਨਾ ਭੇਜਣ, ''ਸਰਵਸਮਾਜ'' ਦੀ ਅਣਦੇਖੀ, ਬ੍ਰਾਹਮਣ ਸਮਾਜ ਪ੍ਰਤੀ ਕੁੜੱਤਣ ਦੀ ਭਾਵਨਾ ਪਾਲਣ ਅਤੇ ਪਿਛਲੀਆਂ ਚੋਣਾਂ ''ਚ ਅਪਰਾਧਿਕ ਅਨਸਰਾਂ ਨੂੰ ਟਿਕਟਾਂ ਦੇਣ ਨੂੰ ਲੈ ਕੇ ਸ਼੍ਰੀ ਪਾਠਕ ਨਾਰਾਜ਼ ਸਨ। ਉਹ ਬਸਪਾ ਦੇ ਬਹੁਤ ਪ੍ਰਭਾਵਸ਼ਾਲੀ ਬ੍ਰਾਹਮਣ ਨੇਤਾਵਾਂ ''ਚ ਗਿਣੇ ਜਾਂਦੇ ਸਨ ਤੇ ਇਨ੍ਹਾਂ ਦਾ ਪਾਰਟੀ ਨਾਲੋਂ ਵੱਖ ਹੋਣਾ ਬਸਪਾ ਲਈ ਵੱਡਾ ਝਟਕਾ ਹੈ।
ਹੁਣ ਤੱਕ ਬਸਪਾ ਬਗਾਵਤ ਅਤੇ ਨਾਰਾਜ਼ਗੀ ਤੋਂ ਬਚੀ ਹੋਈ ਸੀ ਪਰ ਹੁਣ ਇਸ ''ਚ ਵੀ ਕਮਜ਼ੋਰੀਆਂ ਘਰ ਕਰਦੀਆਂ ਜਾ ਰਹੀਆਂ ਹਨ ਅਤੇ ਪਾਰਟੀ ''ਚ ਪੈਦਾ ਹੋਏ ਮਤਭੇਦਾਂ ਤੇ ਨਾਰਾਜ਼ਗੀ ਕਾਰਨ ਪਿਛਲੇ ਸਿਰਫ ਡੇਢ ਮਹੀਨੇ ''ਚ ਸਵਾਮੀ ਪ੍ਰਸਾਦ ਮੌਰਿਆ, ਆਰ. ਕੇ. ਚੌਧਰੀ, ਬਲਦੇਵ ਸਿੰਘ ਖਹਿਰਾ, ਪਰਮਦੇਵ ਯਾਦਵ, ਇੰਦਰਪਾਲ ਰਾਜਵੰਸ਼ੀ, ਬ੍ਰਜੇਸ਼ ਪਾਠਕ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਇਸ ਦੇ ਦੋ ਵਿਧਾਇਕ ਵੀ ਪਾਰਟੀ ਛੱਡ ਚੁੱਕੇ ਹਨ।
ਜਿਵੇਂ ਕਿ ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ, ਯੂ. ਪੀ. ਦੀਆਂ ਅਗਲੀਆਂ ਚੋਣਾਂ ''ਚ ਹੁਣ ਤੱਕ ਤਾਂ ਮੁਕਾਬਲਾ ਬਸਪਾ ਅਤੇ ਸਪਾ ਵਿਚਾਲੇ ਦਿਖਾਈ ਦਿੰਦਾ ਸੀ ਪਰ ਸਿਰਫ ਡੇਢ ਮਹੀਨੇ ''ਚ ਹੀ ਹੋਈਆਂ ਨਾਟਕੀ ਘਟਨਾਵਾਂ ''ਚ ਜਿਥੇ ਭਾਜਪਾ ਅਤੇ ਕਾਂਗਰਸ ਨੇ ਯੂ. ਪੀ. ''ਚ ਆਪਣੇ ਪੈਰ ਮਜ਼ਬੂਤ ਕੀਤੇ ਹਨ, ਉਥੇ ਹੀ ਸਪਾ ਅਤੇ ਬਸਪਾ ਕਮਜ਼ੋਰ ਹੋਈਆਂ ਹਨ।
ਇਹ ਘਟਨਾ ਸਪਾ ਅਤੇ ਬਸਪਾ ਦੋਹਾਂ ਦੇ ਹੀ ਨੇਤਾਵਾਂ ਲਈ ਇਕ ਸਬਕ ਹੈ ਕਿ ਜੇ ਕੋਈ ਮੈਂਬਰ ਕਿਸੇ ਮੁੱਦੇ ''ਤੇ ਨਾਰਾਜ਼ਗੀ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਗੱਲ ਅਣਸੁਣੀ ਕਰਨ ਦੀ ਬਜਾਏ ਉਸ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਕਰਕੇ ਹੀ ਸਪਾ ਅਤੇ ਬਸਪਾ ਨੂੰ ਅੱਜ ਇਸ ਸਥਿਤੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।    
—ਵਿਜੇ ਕੁਮਾਰ


Vijay Kumar Chopra

Chief Editor

Related News