ਰਾਜ ਠਾਕਰੇ ਦੇ ਰਾਜਗ ਨੂੰ ਸਮਰਥਨ ਨਾਲ ਪਾਰਟੀ ’ਚ ਫੁੱਟ, ਕਈ ਨੇਤਾਵਾਂ ਨੇ ਪਾਰਟੀ ਛੱਡੀ
Thursday, Apr 11, 2024 - 06:30 PM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਕਈ ਅਹੁਦੇਦਾਰਾਂ ਨੇ ਮਨਸੇ ਮੁਖੀ ਰਾਜ ਠਾਕਰੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੂੰ ਸਮਰਥਨ ਦੇਣ ਦੇ ਵਿਰੋਧ ਵਿਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਮਨਸੇ ਛੱਡਣ ਵਾਲਿਆਂ ਵਿਚ ਪਾਰਟੀ ਦੇ ਜਨਰਲ ਸਕੱਤਰ ਕੀਰਤੀ ਕੁਮਾਰ ਸ਼ਿੰਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਰਾਜ ਠਾਕਰੇ ਨੇ ਮੰਗਲਵਾਰ ਨੂੰ ਗੁੜੀ ਪਡਵਾ (ਰਵਾਇਤੀ ਮਹਾਰਾਸ਼ਟਰ ਨਵੇਂ ਸਾਲ) ’ਤੇ ਆਪਣੀ ਪਾਰਟੀ ਦੀ ਸਾਲਾਨਾ ਰੈਲੀ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਮਹਾਯੁਤੀ ਗੱਠਜੋੜ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਮਹਾਗੱਠਜੋੜ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਸ਼ਾਮਲ ਹੈ। ਠਾਕਰੇ ਦੇ ਰੁਖ ਦਾ ਹਵਾਲਾ ਦਿੰਦੇ ਹੋਏ ਮਿਹਿਰ ਦਾਵਤੇ ਅਤੇ ਮੁੰਬਈ ਦੇ ਬਾਹਰਵਾਰ ਡੋਂਬੀਵਲੀ ਵਿਚ ਮਨਸੇ ਦੇ ਵਿਦਿਆਰਥੀ ਵਿੰਗ ਦੇ ਅਹੁਦੇਦਾਰਾਂ ਨੇ ਵੀ ਪਾਰਟੀ ਛੱਡ ਦਿੱਤੀ।