‘ਨਿੱਜੀ ਖਾਹਿਸ਼ਾਂ ਦੇ ਕਾਰਣ’ ‘ਟੁੱਟ ਰਹੀਆਂ ਪਾਰਟੀਆਂ ਅਤੇ ਭਿੜ ਰਹੇ ਪਰਿਵਾਰ’

04/08/2021 3:16:40 AM

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਾਂ ’ਚੋਂ ਇਕ ਭਾਰਤ ਦਾ ਲੋਕਤੰਤਰ ਜਿੰਨਾ ਮਜ਼ਬੂਤ ਹੈ ਇਸ ਦੇਸ਼ ’ਤੇ ਸ਼ਾਸਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਓਨੀਆਂ ਹੀ ‘ਕਮਜ਼ੋਰ’ ਸਿੱਧ ਹੋਣ ਦੇ ਕਾਰਣ ਅਕਸਰ ਟੁੱਟਣ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ।

136 ਸਾਲ ਪੁਰਾਣੀ ‘ਗ੍ਰੈਂਡ ਓਲਡ ਪਾਰਟੀ’ ਕਾਂਗਰਸ ਆਜ਼ਾਦੀ ਤੋਂ ਪਹਿਲਾਂ ਵੀ ਦੋ ਵਾਰ ਟੁੱਟੀ ਅਤੇ ਆਜ਼ਾਦੀ ਦੇ ਬਾਅਦ ਵੀ ਕਈ ਵਾਰ ਟੁੱਟ ਚੁੱਕੀ ਹੈ।

ਸ਼ੁਰੂ ’ਚ ਇਸ ਦਾ ਚੋਣ ਨਿਸ਼ਾਨ ‘ਦੋ ਬੈਲਾਂ ਦੀ ਜੋੜੀ’ ਸੀ। ਜਦੋਂ ਇੰਦਰਾ ਗਾਂਧੀ ਨੇ ਵੱਖਰੀ ਪਾਰਟੀ ‘ਕਾਂਗਰਸ ਰਿਕਵੀਜ਼ੀਸ਼ਨ’ ਬਣਾਈ ਤਦ ਉਨ੍ਹਾਂ ਨੇ ਅਸਲੀ ਕਾਂਗਰਸ ਦੇ ਨਿਸ਼ਾਨ ‘ਬੈਲਾਂ ਦੀ ਜੋੜੀ’ ਨਾਲ ਮੇਲ ਖਾਂਦਾ ਚੋਣ ਨਿਸ਼ਾਨ ‘ਗਾਂ ਅਤੇ ਵੱਛਾ’ ਹਾਸਲ ਕੀਤਾ ਸੀ।

ਇਸ ਦੀ ਤੁਲਨਾ ਲੋਕ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਸੰਜੇ ਗਾਂਧੀ ਨਾਲ ਕਰਦੇ ਸਨ। 1977 ’ਚ ਹਾਰ ਦੇ ਬਾਅਦ ਇੰਦਰਾ ਨੇ ਨਵੀਂ ਪਾਰਟੀ ਕਾਂਗਰਸ (ਆਈ) ਬਣਾ ਕੇ ਉਸ ਦਾ ਨਾਂ ਇੰਡੀਅਨ ਨੈਸ਼ਨਲ ਕਾਂਗਰਸ ਰਖਵਾ ਲਿਆ ਅਤੇ ਚੋਣ ਨਿਸ਼ਾਨ ‘ਪੰਜਾ’ ਚੁਣਿਆ।

ਕਾਂਗਰਸ ਦੇ ਬਾਅਦ ਦੂਸਰੀ ਸਭ ਤੋਂ ਪੁਰਾਣੀ ‘ਭਾਰਤੀ ਕਮਿਊਨਿਸਟ ਪਾਰਟੀ’ ਪਹਿਲੀ ਵਾਰ 7 ਨਵੰਬਰ, 1964 ਨੂੰ ਦੋਫਾੜ ਹੋਈ ਅਤੇ ‘ਮਾਰਕਸਵਾਦੀ ਕਮਿਊਨਿਸਟ ਪਾਰਟੀ’ ਹੋਂਦ ’ਚ ਆਈ ਜਿਸ ਦੇ ਬਾਅਦ ਇਹ ‘ਭਾਕਪਾ ਮਾਲੇ’ ਆਦਿ ਕਈ ਧੜਿਆਂ ’ਚ ਵੰਡ ਚੁੱਕੀ ਹੈ।

23 ਜਨਵਰੀ, 1977 ਨੂੰ ਇੰਦਰਾ ਗਾਂਧੀ ਦਾ ਮੁਕਾਬਲਾ ਕਰਨ ਲਈ 7 ਪਾਰਟੀਆਂ ਦੇ ਮੇਲ ਨਾਲ ‘ਜਨਤਾ ਪਾਰਟੀ’ ਬਣੀ। ਇਸ ਨੇ ਚੋਣਾਂ ’ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਪਰ ਆਪਸੀ ਫੁੱਟ ਦੇ ਕਾਰਣ ਜਲਦੀ ਹੀ ਇਹ ਵੀ ਟੁੱਟ ਗਈ।

1988 ’ਚ ਬਣਿਆ ‘ਜਨਤਾ ਦਲ’ ਵੀ ਜਲਦੀ ਹੀ ਟੁੱਟ ਗਿਆ ਜਿਸ ਦਾ ਗਠਨ ਜਨਤਾ ਪਾਰਟੀ ਦੇ ਧੜਿਆਂ, ਰਾਸ਼ਟਰੀ ਲੋਕ ਦਲ, ਇੰਡੀਅਨ ਨੈਸ਼ਨਲ ਕਾਂਗਰਸ (ਜਗਜੀਵਨ), ਜਨ ਮੋਰਚਾ ਤੇ ਜਦ (ਸ) ਦੇ ਮੇਲ ਨਾਲ ਹੋਇਆ ਸੀ। ਇਸ ਨੂੰ ਤੋੜਨ ਦੀ ਸ਼ੁਰੂਆਤ 1992 ’ਚ ਚੰਦਰਸ਼ੇਖਰ ਨੇ ਕੀਤੀ ਅਤੇ ‘ਸਮਾਜਵਾਦੀ ਜਨਤਾ ਪਾਰਟੀ’ ਤੋਂ ਟੁੱਟ ਕੇ ਮੁਲਾਇਮ ਸਿੰਘ ਯਾਦਵ ਦੀ ਅਗਵਾਈ ’ਚ ‘ਸਮਾਜਵਾਦੀ ਪਾਰਟੀ’ (ਸਪਾ) ਬਣੀ।

1994 ’ਚ ਨਿਤੀਸ਼ ਕੁਮਾਰ ਤੇ ਹੋਰਨਾਂ ਨੇਤਾਵਾਂ ਨੇ ਲਾਲੂ ਯਾਦਵ ਤੋਂ ਵੱਖ ਹੋ ਕੇ ‘ਸਮਤਾ ਪਾਰਟੀ’ ਬਣਾਈ ਅਤੇ ਫਿਰ 5 ਜੁਲਾਈ, 1997 ਨੂੰ ਲਾਲੂ ਯਾਦਵ ਨੇ ‘ਰਾਸ਼ਟਰੀ ਜਨਤਾ ਦਲ’ (ਰਾਜਦ) ਬਣਾਇਆ। ਇਸ ਦੇ ਨਾਲ ਹੀ ਜਨਤਾ ਦਲ ਯੂਨਾਈਟਿਡ ਭਾਵ ਜਦ (ਯੂ) (ਸ਼ਰਦ ਯਾਦਵ) ਬਣੀ।

17 ਸਤੰਬਰ, 1949 ਨੂੰ ਸੀ. ਐੱਨ. ਅੰਨਾਦੁਰਾਈ ਨੇ ਤਾਮਿਲਨਾਡੂ ’ਚ ‘ਦ੍ਰਵਿੜ ਮੁਨੇਤਰ ਕਝਗਮ’ (ਦ੍ਰਮੁਕ) ਦੀ ਸਥਾਪਨਾ ਕੀਤੀ ਸੀ ਜੋ 17 ਅਕਤੂਬਰ, 1972 ਨੂੰ ਦੋਫਾੜ ਹੋ ਗਈ ਅਤੇ ਐੱਮ. ਜੀ. ਰਾਮਚੰਦਰਨ ਨੇ ‘ਅ. ਭਾ. ਅੰਨਾਦ੍ਰਮੁਕ’ ਬਣਾ ਲਈ।

7 ਫਰਵਰੀ, 2017 ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਪਨੀਰਸੇਲਵਮ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰ ਰਹੀ ਸ਼ਸ਼ੀਕਲਾ ਨੂੰ ਅੰਨਾਦ੍ਰਮੁਕ ’ਚੋਂ ਕੱਢਣ ਦੇ ਬਾਅਦ ਸ਼ਸ਼ੀਕਲਾ ਦੇ ਭਤੀਜੇ ਦਿਨਾਕਰਣ ਨੇ ਉਸ ਦੇ ਵਿਰੁੱਧ ਨਵੀਂ ਪਾਰਟੀ ‘ਅੰਮਾ ਮੱਕਲ ਮੁਨੇਤਰ ਕਝਗਮ’ ਬਣਾ ਲਈ।

ਸਿਆਸੀ ਪਰਿਵਾਰ ਵੀ ਇਸ ਚੱਕ-ਥਲ ਤੋਂ ਅਛੂਤੇ ਨਹੀਂ ਰਹੇ। ਯਾਦਵ ਪਰਿਵਾਰ ’ਚ 2017 ’ਚ ਪੁੱਤਰ ਅਖਿਲੇਸ਼ ਅਤੇ ਪਿਤਾ ਮੁਲਾਇਮ ਸਿੰਘ ਵੱਖ-ਵੱਖ ਧੜਿਆਂ ’ਚ ਵੰਡੇ ਦਿਖਾਈ ਦਿੱਤੇ ਅਤੇ ਮੁਲਾਇਮ ਦੇ ਭਰਾ ਸ਼ਿਵਪਾਲ ਨੇ ਮੁਲਾਇਮ ਦੀ ਅਗਵਾਈ ’ਚ ਨਵੀਂ ਪਾਰਟੀ ‘ਸਮਾਜਵਾਦੀ ਸੈਕੁਲਰ ਮੋਰਚਾ’ ਬਣਾਉਣ ਦਾ ਐਲਾਨ ਕਰ ਦਿੱਤਾ।

ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨ੍ਹਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਹਨ ਜਦਕਿ ਉਨ੍ਹਾਂ ਦੇ ਪੁੱਤਰ ਜਯੰਤ ਸਿਨ੍ਹਾ ਭਾਜਪਾ ’ਚ ਹਨ ਅਤੇ ਕੇਂਦਰ ਸਰਕਾਰ ’ਚ ਰਾਜ ਮੰਤਰੀ ਹਨ।

ਗਾਂਧੀ ਪਰਿਵਾਰ ’ਚ ਸੋਨੀਆ ਗਾਂਧੀ ਦੀ ਦਰਾਣੀ ਮੇਨਕਾ ਗਾਂਧੀ ਅਤੇ ਭਤੀਜਾ ਵਰੁਣ ਗਾਂਧੀ ਕਾਂਗਰਸ ਦੀ ਵਿਰੋਧੀ ਪਾਰਟੀ ਭਾਜਪਾ ’ਚ ਮਹੱਤਵਪੂਰਨ ਅਹੁਦਿਆਂ ’ਤੇ ਹਨ।

ਤ੍ਰਿਪੁਰਾ ਦੇ ਸਾਬਕਾ ਰਾਜਪਾਲ ‘ਤਥਾਗਤ ਰਾਏ’ ਭਾਜਪਾ ’ਚ ਹਨ ਜਦਕਿ ਉਨ੍ਹਾਂ ਦੇ ਛੋਟੇ ਭਰਾ ਸੌਗਤ ਰਾਏ ਭਾਜਪਾ ਦੀ ਵਿਰੋਧੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਨ ਅਤੇ ਦੋਵੇਂ ਇਕ-ਦੂਸਰੇ ਦੀ ਪਾਰਟੀ ਦੀ ਆਲੋਚਨਾ ਕਰਨ ਤੋਂ ਕਦੇ ਨਹੀਂ ਖੁੰਝਦੇ।

ਬੰਗਾਲ ਦਾ ਇਕ ਹੋਰ ਸਿਆਸੀ ਪਰਿਵਾਰ ਤ੍ਰਿਣਮੂਲ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਰੀ ‘ਨੁਸਰਤ ਜਹਾਂ’ ਦਾ ਵੀ ਹੈ। ਭਾਜਪਾ ਨੇਤਾ ਅਤੇ ਫਿਲਮ ਅਭਿਨੇਤਾ ਯਸ਼ ਦਾਸਗੁਪਤਾ ਦੇ ਨਾਲ ਨੁਸਰਤ ਦੀਆਂ ਨੇੜਤਾਈਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਹਰਿਆਣਾ ਦੇ ਸਾਬਕਾ ਮੰਤਰੀ ਚੌਧਰੀ ਦੇਵੀ ਲਾਲ (ਇਨੈਲੋ) ਦੇ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦੋਵੇਂ ਪੁੱਤਰ ਅਜੈ ਅਤੇ ਅਭੈ ਵੱਖ-ਵੱਖ ਧੜਿਆਂ ’ਚ ਹਨ। ਅਜੈ ਦੇ ਦੋਵੇਂ ਪੁੱਤਰ ਦੁਸ਼ਯੰਤ ਅਤੇ ਦਿਗਵਿਜੇ ਆਪਣੀ        ਵੱਖਰੀ ‘ਜਨਨਾਇਕ ਜਨਤਾ ਪਾਰਟੀ’ (ਜਜਪਾ) ਬਣਾ ਕੇ ਭਾਜਪਾ ਸਰਕਾਰ ’ਚ ਭਾਈਵਾਲ ਹਨ ਜਿਨ੍ਹਾਂ ਦੇ ਚਾਚਾ ਅਭੈ ਨਾਲ ਸਿਆਸੀ ਮਤਭੇਦ ਹਨ।

ਹਾਲ ਹੀ ’ਚ ਅਭੈ ਨੇ ਦੁਸ਼ਯੰਤ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ‘‘ਉਹ ਪਾਨੀਪਤ ਅਤੇ ਹਿਸਾਰ ’ਚ ਪ੍ਰੋਗਰਾਮ ਕਰਦੇ ਹਨ। ਜੇਕਰ ਦਮ ਹੈ ਤਾਂ ਆਪਣੇ ਚੋਣ ਹਲਕੇ ਉਚਾਨਾ ’ਚ ਕਰ ਕੇ ਦਿਖਾਉਣ।’’

ਅਸਲ ’ਚ ਸਿਆਸੀ ਪਾਰਟੀਆਂ ’ਚ ਟੁੱਟਣ ਅਤੇ ਪਰਿਵਾਰਾਂ ’ਚ ਇਸੇ ਨੂੰ ਲੈ ਕੇ ਚੱਕ-ਥਲ ਦਾ ਇਹ ਸਿਲਸਿਲਾ ਨਿੱਜੀ ਖਾਹਿਸ਼ਾਂ ਦਾ ਹੀ ਨਤੀਜਾ ਹੈ ਜਿਸ ’ਤੇ ਰੋਕ ਲਗਾਉਣੀ ਮੁਸ਼ਕਲ ਹੀ ਦਿਖਾਈ ਦਿੰਦੀ ਹੈ ਕਿਉਂਕਿ ਅੱਜ ਦੇਸ਼ ਦੇ ਹਿੱਤਾਂ ਦੇ ਮੁਕਾਬਲੇ ’ਚ ਨਿੱਜੀ ਸਵਾਰਥ ਸਭ ਤੋਂ ਉੱਪਰ ਹੋ ਗਏ ਹਨ।

–ਵਿਜੇ ਕੁਮਾਰ


Bharat Thapa

Content Editor

Related News