‘ਮੰਗਣਾ ਛੱਡ ਕੇ’ ਭਿਖਾਰੀ ਕਰ ਰਹੇ ਮੁੰਬਈ ’ਚ ‘ਸਫਾਈ ਦਾ ਕੰਮ’

10/14/2019 1:01:10 AM

ਬੇਰੋਜ਼ਗਾਰੀ ਵਾਂਗ ਹੀ ਭੀਖ ਮੰਗਣਾ ਵੀ ਅੱਜ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕਾ ਹੈ। ਦੇਸ਼ ਦੇ ਸ਼ਹਿਰਾਂ, ਪਿੰਡਾਂ ’ਚ ਅਤੇ ਕਸਬਿਆਂ ਤਕ ਵਿਚ ਬੱਚੇ-ਬੁੱਢੇ ਅਤੇ ਜਵਾਨ ਮਹਿਲਾਵਾਂ ਅਤੇ ਮਰਦ, ਅਪਾਹਿਜ ਅਤੇ ਸਮਰੱਥ ਭਿਖਾਰੀ ਫੈਲੇ ਹੋਏ ਹਨ, ਜਿਨ੍ਹਾਂ ਵਿਚੋਂ ਅਨੇਕ ਭੀਖ ਮੰਗਣ ਦੇ ਨਾਲ-ਨਾਲ ਅਨੇਕ ਸਮਾਜ ਵਿਰੋਧੀ ਗਤੀਵਿਧੀਆਂ, ਨਸ਼ੇ ਦੀ ਸਮੱਗਲਿੰਗ, ਬੱਚਿਆਂ ਦੇ ਅਗਵਾ ਅਤੇ ਵੇਸ਼ਵਾਵਿਰਤੀ, ਚੋਰੀ-ਚਕਾਰੀ, ਲੁੱਟ-ਖੋਹ ਆਦਿ ਵਿਚ ਵੀ ਸ਼ਾਮਲ ਪਾਏ ਜਾਂਦੇ ਹਨ।

ਇਹ ਵੀ ਇਕ ਤ੍ਰਾਸਦੀ ਹੈ ਕਿ ਦੇਸ਼ ’ਚ ਅਨਪੜ੍ਹ ਭਿਖਾਰੀਆਂ ਦੇ ਨਾਲ-ਨਾਲ ਪੜ੍ਹੇ-ਲਿਖੇ ਭਿਖਾਰੀ ਵੀ ਮੌਜੂਦ ਹਨ। ਇਹ ਕਹਿਣਾ ਮੁਸ਼ਕਿਲ ਹੈ ਕਿ ਦੇਸ਼ ’ਚ ਭਿਖਾਰੀਆਂ ਦੀ ਕਿੰਨੀ ਗਿਣਤੀ ਹੋਵੇਗੀ। ਹਾਲਾਂਕਿ ਕੇਂਦਰ ਸਰਕਾਰ ਨੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ’ਚ 3.72 ਲੱਖ ਭਿਖਾਰੀ ਦੱਸੇ ਸਨ।

ਮੁੰਬਈ ਿਵਚ ‘ਬਾਂਬੇ ਪ੍ਰੀਵੈਂਸ਼ਨ ਆਫ ਬੈਗਿੰਗ ਐਕਟ-1959’ ਅਨੁਸਾਰ ਜਨਤਕ ਥਾਵਾਂ ’ਤੇ ਭੀਖ ਮੰਗਣਾ ਸਜ਼ਾਯੋਗ ਅਪਰਾਧ ਹੈ ਅਤੇ ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਸੂਬਿਆਂ ਵਿਚ ਵੀ ਇਸ ਕਿਸਮ ਦੇ ਕਾਨੂੰਨ ਲਾਗੂ ਹਨ ਪਰ ਇਸ ਦੇ ਬਾਵਜੂਦ ਦੇਸ਼ ’ਚ ਆਜ਼ਾਦੀ ਤੋਂ 72 ਸਾਲਾਂ ਬਾਅਦ ਵੀ ਭਿਖਾਰੀਆਂ ਦੀ ਸਮੱਸਿਆ ਜਿਉਂ ਦੀ ਤਿਉਂ ਚੱਲੀ ਆ ਰਹੀ ਹੈ।

ਇਸ ਸਮੱਸਿਆ ਤੋਂ ਕਿਸੇ ਹੱਦ ਤਕ ਮੁਕਤੀ ਹਾਸਲ ਕਰਨ ਲਈ ‘ਮਹਾ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ’ ਨੇ ਇਸ ਮਹਾਨਗਰ ਦੀਆਂ ਸੜਕਾਂ ਅਤੇ ਪੁਲਾਂ ਆਦਿ ਦੀ ਸਫਾਈ ਲਈ ਭਿਖਾਰੀਆਂ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂ ਹਨ, ਜਿਸ ਦੇ ਸਿੱਟੇ ਵਜੋਂ ਉਥੇ ਸਫਾਈ ਦੀ ਸਥਿਤੀ ’ਚ ਕਾਫੀ ਸੁਧਾਰ ਹੋਇਆ ਨਜ਼ਰ ਆ ਰਿਹਾ ਹੈ।

‘ਮਹਾ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ’ ਦੇ ਅਧਿਕਾਰੀ ਭਿਖਾਰੀਆਂ ਨੂੰ ਇਕ ਪੁਲ ਦੀ ਝਾੜੂ ਨਾਲ ਸਫਾਈ ਕਰਨ ਦੇ ਬਦਲੇ 20 ਰੁਪਏ ਦਿੰਦੇ ਹਨ। ਇਸੇ ਤਰ੍ਹਾਂ ਹੋਰ ਸੜਕਾਂ ਦੀ ਸਫਾਈ ਲਈ ਵੀ ਨਕਦ ਰਕਮ ਦੇ ਬਦਲੇ ਭਿਖਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਅਨੇਕ ਭਿਖਾਰੀਆਂ ਦਾ ਕਹਿਣਾ ਹੈ ਕਿ ਉਹ ਕੰਮ ਕਰ ਕੇ ਖੁਸ਼ ਹਨ, ਜਿਸ ਨਾਲ ਉਨ੍ਹਾਂ ਨੂੰ ਦੋ ਸਮੇਂ ਦੀ ਢਿੱਡ ਭਰ ਕੇ ਰੋਟੀ ਮਿਲਣ ਲੱਗੀ ਹੈ।

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਨੂੰ ਭਿਖਾਰੀਆਂ ਦੀ ਸਹਾਇਤਾ ਨਾਲ ਸਵੱਛ ਬਣਾਉਣ ਦਾ ‘ਮਹਾ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ’ ਦਾ ਯਤਨ ਕਾਫੀ ਵਿਵਹਾਰਿਕ ਹੈ। ਹੋਰਨਾਂ ਨਗਰਾਂ ਤੇ ਕਸਬਿਆਂ ਦੀਆਂ ਲੋਕਲ ਬਾਡੀਜ਼ ਵੀ ਜੇਕਰ ਇਨ੍ਹਾਂ ਹੀ ਲੀਹਾਂ ’ਤੇ ਕੁਝ ਕਰ ਸਕਣ ਤਾਂ ਉਹ ਸਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ’ਚ ਕਿਸੇ ਹੱਦ ਤਕ ਸਹਾਇਕ ਸਿੱਧ ਹੋ ਸਕਦੀਆਂ ਹਨ। ਇਸ ਨਾਲ ਇਕ ਤਾਂ ਸਫਾਈ ਹੋ ਜਾਵੇਗੀ ਅਤੇ ਦੂਸਰਾ ਦੇਸ਼ ਨੂੰ ਭੀਖ ਮੰਗਣ ਦੀ ਸਮੱਸਿਆ ਤੋਂ ਵੀ ਮੁਕਤੀ ਮਿਲੇਗੀ।

–ਵਿਜੇ ਕੁਮਾਰ\\\


Bharat Thapa

Content Editor

Related News