ਤਾਮਿਲਨਾਡੂ ’ਚ ਬਿਹਾਰ ਦੇ ਲੋਕਾਂ ਦੀ ਕੁੱਟਮਾਰ ਸੱਚ ਕੀ ਅਤੇ ਝੂਠ ਕੀ !

03/06/2023 12:55:58 AM

ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਖੇਤਰਵਾਦ ਦੀ ਭਾਵਨਾ ਵਧ ਰਹੀ ਹੈ, ਜਿਸ ਦੇ ਨਤੀਜੇ ਵਜੋਂ ਇਕ ਸੂਬੇ ਤੋਂ ਦੂਜੇ ਸੂਬੇ ’ਚ ਰੋਜ਼ੀ-ਰੋਟੀ ਦੇ ਲਈ ਗਏ ਹੋਏ ਲੋਕਾਂ ’ਤੇ ਹਮਲੇ ਹੋਣ ਲੱਗੇ ਹਨ। ਕੁਝ ਸਾਲ ਪਹਿਲਾਂ ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਵੱਲੋਂ ਮਹਾਰਾਸ਼ਟਰ ’ਚ ਉੱਤਰ ਭਾਰਤੀਆਂ ਵਿਰੁੱਧ ਨਫ਼ਰਤ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਮੁੰਬਈ ਅਤੇ ਸੂਬੇ ’ਚ ਹੋਰਨਾਂ ਥਾਵਾਂ ’ਤੇ ਉੱਤਰ ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਕਈ ਹਮਲੇ ਕੀਤੇ ਗਏ। ਹੁਣ ਅਚਾਨਕ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ’ਚ ਬਿਹਾਰ (ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਇਲਾਵਾ) ਦੇ ਲੋਕਾਂ ’ਤੇ ਹਮਲੇ ਕੀਤੇ ਜਾਣ ਦੇ ਨਤੀਜੇ ਵਜੋਂ ਡਰ ਦੇ ਮਾਰੇ ਉਨ੍ਹਾਂ ’ਚੋਂ ਕਈ ਲੋਕਾਂ ਦੇ ਘਰ ਪਰਤਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਤਾਮਿਲਨਾਡੂ ਦੇ ਤ੍ਰਿਪੁਰ ’ਚ ਜਮੁਈ ਦੇ ਸਿਕੰਦਰਾ ਨਿਵਾਸੀ ਇਕ ਨੌਜਵਾਨ ਦੀ ਹੱਤਿਆ ਦੇ ਬਾਅਦ ਦਾਸਨਪੁਰ ’ਚ ਇਕ ਵਾਰ ਫਿਰ ਸਿਕੰਦਰਾ ਦੇ ਇਕ ਹੋਰ ਨੌਜਵਾਨ ਦੀ ਮੌਤ ਨਾਲ ਭੜਥੂ ਪੈ ਗਿਆ ਜਿਸ ਦੇ ਬਾਰੇ ’ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਨੂੰ ਮਾਰ ਕੇ ਖੁਦਕੁਸ਼ੀ ਦਾ ਰੂਪ ਦਿੱਤਾ ਗਿਆ। ਇਕ ਨੌਜਵਾਨ ਦੇ ਅਨੁਸਾਰ ਤਾਮਿਲਨਾਡੂ ਦੇ ‘ਤ੍ਰਿਪੁਰ’ ’ਚ ਸਥਾਨਕ ਔਰਤਾਂ ਵੀ ਬਿਹਾਰ ਦੇ ਮਜ਼ਦੂਰਾਂ ਦੇ ਵਿਰੋਧ ’ਚ ਆ ਗਈਆਂ ਹਨ ਅਤੇ ‘ਮੇਰਾ ਦੇਸ਼ ਛੱਡੋ’ ਦਾ ਨਾਅਰਾ ਲਗਾ ਰਹੀਆਂ ਹਨ।

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸੂਬੇ ’ਚ ਸਾਰੇ ਪ੍ਰਵਾਸੀ ਕਿਰਤੀਆਂ ਦੇ ਸੁਰੱਖਿਅਤ ਹੋਣ ਦਾ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ, ‘‘ਸਾਰੇ ਕਿਰਤੀ ਸਾਡੇ ਕਿਰਤੀ ਹਨ, ਜੋ ਤਾਮਿਲਨਾਡੂ ਦੇ ਵਿਕਾਸ ’ਚ ਮਦਦ ਕਰਦੇ ਹਨ।’’

ਜਮੁਈ ਦੇ ਇਕ ਮਜ਼ਦੂਰ ਨੇ ਦਾਅਵਾ ਕੀਤਾ ਹੈ ਕਿ ਤਾਮਿਲਨਾਡੂ ’ਚ ਘੱਟੋ-ਘੱਟ 15 ਵਿਅਕਤੀਆਂ ਦੀ ਹੱਤਿਆ ਕੀਤੀ ਗਈ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ’ਤੇ ਵਾਇਰਲ ਬਿਹਾਰੀ ਮਜ਼ਦੂਰਾਂ ਦੇ ਵੀਡੀਓ ’ਚ ਅਤੇ ਪਟਨਾ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਮਜ਼ਦੂਰ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਹਿੰਦੀ ਬੋਲਦੇ ਹੀ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਇਕ ਮਜ਼ਦੂਰ ਦੇ ਅਨੁਸਾਰ ਤਾਮਿਲਨਾਡੂ ’ਚ ਪਿਛਲੇ ਲਗਭਗ 20 ਦਿਨਾਂ ਤੋਂ ਮਾਹੌਲ ਖਰਾਬ ਹੈ। ਬਿਹਾਰ ਪਰਤੇ ਇਕ ਮਜ਼ਦੂਰ ਦਾ ਕਹਿਣਾ ਹੈ ਕਿ 24 ਫਰਵਰੀ ਨੂੰ ਜਦੋਂ ਉਹ ਲੋਕ ਬੱਸ ਰਾਹੀਂ ਡਿਊਟੀ ’ਤੇ ਜਾ ਰਹੇ ਸਨ ਤਾਂ ਬੱਸ ਸਟੈਂਡ ’ਤੇ ਤਮਿਲ ਨੌਜਵਾਨਾਂ ਦੇ ਇਕ ਝੁੰਡ ਨੇ ਉਨ੍ਹਾਂ ਦੀ ਬੱਸ ਰੁਕਵਾ ਕੇ ਪੁੱਛਿਆ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਉੱਤਰ ’ਚ ਬਿਹਾਰ ਦੱਸਣ ’ਤੇ ਉਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਤਮਿਲ ’ਚ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਤੁਹਾਡੇ ਲੋਕਾਂ ਦੇ ਕਾਰਨ ਸਾਡਾ ਮਿਹਨਤਾਨਾ ਘਟ ਗਿਆ ਹੈ। ਇਸ ਦੇ ਬਾਅਦ ਇਨ੍ਹਾਂ ਲੋਕਾਂ ਨੇ ਬਿਹਾਰ ਪਰਤਣ ਦਾ ਫੈਸਲਾ ਕਰ ਲਿਆ।

ਦੂਜੇ ਪਾਸੇ ਤਾਮਿਲਨਾਡੂ ਦੇ ਪੁਲਸ ਮਹਾਨਿਰਦੇਸ਼ਕ ਸੀ. ਸ਼ੈਲੇਂਦਰ ਬਾਬੂ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਜਾਰੀ ਦੋਵੇਂ ਵੀਡੀਓ ਨਕਲੀ ਹਨ, ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਵੀਡੀਓ ’ਚ ਦਿਖਾਈ ਗਈਆਂ ਦੋਵੇਂ ਹੀ ਘਟਨਾਵਾਂ ਕੁਝ ਸਮਾਂ ਪਹਿਲਾਂ ਤ੍ਰਿਪੁਰ ਤੇ ਕੋਇੰਬਟੂਰ ਦੀਆਂ ਹਨ। ਦੋਵਾਂ ਹੀ ਮਾਮਲਿਆਂ ’ਚ ਝੜਪ ਤਾਮਿਲਨਾਡੂ ਦੇ ਲੋਕਾਂ ਤੇ ਪ੍ਰਵਾਸੀ ਮਜ਼ਦੂਰਾਂ ਦੇ ਦਰਮਿਆਨ ਦੀ ਨਹੀਂ ਸੀ।

ਇਕ ਵੀਡੀਓ ਬਿਹਾਰ ਪ੍ਰਵਾਸੀ ਮਜ਼ਦੂਰਾਂ ਦੇ ਦੋ ਧੜਿਆਂ ਦਰਮਿਆਨ ਹੋਈ ਝੜਪ ਦਾ ਹੈ, ਜਦਕਿ ਦੂਜਾ ਵੀਡੀਓ ਕੋਇੰਬਟੂਰ ਦੇ ਦੋ ਸਥਾਨਕ ਨਿਵਾਸੀਆਂ ਦੇ ਦਰਮਿਆਨ ਹੋਈ ਟੱਕਰ ਦਾ ਹੈ। ਉਥੇ ਹੀ ਪ੍ਰਵਾਸੀ ਕਿਰਤੀਆਂ ਨੂੰ ਹਮਲਿਆਂ ’ਤੇ ਦੋਸ਼ਾਂ ਦੀ ਜਾਂਚ ਦੇ ਲਈ ਬਿਹਾਰ ਤੋਂ ਅਧਿਕਾਰੀਆਂ ਦੀ 4 ਮੈਂਬਰੀ ਇਕ ਟੀਮ ਤਾਮਿਲਨਾਡੂ ਪਹੁੰਚ ਗਈ ਹੈ।

2 ਮਾਰਚ ਸ਼ਾਮ ਨੂੰ ਤਾਮਿਲਨਾਡੂ ਤੋਂ ਆਉਣ ਵਾਲੀ ਟ੍ਰੇਨ ਰਾਹੀਂ ਬਿਹਾਰ ਦੇ ਝਾਜਾ ਰੇਲਵੇ ਸਟੇਸ਼ਨ ’ਤੇ ਉਤਰੇ 50 ਤੋਂ ਵੱਧ ਨੌਜਵਾਨ ਮਜ਼ਦੂਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ’ਤੇ ਲਗਾਤਾਰ ਹਮਲੇ ਕਰ ਕੇ ਉਨ੍ਹਾਂ ਨੂੰ ਉੱਥੋਂ ਭਜਾਇਆ ਜਾ ਰਿਹਾ ਹੈ ਅਤੇ ਇਸੇ ਕਾਰਨ ਆਪਣਾ ਰੋਜ਼ਗਾਰ ਅਤੇ ਪੈਸਾ ਛੱਡ ਕੇ ਉਨ੍ਹਾਂ ਨੂੰ ਆਉਣਾ ਪਿਆ ਹੈ। ਪੁਲਸ ਦੇ ਸਾਹਮਣੇ ਬਿਹਾਰ ਦੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਹ ਚੁੱਪਚਾਪ ਦੇਖਦੀ ਰਹੀ।

ਜਿੱਥੇ ਇਸ ਮਾਮਲੇ ’ਤੇ ਬਿਹਾਰ ’ਚ ਸਿਆਸਤ ਤੇ ਵਿਧਾਨ ਸਭਾ ’ਚ ਹੰਗਾਮੇ ਤੋਂ ਇਲਾਵਾ ਸਿਆਸੀ ਆਗੂਆਂ ਵੱਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਵਾਸੀ ਕਿਰਤੀਆਂ ’ਤੇ ਹਮਲਿਆਂ ਦੀਆਂ ਖਬਰਾਂ ’ਤੇ ਸੂਬੇ ਦੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਦੇਖਣ ਨੂੰ ਕਿਹਾ ਹੈ।

ਉਂਝ ਤਾਂ ਚੋਣਾਂ ਦੇ ਮਾਹੌਲ ’ਚ ਬੜੀਆਂ ਗ਼ਲਤ ਖਬਰਾਂ ਵਾਇਰਲ ਕੀਤੀਆਂ ਜਾਂਦੀਆਂ ਹਨ ਜਾਂ ਫਿਰ ਹੋ ਜਾਂਦੀਆਂ ਹਨ। ਇਸ ਲਈ ਹਰੇਕ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਕਿਸੇ ਵੀ ਵਾਇਰਲ ਹੋਏ ਵੀਡੀਓ ਦੀ ਤਸਦੀਕ ਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਲਿਆ ਜਾਵੇ। ਕਿਸੇ ਵੀ ਵੀਡੀਓ ਨੂੰ ਚੈੱਕ ਕਰਨ ਦੇ ਲਈ ਗੂਗਲ ’ਤੇ ਜਾ ਕੇ ਉਸ ਵੀਡੀਓ ਦਾ ਸਕ੍ਰੀਨ ਸ਼ਾਟ ਲੈ ਕੇ ਉਸ ਦੀ ਅਸਲੀਅਤ ਨੂੰ ਜਾਂਚਿਆ ਜਾ ਸਕਦਾ ਹੈ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਜਦੋਂ ਕੁਝ ਹੋਇਆ ਹੀ ਨਹੀਂ ਹੈ ਤਾਂ ਫਿਰ ਕਿਸ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਕਿਸ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇਗੀ?


Manoj

Content Editor

Related News