ਮੁਸ਼ਕਲ ਨਾਲ ‘ਘਰ ਪਰਤੇ ਪ੍ਰਵਾਸੀਅਾਂ ਦੇ ਨਾਲ’ ਹੁਣ ਆਪਣੇ ਹੀ ਕਰ ਰਹੇ ‘ਉਲਟ ਸਲੂਕ’

05/24/2020 2:26:34 AM

ਲਾਕਡਾਊਨ ਦੇ ਕਾਰਨ ਬੋਰੋਜ਼ਗਾਰ ਹੋਏ ਪ੍ਰਵਾਸੀ ਕਿਰਤੀਅਾਂ ਦੀਅਾਂ ਸਮੱਸਿਆਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਅਾਂ। ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਉਨ੍ਹਾਂ ਲਈ ਵਿਸ਼ੇਸ਼ ਰੇਲਗੱਡੀਅਾਂ ਅਤੇ ਬੱਸਾਂ ਚਲਾਉਣ ਦੇ ਗੈਰ-ਤਸੱਲੀਬਖਸ਼ ਪ੍ਰਬੰਧਾਂ ਦੇ ਕਾਰਨ ਪ੍ਰਵਾਸੀ ਕਿਰਤੀ, ਔਰਤਾਂ, ਮਰਦ, ਬੱਚੇ ਅਤੇ ਬਜ਼ੁਰਗ ਆਪਣੀ ਜਾਨ ’ਤੇ ਖੇਡ ਕੇ ਕਿਸੇ ਵੀ ਤਰ੍ਹਾਂ ਆਪਣੇ ਘਰ ਪਹੁੰਚਣ ਲਈ ਨਿਕਲ ਪਏ ਹਨ ਅਤੇ ਇਸ ਕੋਸ਼ਿਸ਼ ’ਚ ਹਾਦਸਿਅਾਂ ਦਾ ਸ਼ਿਕਾਰ ਹੋ ਕੇ ਆਪਣੀਅਾਂ ਜਾਨਾਂ ਵੀ ਗੁਆ ਰਹੇ ਹਨ। ਇਸ ਤਰ੍ਹਾਂ ਦੀਅਾਂ ਪ੍ਰੇਸ਼ਾਨ ਕਰਨ ਵਾਲੀਅਾਂ ਖਬਰਾਂ ਦਰਮਿਆਨ ਹੁਣ ਕੁਝ ਹੋਰ ਖਬਰਾਂ ਨੇ ਅਧਿਕਾਰੀਅਾਂ ਦੀ ਨੀਂਦ ਉਡਾ ਦਿੱਤੀ ਹੈ। ਇਕ ਖਬਰ ਦੇ ਅਨੁਸਾਰ ਵੱਖ-ਵੱਖ ਸੂਬਿਅਾਂ ’ਚ ਫਸੇ ਬਿਹਾਰ ਦੇ ਲਗਭਗ 3 ਲੱਖ ਕਿਰਤੀ ਬਿਨਾਂ ਜਾਂਚ ਕਰਵਾਏ ਚੋਰੀ-ਛਿਪੇ ਬਿਹਾਰ ਆਪਣੇ ਘਰਾਂ ’ਚ ਪਹੁੰਚ ਗਏ ਜਿਸ ਕਾਰਨ ਬਿਹਾਰ ’ਚ ਕੋਰੋਨਾ ਇਨਫੈਕਸ਼ਨ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਮੋਬਾਇਲਾਂ ਦੀ ਲੋਕੇਸ਼ਨ ਤੋਂ ਇਹ ਖੁਲਾਸਾ ਹੋਣ ਤੋਂ ਬਾਅਦ ਬਿਹਾਰ ਦੇ ਗ੍ਰਹਿ ਵਿਭਾਗ ਨੇ ਅਜਿਹੇ ਕਿਰਤੀਅਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਸਕ੍ਰੀਨਿੰਗ ਕਰਨ ਦਾ ਹੁਕਮ ਦਿੱਤਾ ਹੈ। ਇਸੇ ਤਰ੍ਹਾਂ ਕੁਝ ਪ੍ਰੇਸ਼ਾਨ ਕਰਨ ਵਾਲੀਅਾਂ ਖਬਰਾਂ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਆਈਅਾਂ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਦੂਜੇ ਸੂਬਿਅਾਂ ਤੋਂ ਉੱਤਰ ਪ੍ਰਦੇਸ਼ ਪਹੁੰਚੇ ਅਤੇ ਸਿਹਤ ਵਿਭਾਗ ਵਲੋਂ ਨਿਰਧਾਰਿਤ ‘ਏਕਾਂਤਵਾਸ’ ਦੀ ਮਿਆਦ ਪੂਰੀ ਕਰ ਚੁੱਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਲੋਕ ਆਪਣੇ ਘਰਾਂ ’ਚ ਦਾਖਲ ਨਹੀਂ ਹੋਣ ਦੇ ਰਹੇ। ਇਸ ਕਾਰਨ ਸੂਬੇ ਦੇ ਕਈ ਜ਼ਿਲਿਅਾਂ ’ਚ ਲੜਾਈ-ਝਗੜੇ ਸ਼ੁਰੂ ਹੋ ਗਏ ਅਤੇ ਪਿਛਲੇ 6 ਦਿਨਾਂ ’ਚ ਇਕੱਲੇ ਪ੍ਰਯਾਗਰਾਜ ਜ਼ਿਲੇ ’ਚ ਹੀ ਇਸ ਤਰ੍ਹਾਂ ਦੀ 24 ਅਤੇ ਪ੍ਰਤਾਪਗੜ੍ਹ ਜ਼ਿਲੇ ’ਚ 15 ਹਾਦਸੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕੁੱਝ ਮਾਮਲਿਅਾਂ ’ਚ ਸਥਾਨਕ ਲੋਕਾਂ ਵਲੋਂ ਘਰ ਪਰਤੇ ਪ੍ਰਵਾਸੀਅਾਂ ਨੂੰ ‘ਕੋਰੋਨਾ ਕੈਰੀਅਰ’ (ਕੋੋਰੋਨਾ ਦੇ ਵਾਹਕ) ਕਹਿ ਕੇ ਚਿੜ੍ਹਾਉਣ ਨਾਲ ਕੁੱਟਮਾਰ ਦੀ ਨੌਬਤ ਵੀ ਆ ਰਹੀ ਹੈ। ਅਜਿਹੇ ਹੀ ਇਕ ਮਾਮਲੇ ’ਚ ਪ੍ਰਤਾਪਗੜ੍ਹ ਜ਼ਿਲੇ ’ਚ ਦੂਜੇ ਸੂਬਿਅਾਂ ਤੋਂ ਪਰਤੇ ਕਿਰਤੀ ’ਤੇ ਉਸੇ ਦੇ ਪਿੰਡ ਦੇ 9 ਵਿਅਕਤੀਅਾਂ ਨੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ 12 ਹੋਰਨਾ ਨੂੰ ਜ਼ਖਮੀ ਕਰ ਦਿੱਤਾ। ਅਜਿਹੀ ਹੀ ਇਕ ਖਬਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਤੋਂ ਵੀ ਸੁਣਨ ’ਚ ਆਈ ਹੈ ਜਿਥੇ ਦੂਜੇ ਸੂਬਿਅਾਂ ਤੋਂ ਆਉਣ ਵਾਲੇ ਪ੍ਰਦੇਸ਼ ਦੇ ਲੋਕਾਂ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿੰਡ ਦੇ ਲੋਕ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਨਾਲ ਵੀ ਅਜਿਹਾ ਹੀ ਸਲੂਕ ਕਰ ਰਹੇ ਹਨ। ਦੂਸਰੇ ਸੂਬਿਅਾਂ ’ਚ ਜਾ ਕੇ ਸਖਤ ਮਿਹਨਤ ਨਾਲ ਆਪਣਾ ਅਤੇ ਆਪਣੇ ਸੂਬਿਅਾਂ ’ਚ ਰਹਿ ਰਹੇ ਪਰਿਵਾਰਕ ਮੈਂਬਰਾਂ ਦਾ ਪੇਟ ਪਾਲਣ ਵਾਲੇ ਪ੍ਰਵਾਸੀਅਾਂ ਦੇ ਨਾਲ ਸੰਕਟ ਦੇ ਇਸ ਸਮੇਂ ’ਚ ਉਨ੍ਹਾਂ ਦੇ ਆਪਣਿਅਾਂ ਦੇ ਹੀ ਵਲੋਂ ਇਸ ਤਰ੍ਹਾਂ ਦਾ ਸਲੂਕ ਕਰਨਾ ਕਿਸੇ ਵੀ ਤਰ੍ਹਾਂ ਅਣਉਚਿਤ ਹੈ। ਉਹ ਇਸ ਸਮੇਂ ਨਫਰਤ ਦੇ ਨਹੀਂ, ਹਮਦਰਦੀ ਦੇ ਪਾਤਰ ਹਨ ਅਤੇ ਉਨ੍ਹਾਂ ਦੇ ਜ਼ਖਮਾਂ ’ਤੇ ਹਮਦਰਦੀ ਦੀ ਮਲ੍ਹਮ ਲਗਾਉਣ ਦੀ ਲੋੜ ਹੈ ਨਾ ਕਿ ਲੂਣ ਛਿੜਕਣ ਦੀ ਕਿਉਂਕਿ ਇਸ ਸਮੇਂ ਤਾਂ ਉਨ੍ਹਾਂ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੋਈ ਹੈ ਕਿ :

‘ਨਾ ਘਰ ਦੇ ਰਹੇ ਨਾ ਘਾਟ ਦੇ’

–ਵਿਜੇ ਕੁਮਾਰ


Bharat Thapa

Content Editor

Related News