ਦਿਨ-ਦਿਹਾੜੇ ਪੁਲਸ ਥਾਣੇ ’ਤੇ ਹਮਲਾ ਅਤੇ ਭਰੀ ਦੁਪਹਿਰ ਨੂੰ ਬੈਂਕਾਂ ’ਚ ਲੁੱਟ

07/28/2023 3:41:25 AM

ਦੇਸ਼ ’ਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹੁਣ ਤਾਂ ਅਪਰਾਧੀ ਤੱਤਾਂ ਨੇ ਦਿਨ-ਦਿਹਾੜੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ’ਤੇ ਹਮਲੇ ਕਰਨੇ ਅਤੇ ਬੈਂਕ ਲੁੱਟਣੇ ਸ਼ੁਰੂ ਕਰ ਦਿੱਤੇ ਹਨ। ਅਜਿਹੀਆਂ ਚੰਦ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ :

* 26 ਜੁਲਾਈ ਨੂੰ ਹਿਸਾਰ ਦੇ ‘ਸਾਤਰੋਡ ਖੁਰਦ’ ਪਿੰਡ ’ਚ ਬਿਨਾਂ ਨੰਬਰ ਪਲੇਟ ਦੀ ਬਾਈਕ ’ਤੇ ਆਏ ਹਥਿਆਰਾਂ ਨਾਲ ਲੈਸ 2 ਬਦਮਾਸ਼ਾਂ ਨੇ ਦਿਨ-ਦਿਹਾੜੇ ਸਥਾਨਕ ਯੂਕੋ ਬੈਂਕ ਦੇ ਮੈਨੇਜਰ ਦੀ ਪੁੜਪੁੜੀ ’ਤੇ ਪਿਸਤੌਲ ਰੱਖ ਕੇ ਅਤੇ ਕੈਸ਼ੀਅਰ ਨੂੰ ਚਾਕੂ ਦਿਖਾ ਕੇ 49,000 ਰੁਪਏ ਲੁੱਟ ਲਏ। ਇਨ੍ਹਾਂ ’ਚੋਂ ਇਕ ਨੌਜਵਾਨ ਨੇ ਹੈਲਮੇਟ ਪਹਿਨਿਆ ਹੋਇਆ ਸੀ ਅਤੇ ਦੂਜੇ ਨੇ ਮੂੰਹ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ।

* 26 ਜੁਲਾਈ ਨੂੰ ਹੀ ਨਵੀਂ ਦਿੱਲੀ ਦੇ ਜਯੋਤੀ ਨਗਰ ਥਾਣਾ ਕੰਪਲੈਕਸ ’ਚ ਇਕ ਵਿਅਕਤੀ ਨੇ ਆਪਣੇ 2 ਪੁੱਤਰਾਂ ਨਾਲ ਮਿਲ ਕੇ ਏ. ਐੱਸ. ਆਈ. ਦੀ ਕੁੱਟਮਾਰ ਕਰਨ ਦੇ ਇਲਾਵਾ ਸਿਰ ’ਤੇ ਪੱਥਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਗੁਰੂ ਤੇਗ ਬਹਾਦਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਏ. ਐੱਸ. ਆਈ. ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਥਾਣੇ ’ਚ ਜਦ ਉਹ 2 ਗੁਆਂਢੀਆਂ ਵਿਚਾਲੇ ਝਗੜੇ ਦੇ ਸਿਲਸਿਲੇ ’ਚ ਇਕ ਧਿਰ ਨਾਲ ਗੱਲ ਕਰ ਰਹੇ ਸੀ ਤਾਂ ਦੂਜੀ ਧਿਰ ਦੇ ਲੋਕ ਬੁਰੀ ਤਰ੍ਹਾਂ ਭੜਕ ਗਏ ਅਤੇ ਆਪਣੇ ਬੇਟਿਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ।

* 25 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਝਗੜੇ ਦੀ ਸ਼ਿਕਾਇਤ ’ਤੇ ਪਿੰਡ ਕੁਰਾਈਵਾਲਾ ਪੁੱਜੇ ਪੁਲਸ ਕਾਂਸਟੇਬਲ ਦੀ ਕੁਝ ਲੋਕਾਂ ਨੇ ਵਰਦੀ ਪਾੜ ਦਿੱਤੀ ਤੇ ਉਸ ਦਾ ਰਿਵਾਲਵਰ ਖੋਹਣ ਦਾ ਯਤਨ ਵੀ ਕੀਤਾ। ਇਸ ਸਿਲਸਿਲੇ ’ਚ ਪੁਲਸ ਨੇ ਕੁਰਾਈਵਾਲਾ ਦੇ 4 ਲੋਕਾਂ ਨੂੰ ਕਾਬੂ ਕਰ ਲਿਆ ਹੈ।

* 25 ਜੁਲਾਈ ਨੂੰ ਹੀ ਨਸ਼ਾ ਸਮੱਗਲਿੰਗ ਦੀ ਸ਼ਿਕਾਇਤ ਮਿਲਣ ’ਤੇ ਮਲੋਟ ’ਚ ਛਾਪੇਮਾਰੀ ਕਰਨ ਗਈ ਪੁਲਸ ਟੀਮ ਦੇ ਮੈਂਬਰਾਂ ਨਾਲ ਦੋਸ਼ੀਆਂ ਵੱਲੋਂ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ 2 ਔਰਤਾਂ ਸਮੇਤ 6 ਲੋਕਾਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ।

* 25 ਜੁਲਾਈ ਦੀ ਰਾਤ ਨੂੰ ਹੀ ਫਰੀਦਾਬਾਦ ’ਚ ਆਪਣੇ ਸਾਥੀ ਕਾਂਸਟੇਬਲ ਨਾਲ ਗਸ਼ਤ ’ਤੇ ਨਿਕਲੇ ਸੂਰਜਕੁੰਡ ਥਾਣੇ ’ਚ ਤਾਇਨਾਤ ਸਪੈਸ਼ਲ ਪੁਲਸ ਆਫਿਸਰ (ਐੱਸ. ਪੀ. ਓ.) ਨੂੰ ਇਕ ਨੌਜਵਾਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਐੱਸ. ਪੀ. ਓ. ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਸੜਕ ਦੇ ਕੰਢੇ ਪਈ ਇੱਟ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰਨ ਪਿੱਛੋਂ ਫਰਾਰ ਹੋ ਗਿਆ।

* 24 ਜੁਲਾਈ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲੇ ’ਚ ਸ਼ਰਾਬ ਵਿਰੋਧੀ ਮੁਹਿੰਮ ’ਚ ਸ਼ਾਮਲ ਹੋਮਗਾਰਡ ਦੇ ਜਵਾਨ ਨਾਰਾਇਣ ਰਾਏ ਨੂੰ ਸ਼ਰਾਬ ਮਾਫੀਆ ਦੇ ਮੈਂਬਰਾਂ ਨੇ ਕੁੱਟ-ਕੁੱਟ ਕੇ ਮਾਰ ਿਦੱਤਾ।

* 6 ਜੁਲਾਈ ਨੂੰ ਸੀਕਰ (ਰਾਜਸਥਾਨ) ਦੇ ਹਰਸਾਵਾ ਪਿੰਡ ਸਥਿਤ ਇਕ ਪ੍ਰਾਈਵੇਟ ਬੈਂਕ ਦੀ ਸ਼ਾਖਾ ਤੋਂ ਦਿਨ-ਦਿਹਾੜੇ ਇਕ ਨਕਾਬਪੋਸ਼ ਲੁਟੇਰੇ ਨੇ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਕੇ 24 ਲੱਖ ਰੁਪਏ ਲੁੱਟ ਲਏ। ਬਦਮਾਸ਼ ਪੈਦਲ ਹੀ ਬੈਂਕ ’ਚ ਦਾਖਲ ਹੋਇਆ ਅਤੇ 20 ਮਿੰਟ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ।

* 22 ਜੂਨ ਨੂੰ ਬਿਹਾਰ ਦੇ ਸ਼ਿਵਹਰ ਜ਼ਿਲੇ ਦੇ ਅੰਬਾ ਕਾਲਾ ਪਿੰਡ ’ਚ ਸਥਿਤ ਇਕ ਪ੍ਰਾਈਵੇਟ ਬੈਂਕ ਦੀ ਸ਼ਾਖਾ ਤੋਂ 5 ਹਥਿਆਰਬੰਦ ਲੁਟੇਰੇ 27 ਲੱਖ ਰੁਪਏ ਲੈ ਉੱਡੇ। ਲੁਟੇਰਿਆਂ ਨੇ ਬੈਂਕ ਦੇ ਗਾਰਡ ਵੱਲੋਂ ਵਿਰੋਧ ਕਰਨ ’ਤੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ।

ਥਾਣਿਆਂ ਅੰਦਰ ਦਾਖਲ ਹੋ ਕੇ ਅਤੇ ਡਿਊਟੀ ਨਿਭਾਅ ਰਹੇ ਪੁਲਸ ਮੁਲਾਜ਼ਮਾਂ ’ਤੇ ਹਮਲਿਆਂ ਅਤੇ ਬੈਂਕ ਲੁੱਟਣ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧੀ ਤੱਤਾਂ ਦੇ ਹੌਸਲੇ ਕਿਸ ਤਰ੍ਹਾਂ ਵਧਦੇ ਜਾ ਰਹੇ ਹਨ, ਜਿਨ੍ਹਾਂ ’ਤੇ ਨਕੇਲ ਕੱਸਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਤੇਜ਼ ਕਰਨ ਅਤੇ ਅਪਰਾਧੀਆਂ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
-ਵਿਜੇ ਕੁਮਾਰ


Manoj

Content Editor

Related News