ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਰਹੀਆਂ ਤਰ੍ਹਾਂ-ਤਰ੍ਹਾਂ ਦੇ ਲਾਲਚ

Wednesday, Oct 27, 2021 - 03:36 AM (IST)

ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਰਹੀਆਂ ਤਰ੍ਹਾਂ-ਤਰ੍ਹਾਂ ਦੇ ਲਾਲਚ

ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸਾਰੀਆਂ ਸਿਆਸੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਅਤੇ ਦਾਅਵਿਆਂ ਨਾਲ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰਨ ਲੱਗੀਆਂ ਹਨ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (ਭਾਜਪਾ) ਨੇ ਪੁਲਸ ’ਚ ਭਰਤੀ, ਲਗਭਗ 28 ਲੱਖ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਬੋਨਸ ਅਤੇ ਵਧਿਆ ਹੋਇਆ ਡੀ. ਏ. ਦੇਣ, ਮੁਫਤ ਰਾਸ਼ਨ ਯੋਜਨਾ ਅੱਗੇ ਵਧਾਉਣ ਅਤੇ ਇਸ ਸਾਲ ਸੂਬੇ ਦੇ ਇਕ ਕਰੋੜ ਨੌਜਵਾਨਾਂ ਨੂੰ ਮੁਫਤ ਟੈਬਲੇਟ ਅਤੇ ਸਮਾਰਟਫੋਨ ਦੇਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੂਬੇ ਦੇ ਆਪਣੇ ਦੌਰਿਆਂ ਦੇ ਦੌਰਾਨ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਸੂਬੇ ਦੇ 9 ਜ਼ਿਲਿਆਂ ’ਚ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨ ਦੇ ਇਲਾਵਾ ਵਾਰਾਣਸੀ ਦੇ ਵਿਕਾਸ ਲਈ 5189 ਕਰੋੜ ਰੁਪਏ ਦੇ 20 ਤੋਂ ਵੱਧ ਪ੍ਰਾਜੈਕਟਾਂ ਦਾ ਐਲਾਨ ਕਰ ਚੁੱਕੇ ਹਨ।

ਚੋਣ ਮੈਦਾਨ ’ਚ ਉਤਰੀ ਅਤੇ ਸੂਬੇ ’ਤੇ ਸ਼ਾਸਨ ਕਰ ਚੁੱਕੀ ਪਾਰਟੀ ‘ਸਪਾ’ ਨੇ ਕਿਸਾਨਾਂ ਦੇ ਲਈ ਵੱਖਰਾ ਫੰਡ ਬਣਾਉਣ, ਗਰੀਬਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ, ਸੜਕਾਂ ਅਤੇ ਹਸਪਤਾਲਾਂ ਆਦਿ ਦੇ ਨਿਰਮਾਣ ਦਾ ਵਾਅਦਾ ਕਰਨ ਦੇ ਇਲਾਵਾ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਛੋਟੀਆਂ ਪਾਰਟੀਆਂ ਦੇ ਨਾਲ ਗਠਜੋੜ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।

ਇਨ੍ਹਾਂ ਚੋਣਾਂ ਦੇ ਲਈ ਪਾਰਟੀ ਨੇ ‘ਨਈ ਹਵਾ ਹੈ, ਨਈ ਸਪਾ ਹੈ’ ਨਾਅਰਾ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਵਾਰ ਯੋਗੀ ਸਰਕਾਰ ਦੇ ਦਾਅਵਿਆਂ ਦੀ ਹਵਾ ਪੂਰੀ ਤਰ੍ਹਾਂ ਨਿਕਲ ਜਾਵੇਗੀ। ਕੁਝ ਕੁ ਛੋਟੀਆਂ ਪਾਰਟੀਆਂ ਨੂੰ ਆਪਣੇ ਖੇਮੇ ’ਚ ਸ਼ਾਮਲ ਕਰਨ ਦੇ ਇਲਾਵਾ ਅਖਿਲੇਸ਼ ਯਾਦਵ ਨੇ ਬਸਪਾ ਨੇਤਾਵਾਂ ਲਾਲ ਜੀ ਵਰਮਾ ਅਤੇ ਅਚਲ ਰਾਜਭਰ ਨੂੰ ਪਾਰਟੀ ’ਚ ਸ਼ਾਮਲ ਕਰ ਲਿਆ ਹੈ ਅਤੇ ਸਾਰੇ ਭਾਈਚਾਰਿਆਂ ਦੇ ਵੋਟਰਾਂ ਦੇ ਦਰਮਿਆਨ ਲੋਕ ਆਧਾਰ ਮਜ਼ਬੂਤ ਕਰਨ ਦੇ ਲਈ 17 ਨੇਤਾਵਾਂ ਦੀ ਟੀਮ ਬਣਾਈ ਹੈ।

ਅਤੀਤ ’ਚ ਸੂਬੇ ’ਚ ਸ਼ਾਸਨ ਕਰ ਚੁੱਕੀ ‘ਬਸਪਾ’ ਨੇ ਅਤੀਤ ਤੋਂ ਸਬਕ ਸਿੱਖਦੇ ਹੋਏ ਮੁੱਖ ਤੌਰ ’ਤੇ ਨੌਜਵਾਨਾਂ, ਔਰਤਾਂ, ਦਲਿਤਾਂ ਅਤੇ ਬ੍ਰਾਹਮਣਾਂ ਨੂੰ ਧਿਆਨ ’ਚ ਰੱਖ ਕੇ ਆਪਣੀ ਨਵੀਂ ਰਣਨੀਤੀ ਬਣਾਈ ਹੈ ਅਤੇ ਖੁਦ ਨੂੰ ‘ਸਰਵ ਧਰਮ ਸਮਭਾਵ’ ਵਾਲੀ ਪਾਰਟੀ ਦੇ ਰੂਪ ’ਚ ਪੇਸ਼ ਕਰਨ ਦੇ ਲਈ ਯਤਨਸ਼ੀਲ ਹੈ।

ਇਸ ’ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਜਿੱਥੇ ਮਾਇਆਵਤੀ ਦੇ ਹੁਕਮ ’ਤੇ ਸਤੀਸ਼ ਚੰਦਰ ਮਿਸ਼ਰਾ ਦਲਿਤ-ਬ੍ਰਾਹਮਣ ਗਠਜੋੜ ਮਜ਼ਬੂਤ ਕਰਨ ਦੇ ਲਈ ‘ਪ੍ਰਬੁੱਧ ਸੰਮੇਲਨ’ ਤੇ ਦੂਸਰੇ ਪਾਸੇ ਉਨ੍ਹਾਂ ਦੀ ਪਤਨੀ ਕਲਪਨਾ ਮਿਸ਼ਰਾ ‘ਪ੍ਰਬੁੱਧ ਮਹਿਲਾ ਵਿਚਾਰ ਗੋਸ਼ਠੀ’ ਅਤੇ ‘ਬਸਪਾ ਮਹਿਲਾ ਸੰਮੇਲਨ’ ਆਯੋਜਿਤ ਕਰ ਰਹੀਆਂ ਹਨ।

ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਸਤੀਸ਼ ਮਿਸ਼ਰਾ ਨੇ ਬੇਟੇ ਕਪਿਲ ਮਿਸ਼ਰਾ ‘ਬਸਪਾ ਯੁਵਾ ਸੰਵਾਦ’ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਪਿਛਲੀਆਂ ਮਾਇਆਵਤੀ ਸਰਕਾਰਾਂ ਦੀਆਂ ਪ੍ਰਾਪਤੀਆਂ ਦੱਸ ਰਹੇ ਹਨ। ਸੋਸ਼ਲ ਮੀਡੀਆ ਦੀ ਮਹੱਤਤਾ ਸਮਝਦੇ ਹੋਏ ਮਾਇਆਵਤੀ ਅਤੇ ਸਤੀਸ਼ ਮਿਸ਼ਰਾ ਟਵਿਟਰ ’ਤੇ ਵੀ ਸਰਗਰਮ ਹੋ ਗਏ ਹਨ।

ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਲੰਬੇ ਸਮੇਂ ਤੱਕ ਸੱਤਾਧਾਰੀ ਰਹੀ ਪਰ ਹੁਣ ਸੱਤਾ ਤੋਂ ਬਾਹਰ ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵੀ ਵੋਟਰਾਂ ਨੂੰ ਭਰਮਾਉਣ ਦੇ ਲਈ ਭਰਪੂਰ ਯਤਨ ਕਰ ਰਹੀ ਹੈ। ਉਸ ਨੇ ਸੂਬੇ ਦੀਆਂ ਚੋਣ ਯਾਤਰਾਵਾਂ ਦੇ ਦੌਰਾਨ 40 ਫੀਸਦੀ ਮਹਿਲਾ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਵਾਅਦੇ ਦੇ ਇਲਾਵਾ ਇੰਟਰ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਗ੍ਰੈਜੂਏਸ਼ਨ ਪਾਸ ਵਿਦਿਆਰਥਣਾਂ ਨੂੰ ਫ੍ਰੀ ਇਲੈਕਟ੍ਰਿਕ ਸਕੂਟੀ ਦੇਣ ਦਾ ਵਾਅਦਾ ਕੀਤਾ ਹੈ।

ਇਸ ਦੇ ਇਲਾਵਾ ‘ਹਮ ਵਚਨ ਨਿਭਾਏਂਗੇ’ ਦੀ ਟੈਗ ਲਾਈਨ ਦੇ ਨਾਲ ਸੂਬੇ ’ਚ ‘ਪ੍ਰਤਿੱਗਿਆ ਯਾਤਰਾਵਾਂ’ ਦੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਸੂਬੇ ’ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਜਨਤਾ ਨੂੰ ਕਿਸੇ ਵੀ ਬੀਮਾਰੀ ਦੇ ਲਈ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਮੁਫਤ ਦੇਣ ਦਾ ਐਲਾਨ ਕੀਤਾ ਹੈ।

ਆਮ ਆਦਮੀ ਪਾਰਟੀ’ (ਆਪ) ਦੇ ਸੂਬਾ ਪ੍ਰਧਾਨ ਸਭਾਜੀਤ ਸਿੰਘ ਨੇ ਚੋਣਾਂ ’ਚ ਜਿੱਤਣ ’ਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਵਾਅਦੇ ਦੇ ਨਾਲ ਹੀ ਜਨਤਾ ਨੂੰ 24 ਘੰਟੇ ਲਗਾਤਾਰ 300 ਯੂਨਿਟ ਫ੍ਰੀ ਬਿਜਲੀ ਦੇਣ, ਬਕਾਇਆ ਬਿਜਲੀ ਬਿੱਲ ਮੁਆਫ ਕਰਨ ਅਤੇ ਸੂਬਾ ਸਰਕਾਰ ਦੇ ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਨ ਦਾ ਵਾਅਦਾ ਕੀਤਾ ਹੈ।

ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 25 ਅਕਤੂਬਰ ਨੂੰ ਦੋ ਦਿਨ ਦੇ ਅਯੁੱਧਿਆ ਦੌਰੇ ਦੇ ਦੌਰਾਨ ਸਰਯੂ ਨਦੀ ’ਤੇ ਆਰਤੀ ਤੇ ਹਨੂਮਾਨਗੜ੍ਹੀ ’ਤੇ ਦਰਸ਼ਨ ਪੂਜਨ ਅਤੇ ਰਾਮ ਲੱਲਾ ਦੇ ਦਰਬਾਰ ’ਚ ਹਾਜ਼ਰੀ ਲਗਾਉਣ ਦੇ ਬਾਅਦ 2022 ’ਚ ਸੂਬੇ ’ਚ ‘ਆਪ’ ਦੀ ਸਰਕਾਰ ਬਣਨ ’ਤੇ ਸੂਬੇ ਦੇ ਲੋਕਾਂ ਨੂੰ ਫ੍ਰੀ ਅਯੁੱਧਿਆ ਯਾਤਰਾ ਕਰਵਾਉਣ ਦਾ ਵਾਅਦਾ ਕੀਤਾ ਹੈ।

ਕੁਲ ਮਿਲਾ ਕੇ ਉੱਤਰ ਪ੍ਰਦੇਸ਼ ’ਚ ਕੁਝ ਇਸ ਤਰ੍ਹਾਂ ਦੀ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ, ਜਿਸ ’ਚ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ੀ ਆਵੇਗੀ ਕਿਉਂਕਿ :

ਅਭੀ ਤੋ ਇਬਤਦਾਏ ਇਸ਼ਕ ਹੈ ਸੋਚਤਾ ਹੈ ਕਯਾ, ਆਗੇ-ਆਗੇ ਦੇਖੀਏ ਹੋਤਾ ਹੈ ਕਯਾ।

-ਵਿਜੇ ਕੁਮਾਰ


author

Bharat Thapa

Content Editor

Related News