ਪਤੀ ਵਿਰੁੱਧ ਪਤਨੀ ਅਤੇ ਮਾਂ ਵਿਰੁੱਧ ਬੇਟਾ ਅਤੇ ਇਕ ਨੇਤਰਹੀਣ ਵੀ ਮੈਦਾਨ ''ਚ

02/17/2017 4:37:53 AM

ਚੋਣਾਂ ਵਾਲੇ ਬਾਕੀ ਦੋ ਸੂਬਿਆਂ ਉੱਤਰ ਪ੍ਰਦੇਸ਼ (ਯੂ. ਪੀ.) ਅਤੇ ਮਣੀਪੁਰ ''ਚ ਚੋਣ ਪ੍ਰਕਿਰਿਆ ਜਾਰੀ ਹੈ, ਜੋ 8 ਮਾਰਚ ਨੂੰ ਸੰਪੰਨ ਹੋਵੇਗੀ ਅਤੇ 11 ਮਾਰਚ ਨੂੰ ਨਤੀਜੇ ਆਉਣਗੇ। ਅਸੀਂ ਤੁਹਾਨੂੰ ਚੋਣਾਂ ਦੀਆਂ ਦਿਲਚਸਪ ਗੱਲਾਂ ਦੱਸਦੇ ਆ ਰਹੇ ਹਾਂ ਤੇ ਕੁਝ ਨਵੀਆਂ ਗੱਲਾਂ ਹੇਠਾਂ ਦਰਜ ਹਨ :
* ਯੂ. ਪੀ. ਦੀਆਂ ਚੋਣਾਂ ''ਚ ਬਜ਼ੁਰਗ ਪੀੜ੍ਹੀ ਲਗਭਗ ਗਾਇਬ ਦਿਖਾਈ ਦੇ ਰਹੀ ਹੈ। ਨਾ ਸੋਨੀਆ ਗਾਂਧੀ ਚੋਣ ਪ੍ਰਚਾਰ ਕਰਨ ਆਈ ਤੇ ਨਾ ਹੀ ਸਪਾ ਆਗੂ ਮੁਲਾਇਮ ਸਿੰਘ ਯਾਦਵ ਸਰਗਰਮ ਹੋਏ। ਉਨ੍ਹਾਂ ਨੇ ਆਪਣੇ ਭਰਾ ਸ਼ਿਵਪਾਲ ਯਾਦਵ (ਇਟਾਵਾ) ਅਤੇ ਛੋਟੀ ਨੂੰਹ ਅਪਰਣਾ ਯਾਦਵ (ਲਖਨਊ) ਲਈ ਚੋਣ ਰੈਲੀਆਂ ਨੂੰ ਜ਼ਰੂਰ ਸੰਬੋਧਨ ਕੀਤਾ ਹੈ।
* ਕਿਸੇ ਸਮੇਂ ''ਸਪਾ'' ਦੇ ਸਟਾਰ ਪ੍ਰਚਾਰਕ ਰਹੇ ਅਮਰ ਸਿੰਘ, ਅਭਿਨੇਤਰੀ ਜਯਾ ਪ੍ਰਦਾ ਅਤੇ ''ਭਾਜਪਾ'' ਦੇ ਸ਼ਤਰੂਘਨ ਸਿਨ੍ਹਾ ਵੀ ਚੋਣ ਪ੍ਰਚਾਰ ''ਚੋਂ ਗਾਇਬ ਹਨ।
* ਮਥੁਰਾ ਦੇ ਲੋਕਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ''ਚ ਹੇਮਾ ਮਾਲਿਨੀ ਨੂੰ ਜਿਤਾਇਆ। ਇਸ ਦਾ ਖਮਿਆਜ਼ਾ ਮਥੁਰਾ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀਕਾਂਤ ਸ਼ਰਮਾ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਮਥੁਰਾ ਦੇ ਵੋਟਰਾਂ ਨੇ ਸ਼੍ਰੀਕਾਂਤ ਸ਼ਰਮਾ ''ਤੇ ਵੀ ''ਬਾਹਰਲਾ'' ਹੋਣ ਦਾ ਠੱਪਾ ਲਾ ਦਿੱਤਾ ਹੈ (ਕਿਉਂਕਿ ਉਹ ਪਾਰਟੀ ਦੇ ਕੰਮ ਲਈ ਦਿੱਲੀ ''ਚ ਰਹਿੰਦੇ ਹਨ)। ਲੋਕਾਂ ਦਾ ਕਹਿਣਾ ਹੈ ਕਿ ''''ਹੇਮਾ ਨੂੰ ਚੁਣਨਾ ਸਾਡੀ ਵੱਡੀ ਗਲਤੀ ਸੀ। ਇਸ ਵਾਰ ਕਿਸੇ ''ਦਿੱਲੀ ਵਾਲੇ'' ਨੂੰ ਵਿਧਾਇਕ ਚੁਣ ਕੇ ਅਸੀਂ ਉਹ ਗਲਤੀ ਨਹੀਂ ਦੁਹਰਾਵਾਂਗੇ।''''
* 9 ਮਹੀਨਿਆਂ ਦੀ ਗਰਭਵਤੀ ਅਰਚਨਾ ਬਿਸ਼ਨੋਈ ਦਾ 10 ਫਰਵਰੀ ਨੂੰ ਸਿਜ਼ੇਰੀਅਨ ਆਪ੍ਰੇਸ਼ਨ ਹੋਣਾ ਸੀ ਪਰ ਉਸ ਨੇ ਡਾਕਟਰਾਂ ਨੂੰ ਕਹਿ ਕੇ ਆਪ੍ਰੇਸ਼ਨ ਦੀ ਤਰੀਕ ਅੱਗੇ ਵਧਵਾ ਲਈ ਤਾਂਕਿ 11 ਫਰਵਰੀ ਨੂੰ ਵੋਟ ਪਾ ਕੇ ਇਕ ਮਿਸਾਲ ਪੇਸ਼ ਕਰ ਸਕੇ। 
* ਆਗਰਾ ਦੀ ਸ਼ਵੇਤਾ ਨੇ 10 ਫਰਵਰੀ ਨੂੰ ਆਪਣੇ ਵਿਆਹ ਤੋਂ ਬਾਅਦ 11 ਫਰਵਰੀ ਨੂੰ ਸਹੁਰੇ ਰਵਾਨਾ ਹੋਣ ਤੋਂ ਪਹਿਲਾਂ ਪੋਲਿੰਗ ਬੂਥ ''ਤੇ ਜਾ ਕੇ ਵੋਟ ਪਾਈ। ਇਸ ਮੌਕੇ ਸ਼ਵੇਤਾ ਨਾਲ ਪੋਲਿੰਗ ਬੂਥ ''ਤੇ ਜਾਣ ਵਾਲਿਆਂ ''ਚ ਉਸ ਦੀ ਸੱਸ ਵੀ ਸੀ। 
* ਮਥੁਰਾ ''ਚ ਹੀ ਇਕ 115 ਸਾਲਾ ਬਜ਼ੁਰਗ ਔਰਤ ਲਾਟੋ ਨੂੰ ਮੰਜੀ ''ਤੇ ਲਿਟਾ ਕੇ ਪੋਲਿੰਗ ਬੂਥ ਤਕ ਲਿਆਂਦਾ ਗਿਆ। ਉਹ ਸੂਬੇ ''ਚ ਸਭ ਤੋਂ ਬਜ਼ੁਰਗ ਵੋਟਰ ਹਨ। ਬਾਅਦ ''ਚ ਉਨ੍ਹਾਂ ਨੇ ਕਿਹਾ, ''''ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਦਿਨ ਦੇਖਣ ਲਈ ਮੈਂ ਜ਼ਿੰਦਾ ਰਹਾਂਗੀ।''''
* ਇਸੇ ਦਿਨ ਮੇਰਠ ''ਚ ''ਪਾਲਸੀ'' (ਦਿਮਾਗੀ ਅਧਰੰਗ) ਦੇ ਗੰਭੀਰ ਰੋਗ ਤੋਂ ਪੀੜਤ ਦੋ ਜੌੜੇ ਭਰਾ ਪਿਊਸ਼ ਗੋਇਲ ਤੇ ਆਯੁਸ਼ ਗੋਇਲ ਪਹਿਲੀ ਵਾਰ ਵੋਟ ਪਾਉਣ ਲਈ ਪੋਲਿੰਗ ਬੂਥ ''ਤੇ ਪਹੁੰਚੇ। ਇਕ ਭਰਾ ਨੇ ਤਾਂ ਕਿਸੇ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਈ ਪਰ ਦੂਜੇ ਭਰਾ ਦੀ ਪਸੰਦ ਦਾ ਕੋਈ ਉਮੀਦਵਾਰ ਨਾ ਹੋਣ ਕਾਰਨ ਉਸ ਨੇ ''ਨੋਟਾ'' ਦਾ ਬਦਲ ਚੁਣਿਆ।
* ਸਹਾਰਨਪੁਰ ਤੋਂ ਆਜ਼ਾਦ ਉਮੀਦਵਾਰ 62 ਸਾਲਾ ਸ਼ਿਵ ਕੁਮਾਰ ਗੁਪਤਾ ਨੇਤਰਹੀਣ ਹਨ ਤੇ ਰੇਲਗੱਡੀਆਂ ''ਚ ਚੂਰਨ ਵੇਚਦੇ ਹਨ। ਸੋਮਿਆਂ ਦੀ ਘਾਟ ਕਾਰਨ ਉਨ੍ਹਾਂ ਨੇ ਰਿਕਸ਼ੇ ''ਤੇ ਹੀ ਆਪਣਾ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਆਪਣੀ ਜਾਇਦਾਦ ਸਿਰਫ 5000 ਰੁਪਏ ਦੱਸੀ ਹੈ। 
* ਦੇਵਬੰਦ ਤੋਂ ''ਸਪਾ'' ਦੇ ਉਮੀਦਵਾਰ ''ਮਾਵੀਆ ਅਲੀ'' ਵਿਰੁੱਧ ਆਜ਼ਾਦ ਚੋਣ ਲੜ ਰਹੀ ਉਨ੍ਹਾਂ ਦੀ ਪਤਨੀ ''ਜ਼ਹੀਰ ਫਾਤਮਾ'' ਨੇ ਹੀ ਤਾਲ ਠੋਕ ਦਿੱਤੀ ਹੈ। ਇਸ ਤੋਂ ਪਹਿਲਾਂ 2016 ਦੀ ਉਪ ਚੋਣ ''ਚ ਵੀ ਉਸ ਨੇ ਆਪਣੇ ਪਤੀ ਵਿਰੁੱਧ ਚੋਣ ਲੜੀ ਸੀ ਤੇ ਉਸ ਨੂੰ ਆਪਣੇ ਪਤੀ ਦੀਆਂ 51 ਹਜ਼ਾਰ ਵੋਟਾਂ ਦੇ ਮੁਕਾਬਲੇ ਸਿਰਫ 455 ਵੋਟਾਂ ਮਿਲੀਆਂ ਸਨ।
* ਇਲਾਹਾਬਾਦ ਜ਼ਿਲੇ ''ਚ ਹਾਂਡੀਆ ਵਿਧਾਨ ਸਭਾ ਸੀਟ ''ਤੇ ਮਾਂ-ਪੁੱਤ ਦੀ ਜੋੜੀ ਇਕ ਦੂਜੇ ਦੇ ਵਿਰੁੱਧ ਚੋਣ ਲੜ ਰਹੀ ਹੈ। ਸਾਬਕਾ ਮੰਤਰੀ ਰਾਕੇਸ਼ਧਰ ਤ੍ਰਿਪਾਠੀ ਦੀ ਪਤਨੀ ਪ੍ਰੋਮਿਲਾ ਦੇਵੀ ਦੇ ਮੁਕਾਬਲੇ ਉਨ੍ਹਾਂ ਦਾ ਬੇਟਾ ਪ੍ਰਭਾਤ ਖੜ੍ਹਾ ਹੈ।
* ਇਲਾਹਾਬਾਦ ਪੱਛਮੀ ਸੀਟ ''ਤੇ ਮੁੱਖ ਮੁਕਾਬਲਾ ਦੋ ਔਰਤਾਂ ਦਰਮਿਆਨ ਹੈ। ਪੂਜਾ ਪਾਲ (ਬਸਪਾ) ਨੇ 2005 ''ਚ ਆਪਣੇ ਪਤੀ ਰਾਜੂ ਪਾਲ ਦੀ ਹੱਤਿਆ ਤੋਂ ਬਾਅਦ ਸਿਆਸਤ ''ਚ ਕਦਮ ਰੱਖਿਆ। ਉਸ ਨੂੰ ਟੱਕਰ ਦੇ ਰਹੀ ਹੈ ਰਿਚਾ ਸਿੰਘ (ਸਪਾ), ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਚੁਣੀ ਜਾਣ ਵਾਲੀ ਇਲਾਹਾਬਾਦ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਹੈ। 
* ਇਨ੍ਹਾਂ ਚੋਣਾਂ ''ਚ ਕਿਸਮਤ ਅਜ਼ਮਾ ਰਹੀਆਂ ਕੁਝ ਛੋਟੀਆਂ ਪਾਰਟੀਆਂ ਦੇ ਨਾਂ ਕਾਫੀ ਦਿਲਚਸਪ ਹਨ, ਜਿਨ੍ਹਾਂ ''ਚ ''ਮਹਿਲਾ ਸਸ਼ਕਤੀਕਰਨ ਪਾਰਟੀ'', ''ਬ੍ਰਜ ਕ੍ਰਾਂਤੀ ਦਲ'', ''ਭਾਰਤੀ ਵੰਚਿਤ ਸਮਾਜ ਪਾਰਟੀ'', ''ਕਿਸਾਨ ਮਜ਼ਦੂਰ ਸੁਰੱਖਿਆ ਪਾਰਟੀ'', ''ਭਾਰਤੀ ਭਾਈਚਾਰਾ ਪਾਰਟੀ'', ''ਪੀਸ ਪਾਰਟੀ'', ''ਨਿਸ਼ਾਦ ਪਾਰਟੀ'', ''ਮਹਾਨ ਦਲ'' ਆਦਿ ਸ਼ਾਮਿਲ ਹਨ।
* ਯੂ. ਪੀ. ''ਚ ਵੱਡੀ ਗਿਣਤੀ ''ਚ ਆਜ਼ਾਦ ਉਮੀਦਵਾਰ ਖੜ੍ਹੇ ਹਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਟੀ. ਵੀ., ਏਅਰਕੰਡੀਸ਼ਨਰ, ਰੂਮ ਕੂਲਰ, ਵੈਕਿਊਮ ਕਲੀਨਰ, ਰੋਡ ਰੋਲਰ, ਨਾਰੀਅਲ, ਹਰਮੋਨੀਅਮ, ਗੈਸ ਸਿਲੰਡਰ ਆਦਿ ਦਿਲਚਸਪ ਚੋਣ ਨਿਸ਼ਾਨ ਦਿੱਤੇ ਹਨ।
ਯੂ. ਪੀ. ਦੇ ਪਹਿਲੇ ਦੋ ਗੇੜਾਂ ਦੀਆਂ ਚੋਣਾਂ ਸੰਪੰਨ ਹੋਣ ਤਕ ਕੁਝ ਅਜਿਹੇ ਰੰਗ ਦੇਖਣ ਨੂੰ ਮਿਲੇ ਹਨ। ਆਉਣ ਵਾਲੇ ਦਿਨਾਂ ''ਚ ਚੋਣਾਂ ਵਾਲੇ ਸੂਬਿਆਂ ਦਾ ਹਾਲ ਅਸੀਂ ਤੁਹਾਨੂੰ ਅਗਲੇ ਲੇਖਾਂ ''ਚ ਵੀ ਦੱਸਾਂਗੇ।                                          
—ਵਿਜੇ ਕੁਮਾਰ


Vijay Kumar Chopra

Chief Editor

Related News