...ਅਤੇ ਹੁਣ ‘ਆਪ’ ਨੇ ਖੇਡਿਆ ਗੁਜਰਾਤ ’ਚ ‘ਫ੍ਰੀ’ ਦਾ ਦਾਅ
Saturday, Oct 15, 2022 - 03:46 AM (IST)
ਚੋਣ ਪ੍ਰਚਾਰ ਦੇ ਦੌਰਾਨ ਕੋਈ ਪਾਰਟੀ ਸੂਬੇ ’ਚ ਮੁਫਤ ਪਾਣੀ ਦੇਣ ਦਾ ਐਲਾਨ ਕਰਦੀ ਹੈ ਤਾਂ ਕਿਤੇ ਸਸਤਾ ਅਨਾਜ, ਮੁਫਤ ਬਿਜਲੀ, ਖੇਤੀ ਕਰਜ਼ਾ ਮੁਆਫੀ, ਲੈਪਟਾਪ ਅਤੇ ਸਾਈਕਲਾਂ ਆਦਿ ਦੇਣ ਦੇ ਐਲਾਨ ਕੀਤੇ ਜਾਂਦੇ ਹਨ। ‘ਆਮ ਆਦਮੀ ਪਾਰਟੀ’ (ਆਪ) ਨੇ ਪੰਜਾਬ ’ਚ ਔਰਤਾਂ ਨੂੰ ਚੋਣਾਂ ਤੋਂ ਪਹਿਲਾਂ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਇਲਾਵਾ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ’ਚ ਵੀ ‘ਆਪ’ ਸਰਕਾਰ ਲੋਕਾਂ ਨੂੰ ਮੁਫਤ ਪਾਣੀ ਦੇ ਇਲਾਵਾ ਸੀਨੀਅਰ ਨਾਗਰਿਕਾਂ ਨੂੰ ਧਾਰਮਿਕ ਯਾਤਰਾ ਕਰਵਾ ਰਹੀ ਹੈ।
ਦਿੱਲੀ ਦੇ ਬਾਅਦ ਪੰਜਾਬ ’ਚ ਆਪਣੀ ਸਰਕਾਰ ਬਣਨ ਤੋਂ ਉਤਸ਼ਾਹਿਤ ‘ਆਮ ਆਦਮੀ ਪਾਰਟੀ’ ਹੁਣ ਗੁਜਰਾਤ ਦੀ ਸੱਤਾ ’ਤੇ ਕਾਬਜ਼ ਹੋਣ ਦੇ ਲਈ ਯਤਨਸ਼ੀਲ ਹੈ ਅਤੇ ਉਸ ਨੇ ਗੁਜਰਾਤ ’ਚ ਵੀ ‘ਫ੍ਰੀ’ ਦਾ ਦਾਅ ਖੇਡ ਦਿੱਤਾ ਹੈ। ਇਸੇ ਲੜੀ ’ਚ ਪਹਿਲਾਂ ਉਨ੍ਹਾਂ ਨੇ 2 ਅਕਤੂਬਰ ਨੂੰ ਰਾਜਕੋਟ ’ਚ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਗੁਜਰਾਤ ਦੀ ਸੱਤਾ ’ਚ ਆਉਣ ’ਤੇ ਹਰੇਕ ਗਾਂ ਦੇ ਲਈ ਪਾਲਣਹਾਰ ਨੂੰ ਰੋਜ਼ਾਨਾ 40 ਰੁਪਏ ਦਿੱਤੇ ਜਾਣਗੇ ਅਤੇ ਗੈਰ-ਦੁਧਾਰੂ ਪਸ਼ੂਆਂ ਲਈ ਹਰੇਕ ਜ਼ਿਲ੍ਹੇ ’ਚ ਇਕ ਗਊਸ਼ਾਲਾ ਬਣਾਈ ਜਾਵੇਗੀ।
ਅਤੇ ਹੁਣ 12 ਅਕਤੂਬਰ ਨੂੰ ‘ਫ੍ਰੀ’ ਦਾ ਘੇਰਾ ਵਧਾਉਂਦੇ ਹੋਏ ਸੱਤਾ ’ਚ ਆਉਣ ’ਤੇ ਸੀਨੀਅਰ ਨਾਗਰਿਕਾਂ ਨੂੰ ਅਯੁੱਧਿਆ ਸਮੇਤ ਕਈ ਤੀਰਥ ਅਸਥਾਨਾਂ ’ਤੇ ਏ. ਸੀ. ਟ੍ਰੇਨ ’ਚ ਮੁਫਤ ਯਾਤਰਾ ਕਰਵਾਉਣ ਦੇ ਇਲਾਵਾ ਦਿੱਲੀ ਵਾਂਗ 24 ਘੰਟੇ ਫ੍ਰੀ ਬਿਜਲੀ ਅਤੇ ਬਿਹਤਰ ਸਕੂਲ ਤੇ ਹਸਪਤਾਲ ਦਾ ਵਾਅਦਾ ਵੀ ਕਰ ਦਿੱਤਾ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਵਿਰੋਧੀ ਕਾਂਗਰਸ ‘ਆਪ’ ਦੀਆਂ ਵੋਟਾਂ ਨੂੰ ਕੱਟਣ ਲਈ ‘ਇਕਜੁੱਟ’ ਹਨ। ਯਕੀਨੀ ਤੌਰ ’ਤੇ ‘ਆਪ’ ਦੇ ਇਹ ਐਲਾਨ ਗੁਜਰਾਤ ’ਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਕਰਨ ਅਤੇ ਹਿੰਦੂ ਵੋਟਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਹਨ। ਉਕਤ ਐਲਾਨਾਂ ਦਾ ‘ਆਪ’ ਨੂੰ ਕਿੰਨਾ ਲਾਭ ਮਿਲਦਾ ਹੈ ਇਹ ਤਾਂ ਆਉਣ ਵਾਲੀਆਂ ਚੋਣਾਂ ’ਚ ਹੀ ਪਤਾ ਲੱਗੇਗਾ।
-ਵਿਜੇ ਕੁਮਾਰ